
Faridkot News: ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਤਿੰਨ ਹਿੱਸਿਆਂ 'ਚ ਵੰਡੀ ਜਾਇਦਾਦ, ਹਰ ਇਕ ਨੂੰ ਮਿਲੇਗਾ 33 ਫ਼ੀ ਸਦੀ ਹਿੱਸਾ
Property of the last king of Faridkot state: ਫ਼ਰੀਦਕੋਟ ਰਿਆਸਤ ਦੇ ਆਖ਼ਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ ਲਗਭਗ 40 ਹਜ਼ਾਰ ਕਰੋੜ ਰੁਪਏ ਦੀ ਸ਼ਾਹੀ ਜਾਇਦਾਦ ਦੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਬਰਾਬਰ ਵੰਡ ਕਰ ਦਿਤੀ ਹੈ। ਰਾਜਾ ਦੀ ਜਾਇਦਾਦ ਤਿੰਨ ਹਿੱਸਿਆਂ ’ਚ ਬਰਾਬਰ ਵੰਡੀ ਜਾਵੇਗੀ। ਇਨ੍ਹਾਂ ਤਿੰਨ ਹਿੱਸਿਆਂ ’ਚੋਂ ਹਰ ਇਕ ਨੂੰ 33.33 ਫ਼ੀ ਸਦੀ ਮਿਲੇਗਾ। ਇਨ੍ਹਾਂ ਵਿਚੋਂ ਦੋ ਹਿੱਸੇ ਰਾਜਾ ਦੀਆਂ ਦੋ ਬੇਟੀਆਂ, ਰਾਜ ਕੁਮਾਰੀ ਅੰਮ੍ਰਿਤ ਕੌਰ ਅਤੇ ਦੀਪਿੰਦਰ ਕੌਰ ਦੇ ਹਨ, ਜਦਕਿ ਤੀਜਾ ਹਿੱਸਾ ਰਾਜਾ ਦੇ ਭਰਾ ਕੰਵਰ ਮਨਜੀਤ ਇੰਦਰ ਸਿੰਘ ਦੇ ਪ੍ਰਵਾਰ ਨੂੰ ਮਿਲੇਗਾ।
ਕੰਵਰ ਮਨਜੀਤ ਇੰਦਰ ਸਿੰਘ ਦੇ ਦੇਹਾਂਤ ਦੇ ਬਾਅਦ ਉਨ੍ਹਾਂ ਦੇ ਪੋਤੇ ਕੰਵਰ ਅਮਰਿੰਦਰ ਸਿੰਘ ਬਰਾੜ ਨੇ ਇਹ ਕੇਸ ਲੜਿਆ। ਜੂਨ 2020 ’ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਾਇਦਾਦ ਦੀ ਵੰਡ ਦੇ ਆਦੇਸ਼ ਜਾਰੀ ਕੀਤੇ ਸਨ ਜੋ ਕਿ ਕਾਨੂੰਨੀ ਵਾਰਸਾਂ ’ਚ ਕੀਤਾ ਜਾਣਾ ਸੀ। ਇਸ ਆਦੇਸ਼ ਨੂੰ ਸੁਪਰੀਮ ਕੋਰਟ ਨੇ ਵੀ ਬਰਕਰਾਰ ਰਖਿਆ ਸੀ। ਇਸ ਤੋਂ ਬਾਅਦ ਕੰਵਰ ਅਮਰਿੰਦਰ ਸਿੰਘ ਬਰਾੜ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ’ਚ ਇਕ ਐਗਜ਼ੀਕਿਊਸ਼ਨ ਪਟੀਸ਼ਨ ਦਾਇਰ ਕਰ ਕੇ ਬਰਾਬਰ ਵੰਡ ਦੀ ਮੰਗ ਕੀਤੀ ਸੀ ਜਿਸ ’ਤੇ ਹੁਣ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਅਪਣੇ ਆਦੇਸ਼ ’ਚ ਸਾਫ਼ ਕੀਤਾ ਕਿ ਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ ਚਾਰ ਕਾਨੂੰਨੀ ਵਾਰਸਾਂ, ਮਾਹਰਾਣੀ ਮੋਹਿੰਦਰ ਕੌਰ (ਮਾਂ), ਰਾਜਕੁਮਾਰੀ ਅੰਮ੍ਰਿਤ ਕੌਰ, ਮਾਹਰਾਣੀ ਦੀਪਿੰਦਰ ਕੌਰ ਤੇ ਰਾਜਕੁਮਾਰੀ ਮਹੀਪ ਇੰਦਰ ਕੌਰ ਨੂੰ ਮਿਲੀ ਸੀ।
ਮਾਹਰਾਣੀ ਮੋਹਿੰਦਰ ਕੌਰ ਦਾ 1991 ’ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ ਮਰਨ ਤੋਂ ਪਹਿਲਾਂ 29 ਮਾਰਚ 1990 ਨੂੰ ਇਕ ਵਸੀਅਤ ਬਣਾਈ ਸੀ ਜਿਸ ਵਿਚ ਉਨ੍ਹਾਂ ਨੇ ਇਸ ਜਾਇਦਾਦ ਵਿਚ ਅਪਣਾ ਹਿੱਸਾ ਅਪਣੇ ਦੂਜੇ ਪੁੱਤਰ ਕੰਵਰ ਮਨਜੀਤ ਇੰਦਰ ਸਿੰਘ (ਰਾਜਾ ਦੇ ਭਰਾ) ਅਤੇ ਉਸ ਦੇ ਕਾਨੂੰਨੀ ਵਾਰਸਾਂ ਦੇ ਨਾਮ ਕਰਨ ਦੀ ਗੱਲ ਲਿਖੀ ਸੀ। ਇਸ ਆਧਾਰ ’ਤੇ ਰਾਜਾ ਦੇ ਭਰਾ ਕੰਵਰ ਮੰਜੀਤ ਇੰਦਰ ਸਿੰਘ ਦੇ ਪੋਤੇ ਕੰਵਰ ਅਮਰਿੰਦਰ ਸਿੰਘ ਬਰਾੜ ਨੇ ਕਈ ਸਾਲਾਂ ਤਕ ਕਾਨੂੰਨੀ ਲੜਾਈ ਲੜੀ ਅਤੇ ਅਪਣਾ ਹਿੱਸਾ ਹਾਸਲ ਕੀਤਾ। ਅਸਲ ਵਿਚ ਪਹਿਲਾਂ ਜਾਇਦਾਦ ਦੀ ਵੰਡ ਚਾਰ ਹਿੱਸਿਆਂ ’ਚ ਹੋਈ ਸੀ। ਇਨ੍ਹਾਂ ਵਿਚ ਰਾਜਾ ਦੀ ਇਕ ਬੇਟੀ ਮਹੀਪ ਇੰਦਰ ਕੌਰ ਵੀ ਸੀ ਜਿਸ ਦੀ 2001 ’ਚ ਮੌਤ ਹੋ ਗਈ। ਉਸ ਦਾ ਕੋਈ ਵਾਰਸ ਨਹੀਂ ਸੀ। ਇਸ ਲਈ ਉਸ ਦਾ ਹਿੱਸਾ ਬਾਕੀ ਬਚੇ ਤਿੰਨ ਕਾਨੂੰਨੀ ਵਾਰਸਾਂ, ਮਾਂ ਅਤੇ ਦੋ ਬੇਟੀਆਂ ’ਚ ਵੰਡਿਆ ਗਿਆ।
ਹੁਣ ਮਾਂ ਨੇ ਅਪਣਾ ਹਿੱਸਾ ਪਹਿਲਾਂ ਹੀ ਅਪਣੇ ਦੂਜੇ ਪੁੱਤਰ ਦੇ ਪ੍ਰਵਾਰ ਦੇ ਨਾਮ ਕਰ ਦਿਤਾ ਸੀ। ਇਸ ਲਈ ਹੁਣ ਇਸ ਜਾਇਦਾਦ ਵਿਚ ਤਿੰਨ ਹਿੱਸੇਦਾਰ ਬਚੇ ਸਨ, ਜਿਨ੍ਹਾਂ ਵਿਚ ਰਾਜਾ ਦੀਆਂ ਦੋ ਬੇਟੀਆਂ ਰਾਜਕੁਮਾਰੀ ਅੰਮ੍ਰਿਤ ਕੌਰ, ਮਾਹਰਾਣੀ ਦੀਪਿੰਦਰ ਕੌਰ ਤੇ ਕੰਵਰ ਮਨਜੀਤ ਇੰਦਰ ਸਿੰਘ ਦਾ ਪੋਤਾ ਕੰਵਰ ਅਮਰਿੰਦਰ ਸਿੰਘ ਬਰਾੜ। ਇਸ ਤਰ੍ਹਾਂ ਅਦਾਲਤ ਨੇ ਜਾਇਦਾਦ ਦੀ ਵੰਡ ਇਨ੍ਹਾਂ ਤਿੰਨਾਂ ’ਚ 33.33 ਫ਼ੀ ਸਦੀ ਮੁਤਾਬਕ ਕਰ ਦਿਤੀ।
(For more news apart from “Property of the last king of Faridkot state,” stay tuned to Rozana Spokesman.)