
ਕੋਰੋਨਾ ਰੋਕਣ ਲਈ ਹਫ਼ਤਾਵਾਰੀ ਲੌਕਡਾਊਨ ਅਤੇ ਰਾਤ ਦਾ ਕਰਫ਼ਿਊ ਤਰਕਹੀਣ ਗੱਲਾਂ-ਜਰਨੈਲ ਸਿੰਘ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅਮਰਿੰਦਰ ਸਿੰਘ ਸਰਕਾਰ ਵੱਲੋਂ ਕੋਰੋਨਾ ਰੋਕਣ ਦੇ ਨਾਂ 'ਤੇ ਸੂਬੇ 'ਚ ਹਫ਼ਤਾਵਾਰੀ ਲੌਕਡਾਊਨ ਅਤੇ ਰਾਤ ਦੇ ਕਰਫ਼ਿਊ ਨੂੰ ਪੂਰੀ ਤਰਾਂ ਤਰਕਹੀਣ ਦੱਸਦੇ ਹੋਏ ਦੋਸ਼ ਲਗਾਇਆ ਕਿ ਅਸਲ 'ਚ ਰਾਤ ਦਾ ਕਰਫ਼ਿਊ ਰੇਤ ਮਾਫ਼ੀਆ, ਨਸ਼ਾ ਅਤੇ ਸ਼ਰਾਬ ਤਸਕਰਾਂ ਨੂੰ ਖੁੱਲ੍ਹਾ-ਖੇਡਣ ਲਈ ਥੋਪਿਆ ਗਿਆ ਹੈ।
Aam Aadmi Party
ਸ਼ੁੱਕਰਵਾਰ ਨੂੰ ਮੀਡੀਆ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਵਿਰੋਧੀ ਧਿਰ 'ਚ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਦਿਨ-ਬ-ਦਿਨ ਵਧ ਰਹੀ ਕੋਰੋਨਾ ਮਹਾਂਮਾਰੀ ਨੂੰ ਰੋਕਣ ਦੇ ਨਾਂ 'ਤੇ ਪੰਜਾਬ ਸਰਕਾਰ ਵੱਲੋਂ ਉਠਾਏ ਜਾ ਰਹੇ ਕਦਮ ਹੈਰਾਨ ਅਤੇ ਨਿਰਾਸ਼ ਕਰਨ ਵਾਲੇ ਹਨ, ਕਿਉਂਕਿ ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਹਫ਼ਤਾਵਾਰੀ ਲੌਕਡਾਊਨ ਅਤੇ ਹਰ ਰੋਜ਼ ਸ਼ਾਮੀ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰਾਤ ਦਾ ਕਰਫ਼ਿਊ ਲਗਾਉਣ ਦਾ ਮਾਪਦੰਡ ਕਿਸੇ ਵੀ ਤਰਕ ਅਤੇ ਮਾਪਦੰਡ 'ਤੇ ਖਰਾ ਨਹੀਂ ਉੱਤਰਦਾ। ਅਜਿਹੇ ਹਾਸੋਹੀਣ ਕਦਮ ਨਾ ਕੇਵਲ ਸਰਕਾਰ ਦੀ ਸਮਝ ਬਲਕਿ ਨੀਅਤ 'ਤੇ ਗੰਭੀਰ ਸਵਾਲ ਉਠਾਉਂਦੇ ਹਨ।
Punjab Govt
ਹਰਪਾਲ ਸਿੰਘ ਚੀਮਾ ਨੇ ਸਿੱਧਾ ਦੋਸ਼ ਲਗਾਇਆ ਕਿ ਰਾਤ ਦਾ ਕਰਫ਼ਿਊ ਮੁੱਖ ਮੰਤਰੀ ਅਤੇ ਉਸ ਦੇ ਚਹੇਤੇ ਸੱਤਾਧਾਰੀਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਰੇਤ ਮਾਫ਼ੀਆ ਨਸ਼ਾ ਅਤੇ ਸ਼ਰਾਬ ਤਸਕਰੀ ਨੂੰ ਰਾਤ ਦੇ ਹਨੇਰੇ ਅਤੇ ਸੁੰਨਸਾਨ ਸੜਕਾਂ 'ਤੇ ਖੁੱਲ੍ਹੀ-ਖੇਡ ਖਿਡਾਉਣ ਲਈ ਪੰਜਾਬ ਦੇ ਲੋਕਾਂ 'ਤੇ ਥੋਪਿਆ ਗਿਆ ਹੈ।
Harpal Singh Cheema
ਜਰਨੈਲ ਸਿੰਘ ਨੇ ਦਿੱਲੀ ਸਰਕਾਰ ਵੱਲੋਂ ਕੋਰੋਨਾ ਦਾ ਪ੍ਰਕੋਪ ਰੋਕਣ ਲਈ ਉਠਾਏ ਕਦਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਰਫ਼ਿਊ ਲੌਕਡਾਊਨ ਦਾ ਵਿਗਿਆਨਿਕ ਤੌਰ 'ਤੇ ਉਦੋਂ ਹੀ ਲਾਭ ਮਿਲ ਸਕਦਾ ਹੈ, ਜੇਕਰ ਇਹ ਘੱਟੋ-ਘੱਟ 14 ਦਿਨ ਪੂਰੀ ਤਰਾਂ ਲਾਗੂ ਕੀਤਾ ਜਾਵੇ ਅਤੇ ਸਰਕਾਰਾਂ ਲੋੜੀਂਦੇ ਪ੍ਰਬੰਧ ਕਰ ਸਕਣ, ਪਰ ਅਮਰਿੰਦਰ ਸਿੰਘ ਸਰਕਾਰ ਦੇਸ਼ 'ਚ ਸਭ ਤੋਂ ਪਹਿਲਾਂ ਕਰਫ਼ਿਊ ਲਗਾ ਕੇ ਆਪਣੀ ਪਿੱਠ ਤਾਂ ਥਪਥਪਾਉਂਦੀ ਰਹੀ ਪਰ 3 ਮਹੀਨਿਆਂ ਦੀ ਮੁਕੰਮਲ ਲੌਕਡਾਊਨ ਕਰਫ਼ਿਊ ਦੌਰਾਨ ਪੰਜਾਬ ਸਰਕਾਰ ਨੇ ਸਰਕਾਰੀ ਹਸਪਤਾਲਾਂ ਡਿਸਪੈਂਸਰੀਆਂ ਅਤੇ ਵਿਸ਼ੇਸ਼ ਕੋਰੋਨਾ ਕੇਅਰ ਸੈਂਟਰਾਂ, ਆਈਸੀਯੂ, ਬੈਂਡਾਂ ਅਤੇ ਵੈਂਟੀਲੇਟਰ ਸਮੇਤ ਕੋਈ ਵੀ ਢਾਂਚਾਗਤ ਤਿਆਰੀ ਨਹੀਂ ਕੀਤੀ। ਜਿਸ ਕਾਰਨ ਹੁਣ ਪੰਜਾਬ 'ਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ।
Capt Amrinder Singh
ਜਰਨੈਲ ਸਿੰਘ ਅਨੁਸਾਰ ਸੰਘਣੀ ਆਬਾਦੀ ਅਤੇ ਦੇਸ਼ ਦੀ ਰਾਜਧਾਨੀ ਅਤੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਕਾਰਨ ਦਿੱਲੀ 'ਚ ਕੋਰੋਨਾ ਦਾ ਹਮਲਾ ਪੰਜਾਬ ਨਾਲੋਂ ਕਿਤੇ ਵੱਧ ਪ੍ਰਚੰਡ ਸੀ, ਪਰ ਦਿੱਲੀ ਸਰਕਾਰ ਨੇ ਬੇਹੱਦ ਗੰਭੀਰਤਾ ਅਤੇ ਕੋਰੋਨਾ ਰੋਕਣ ਲਈ ਹਰ ਬਿਹਤਰੀਨ ਮਾਡਲ ਅਪਣਾਏ ਅਤੇ ਸਭ ਦਾ ਸਹਿਯੋਗ ਲੈ ਕੇ ਕੋਰੋਨਾ 'ਤੇ ਸਫਲਤਾ ਪੂਰਵਕ ਕਾਬੂ ਪਾ ਲਿਆ। ਅੱਜ ਦਿੱਲੀ 'ਚ ਕੋਰੋਨਾ ਪੌਜੇਟਿਵ ਐਕਟਿਵ ਕੇਸਾਂ ਦੀ ਗਿਣਤੀ 11,271 ਅਤੇ ਪੰਜਾਬ 'ਚ 13,830 ਹੈ।
COVID-19
ਦਿੱਲੀ 'ਚ ਘੱਟ ਆਬਾਦੀ ਹੋਣ ਦੇ ਬਾਵਜੂਦ ਪੌਣੇ 14 ਲੱਖ ਟੈੱਸਟ ਹੋ ਚੁੱਕੇ ਹਨ, ਜਦਕਿ ਪੰਜਾਬ 'ਚ 8 ਲੱਖ 40 ਹਜ਼ਾਰ ਟੈੱਸਟ ਹੀ ਹੋਏ ਹਨ। ਦਿੱਲੀ 'ਚ ਸਰਕਾਰੀ ਹਸਪਤਾਲਾਂ ਅਤੇ ਕੋਰੋਨਾ ਕੇਅਰ ਸੈਂਟਰਾਂ 'ਚ ਬਿਹਤਰੀਨ ਸਹੂਲਤਾਂ ਕਾਰਨ ਰਿਕਵਰੀ ਰੇਟ (ਠੀਕ ਹੋਣ ਦੀ ਦਰ) 90.1 ਪ੍ਰਤੀਸ਼ਤ ਹੈ ਅਤੇ ਪੰਜਾਬ 'ਚ 60.9 ਪ੍ਰਤੀਸ਼ਤ ਹੀ ਹੈ। 'ਆਪ' ਆਗੂਆਂ ਨੇ ਅਮਰਿੰਦਰ ਸਿੰਘ ਸਰਕਾਰ ਨੂੰ 'ਫਾਰਮ ਹਾਊਸ' 'ਚ ਬਾਹਰ ਨਿਕਲ ਕੇ ਦਿੱਲੀ ਮਾਡਲ ਅਪਣਾਉਣ 'ਤੇ ਜ਼ੋਰ ਦਿੱਤਾ।