
ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਕੈਫ਼ੇ ਮਾਲਕ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਅੰਮ੍ਰਿਤਸਰ - ਜਿਹੜੀ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੁਨੀਆ ਭਰ ਦੀ ਸੰਗਤ ਲਈ ਆਸਥਾ ਤੇ ਸ਼ਰਧਾ ਨਾਲ ਭਰਿਆ ਸਤਿਕਾਰਤ ਅਸਥਾਨ ਹੈ, ਉਸ ਸ਼ਹਿਰ ਵਿੱਚ ਹੁੱਕਾ ਬਾਰ ਚਲਾਉਣਾ, ਬੜਾ ਨਿੰਦਣਯੋਗ ਕੰਮ ਹੈ। ਕਮਿਸ਼ਨਰੇਟ ਪੁਲਿਸ ਨੇ ਵੀਰਵਾਰ 20 ਅਕਤੂਬਰ ਨੂੰ ਦੇਰ ਰਾਤ ਰਣਜੀਤ ਐਵੇਨਿਊ 'ਤੇ ਸਥਿਤ ਯੂਰਪੀਅਨ ਨਾਈਟ ਕੈਫ਼ੇ 'ਤੇ ਛਾਪਾ ਮਾਰਿਆ ਤੇ 19 ਹੁੱਕੇ ਬਰਾਮਦ ਕੀਤੇ।
ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਕੈਫ਼ੇ ਮਾਲਕ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੇ ਕਹਿਣ ਮੁਤਾਬਿਕ ਰਣਜੀਤ ਐਵੇਨਿਊ ਸਥਿਤ ਹੋਟਲ ਹਾਲੀਡੇ ਇਨ ਨੇੜੇ ਪੁਲਿਸ ਪਾਰਟੀ ਗਸ਼ਤ ਦੌਰਾਨ ਮੌਜੂਦ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਣਜੀਤ ਐਵੀਨਿਊ ਬੀ ਬਲਾਕ ਸਥਿਤ ਯੂਰਪੀਅਨ ਨਾਈਟ ਕੈਫ਼ੇ 'ਚ ਗਾਹਕਾਂ ਨੂੰ ਹੁੱਕੇ ਪਰੋਸੇ ਜਾਂਦੇ ਹਨ। ਇਸ ਤੋਂ ਬਾਅਦ ਤੁਰੰਤ ਰਣਜੀਤ ਐਵੀਨਿਊ ਥਾਣੇ ਦੀ ਪੁਲਿਸ ਨੇ ਕੈਫ਼ੇ ’ਤੇ ਛਾਪਾ ਮਾਰਿਆ, ਅਤੇ ਤਿੰਨ ਨੌਜਵਾਨ ਗਾਹਕਾਂ ਨੂੰ ਚਾਲੂ ਹਾਲਤ 'ਚ ਹੁੱਕਾ ਪਰੋਸਦੇ ਮਿਲੇ।
ਪੁਲਿਸ ਨੂੰ ਦੇਖ ਕੇ ਦੋ ਨੌਜਵਾਨ ਉੱਥੋਂ ਖਿਸਕਣ ਵਿੱਚ ਕਾਮਯਾਬ ਹੋ ਗਏ, ਜਦਕਿ ਤੀਜੇ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕਰਨ 'ਤੇ ਉਸ ਨੇ ਖ਼ੁਦ ਨੂੰ ਕੈਫ਼ੇ ਦਾ ਮੁਲਾਜ਼ਮ ਦੱਸਿਆ। ਫ਼ੜੇ ਗਏ ਮੁਲਜ਼ਮਾਂ ਦੀ ਪਛਾਣ ਯੂਰਪੀਅਨ ਨਾਈਟ ਕੈਫ਼ੇ ਦੇ ਮਾਲਕ ਸੰਦੀਪ ਸਿੰਘ ਧੁੰਨਾ ਵਾਸੀ ਸਲਵਲਪੁਰਾ ਵਾਰਡ 21, ਮੈਨੇਜਰ ਚੰਦਨ ਗੁਪਤਾ ਵਾਸੀ ਰਣਜੀਤ ਐਵੀਨਿਊ ਤੇ ਕੈਫ਼ੇ ਮੁਲਾਜ਼ਮ ਉਮੇਸ਼ ਕੁਮਾਰ ਵਾਸੀ ਨਵੀਂ ਆਬਾਦੀ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਰੈਸਟੋਰੈਂਟ ਦੇ ਵੱਖ-ਵੱਖ ਮੇਜ਼ਾਂ ਤੋਂ ਮਿਲੇ 4 ਹੁੱਕਿਆਂ ਸਮੇਤ ਕੈਫ਼ੇ ਵਿੱਚੋਂ ਕੁੱਲ 19 ਹੁੱਕੇ ਬਰਾਮਦ ਕੀਤੇ ਗਏ।