
ਸੂਚਨਾ ਮਿਲਣ 'ਤੇ ਆਦਮਪੁਰ ਪੁਲਿਸ ਨੇ ਉਕਤ ਮਸੀਹੀ ਪ੍ਰਚਾਰਕ ਵਿਰੁੱਧ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਆਦਮਪੁਰ - ਦੁਆਬੇ 'ਚ ਪੈਂਦੇ ਆਦਮਪੁਰ ਨੇੜਲੇ ਪਿੰਡ ਕੰਦੋਲਾ ਦੀ ਇੱਕ ਕ੍ਰਿਸ਼ਚੀਅਨ ਔਰਤ ਵੱਲੋਂ ਪਿੰਡ ਦੇ ਲੋਕਾਂ ਸਾਹਮਣੇ ਸਿੱਖ ਗੁਰੂ ਸਾਹਿਬਾਨਾਂ ਤੇ ਮਹਾਪੁਰਸ਼ਾਂ ਵਿਰੁੱਧ ਗ਼ਲਤ ਸ਼ਬਦਾਬਲੀ ਬੋਲਣ ’ਤੇ ਪਿੰਡ ’ਚ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਸੂਚਨਾ ਮਿਲਣ 'ਤੇ ਆਦਮਪੁਰ ਪੁਲਿਸ ਨੇ ਉਕਤ ਮਸੀਹੀ ਪ੍ਰਚਾਰਕ ਵਿਰੁੱਧ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਿੰਡ ਦੀ ਸਾਬਕਾ ਪੰਚ ਰਾਜਵਿੰਦਰ ਕੌਰ ਉਰਫ਼ ਰਾਣੀ ਨੇ ਦੱਸਿਆ ਕਿ ਮਨਜੀਤ ਕੌਰ ਪਤਨੀ ਮੇਹਰ ਚੰਦ ਵਾਸੀ ਕੰਦੋਲਾ ਜੋ ਕਿ ਕ੍ਰਿਸ਼ਚੀਅਨ ਧਰਮ ਦੀ ਪ੍ਰਚਾਰਕ ਹੈ, ਕੁਝ ਦਿਨ ਪਹਿਲਾ ਉਨ੍ਹਾਂ ਦੇ ਘਰ ਆਈ ਤੇ ਉਨ੍ਹਾਂ ਨੂੰ ਈਸਾਈ ਧਰਮ ਅਪਣਾਉਣ ’ਤੇ ਜ਼ੋਰ ਦੇਣ ਲੱਗੀ ਤੇ ਉਨ੍ਹਾਂ ਦੇ ਗੁਰੂਆਂ ਤੇ ਡੇਰਾ ਬੱਲਾਂ ਵਾਲੇ ਮਹਾਪੁਰਸ਼ਾਂ ਵਿਰੁੱਧ ਕਥਿਤ ਤੌਰ ’ਤੇ ਗ਼ਲਤ ਬੋਲਣ ਲੱਗੀ।
ਰਾਣੀ ਨੇ ਦੱਸਿਆ ਕਿ ਇਸ ਸੰਬੰਧੀ ਪਹਿਲਾਂ ਉਸ ਨੇ ਮਨਜੀਤ ਕੌਰ ਵਿਰੁੱਧ ਪੰਚਾਇਤ ’ਚ ਸ਼ਿਕਾਇਤ ਕੀਤੀ ਅਤੇ ਪੰਚਾਇਤ ਇਕੱਠ ਕਰਕੇ 2 ਦਿਨ ਮਨਜੀਤ ਕੌਰ ਨੂੰ ਬੁਲਾਉਂਦੀ ਰਹੀ, ਪਰ ਉਹ ਨਹੀਂ ਆਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਨਜੀਤ ਕੌਰ ਪਿੰਡ ’ਚ ਘਰ-ਘਰ ਜਾ ਕੇ ਪਿੰਡ ਵਾਸੀਆਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕਰ ਰਹੀ ਹੈ, ਪਰ ਲੋਕ ਉਸ ਦਾ ਵਿਰੋਧ ਕਰ ਰਹੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਉਕਤ ਪ੍ਰਚਾਰਕ ਮਨਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਉਸ ਦੀ ਭਾਲ਼ ਕੀਤੀ ਜਾ ਰਹੀ ਹੈ, ਅਤੇ ਛੇਤੀ ਹੀ ਉਸ ਨੂੰ ਪੁਲਿਸ ਹਿਰਾਸਤ 'ਚ ਲੈ ਕੇ ਮਾਮਲੇ ਸੰਬੰਧੀ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।