
ਅਦਾਲਤ ਦੇ ਬਾਹਰ ਪੀੜਤ ਪ੍ਰਵਾਰਾਂ ਵਲੋਂ ਕੀਤੀ ਗਈ ਨਾਅਰੇਬਾਜ਼ੀ
ਨਵੀਂ ਦਿੱਲੀ : 1984 ਸਿੱਖ ਨਸਲਕੁਸ਼ੀ ਮਾਮਲੇ ਵਿਚ ਕਾਂਗਰਸ ਆਗੂ ਜਗਦੀਸ਼ ਟਾਈਟਲਰ ਵਿਰੁਧ ਦਾਇਰ ਚਾਰਜਸ਼ੀਟ ’ਤੇ ਕਾਰਵਾਈ ਨੂੰ ਲੈ ਕੇ ਸੁਣਵਾਈ ਟਾਲ ਦਿਤੀ ਗਈ ਹੈ। ਰਾਊਜ਼ ਐਵੇਨਿਊ ਅਦਾਲਤ ਵਿਚ ਅਗਲੀ ਸੁਣਵਾਈ 26 ਜੁਲਾਈ ਨੂੰ ਹੋਵੇਗੀ। ਕੇਸ ਦੀ ਸੁਣਵਾਈ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਪੀੜਤ ਪ੍ਰਵਾਰ ਅਦਾਲਤ ਪਹੁੰਚੇ। ਇਸ ਦੌਰਾਨ ਪੀੜਤ ਪ੍ਰਵਾਰਾਂ ਨੇ ਇਨਸਾਫ਼ ਦੀ ਮੰਗ ਕਰਦਿਆਂ ਅਦਾਲਤ ਦੇ ਬਾਹਰ ਜਗਦੀਸ਼ ਟਾਈਟਲਰ ਵਿਰੁਧ ਨਾਅਰੇਬਾਜ਼ੀ ਵੀ ਕੀਤੀ। ਪੀੜਤਾਂ ਨੇ ਕਿਹਾ ਕਿ ਜਗਦੀਸ਼ ਟਾਈਟਲਰ ਅਤੇ ਹੋਰ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਕ੍ਰਿਕਟ ਵਿਸ਼ਵ ਕੱਪ 2023 : ICC ਵਿਸ਼ਵ ਕੱਪ 2023 ਦੇ ਬ੍ਰਾਂਡ ਅੰਬੈਸਡਰ ਨਿਯੁਕਤ ਹੋਏ ਕਿੰਗਖਾਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਸਿਆ ਕਿ ਅਦਾਲਤ ਵਿਚ ਸੀ.ਬੀ.ਆਈ. ਨੇ 26 ਜੁਲਾਈ ਤਕ ਦਾ ਸਮਾਂ ਮੰਗਿਆ, ਜਿਸ ਦੇ ਚਲਦਿਆਂ ਸੁਣਵਾਈ ਮੁਲਤਵੀ ਕਰ ਦਿਤੀ ਗਈ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਸੀ.ਬੀ.ਆਈ. ਵਲੋਂ ਅਣਗਹਿਲੀ ਵਰਤੀ ਗਈ ਪਰ ਉਨ੍ਹਾਂ ਵਲੋਂ ਯਕੀਨੀ ਬਣਾਇਆ ਜਾਵੇਗਾ ਕਿ ਜਲਦ ਤੋਂ ਜਲਦ ਪੀੜਤਾਂ ਨੂੰ ਇਨਸਾਫ਼ ਮਿਲ ਸਕੇ। ਉਧਰ ਭਾਜਪਾ ਆਗੂ ਆਰ.ਪੀ. ਸਿੰਘ ਨੇ ਕਿਹਾ ਕਿ ਸੀ.ਬੀ.ਆਈ. ਦੇ ਰਵੱਈਏ ਤੋਂ ਨਿਰਾਸ਼ ਹਨ ਕਿਉਂਕਿ ਉਹ ਤਿਆਰੀ ਕਰ ਕੇ ਅਦਾਲਤ ਨਹੀਂ ਆਏ। ਧਾਰਾ 144 ਅਤੇ 188 ਨੂੰ ਲੈ ਕੇ ਵਿਵਾਦ ਹੈ ਪਰ ਸੀ.ਬੀ.ਆਈ. ਨੇ ਸਹੀ ਤਰਕ ਪੇਸ਼ ਨਹੀਂ ਕੀਤੇ। ਇਸ ਸਬੰਧੀ ਉਹ ਸਬੰਧਤ ਮੰਤਰੀ ਨਾਲ ਮੁਲਾਕਾਤ ਕਰਨਗੇ।
ਇਹ ਵੀ ਪੜ੍ਹੋ: ਮਣੀਪੁਰ ਹਿੰਸਾ, ਦਿੱਲੀ ਸਰਵਿਸ ਆਰਡੀਨੈਂਸ 'ਤੇ ਰਾਜ ਸਭਾ 'ਚ ਹੰਗਾਮਾ, ਕਾਰਵਾਈ ਸੋਮਵਾਰ ਤੱਕ ਮੁਲਤਵੀ
ਜਦੋਂ ਤਕ ਜਿਉਂਦੇ ਹਾਂ, ਇਹ ਲੜਾਈ ਲੜਦੇ ਰਹਾਂਗੇ: ਪੀੜਤ ਪ੍ਰਵਾਰ
1984 ਸਿੱਖ ਨਸਲਕੁਸ਼ੀ ਦੀਆਂ ਪੀੜਤ ਔਰਤਾਂ ਨੇ ਕਿਹਾ ਕਿ ਅਸੀਂ ਹਰ ਵਾਰ ਇਨਸਾਫ਼ ਦੀ ਉਮੀਦ ਨਾਲ ਆਉਂਦੇ ਹਾਂ ਪਰ 39 ਸਾਲ ਬੀਤ ਜਾਣ ਦੇ ਬਾਵਜੂਦ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਨਸਾਫ਼ ਦੀ ਉਡੀਕ ਵਿਚ ਕਈ ਲੋਕ ਦੁਨੀਆਂ ਤੋਂ ਰੁਖ਼ਸਤ ਵੀ ਹੋ ਗਏ ਪਰ ਹੁਣ ਤਕ ਉਨ੍ਹਾਂ ਦੀ ਮੰਗ ਅਧੂਰੀ ਹੈ। ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ’ਤੇ ਯਕੀਨ ਨਹੀਂ ਹੈ ਪਰ ਅਪਣੇ ਗੁਰੂ ’ਤੇ ਪੂਰਾ ਭਰੋਸਾ ਹੈ। ਪੀੜਤਾਂ ਨੇ ਕਿਹਾ, “ਜਿਵੇਂ ਸੱਜਣ ਕੁਮਾਰ ਨੂੰ ਅੰਦਰ ਕਰਵਾਇਆ, ਉਸੇ ਤਰ੍ਹਾਂ ਟਾਈਟਲਰ ਨੂੰ ਵੀ ਜੇਲ ਭੇਜ ਕੇ ਹਟਾਂਗੇ। ਜਦੋਂ ਤਕ ਜਿਉਂਦੇ ਹਾਂ, ਇਹ ਲੜਾਈ ਲੜਦੇ ਰਹਾਂਗੇ”।
ਇਹ ਵੀ ਪੜ੍ਹੋ: ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਦਾ ਨਵਾਂ ਆਦੇਸ਼ ਆਇਆ ਸਾਹਮਣੇ
ਜ਼ਿਕਰਯੋਗ ਹੈ ਕਿ ਇਹ ਮਾਮਲਾ ਪੁਲ ਬੰਗਸ਼ ਇਲਾਕੇ ਵਿਚ 3 ਲੋਕਾਂ ਦੀ ਹਤਿਆ ਨਾਲ ਸਬੰਧਤ ਹੈ। ਸੀ.ਬੀ.ਆਈ. ਨੇ 20 ਮਈ ਨੂੰ ਇਸ ਮਾਮਲੇ ਵਿਚ ਰਾਊਜ਼ ਐਵੇਨਿਊ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਗਈ। ਇਸ ਵਿਚ ਜਗਦੀਸ਼ ਟਾਈਟਲਰ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਟਾਈਟਲਰ ’ਤੇ ਕਤਲ, ਭੀੜ ਨੂੰ ਉਕਸਾਉਣ ਅਤੇ ਦੰਗੇ ਭੜਕਾਉਣ ਦੇ ਇਲਜ਼ਾਮ ਲਗਾਏ ਗਏ ਹਨ।