
ਪੰਜਾਬ ਦੇ ਤਰਨਤਾਰਨ ਵਿਚ ਗੁਰਦੁਆਰਾ ਸਾਹਿਬ ਵਿਚ ਰਹਿ ਰਹੇ ਬਜ਼ੁਰਗ ਗ੍ਰੰਥੀ ਅਤੇ ਉਨ੍ਹਾਂ ਦੀ ਪਤਨੀ ਉਤੇ ਅਣਪਛਾਤੇ ਲੋਕਾਂ...
ਤਰਨਤਾਰਨ : ਪੰਜਾਬ ਦੇ ਤਰਨਤਾਰਨ ਵਿਚ ਗੁਰਦੁਆਰਾ ਸਾਹਿਬ ਵਿਚ ਰਹਿ ਰਹੇ ਬਜ਼ੁਰਗ ਗ੍ਰੰਥੀ ਅਤੇ ਉਨ੍ਹਾਂ ਦੀ ਪਤਨੀ ਉਤੇ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿਤਾ। ਮਾਮਲਾ ਤਰਨਤਾਰਨ ਦੇ ਪਿੰਡ ਕੋਟ ਬੁੱਢਾ ਦਾ ਹੈ। ਹਮਲੇ ਵਿਚ ਗ੍ਰੰਥੀ ਦੀ ਪਤਨੀ ਕੁਲਵੰਤ ਕੌਰ ਦੀ ਮੌਤ ਹੋ ਗਈ ਅਤੇ ਗ੍ਰੰਥੀ ਗੁਰਨਾਮ ਸਿੰਘ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਗੁਰਦੁਆਰਾ ਸਾਹਿਬ ਦੇ ਕਮਰੇ ਤੋਂ ਪੰਜ ਹਜ਼ਾਰ ਦੀ ਨਕਦੀ ਵੀ ਲੈ ਕੇ ਫ਼ਰਾਰ ਹੋ ਗਏ।
ਥਾਣਾ ਸਦਰ ਪੁਲਿਸ ਨੇ ਤਿੰਨ ਅਣਪਛਾਤੇ ਹਮਲਾਵਰਾਂ ਦੇ ਵਿਰੁਧ ਮਾਮਲਾ ਦਰਜ ਕੀਤਾ ਹੈ। ਪੱਟੀ ਦੇ ਪਿੰਡ ਕੋਟ ਬੁੱਢਾ ਨਿਵਾਸੀ 62 ਸਾਲ ਦਾ ਗੁਰਨਾਮ ਸਿੰਘ ਗੁਰਦੁਆਰਾ ਬਾਬਾਮ ਸ਼ਹੀਦ ਵਿਚ ਬਤੌਰ ਗ੍ਰੰਥੀ ਤੈਨਾਤ ਹਨ। ਗੁਰਨਾਮ ਸਿੰਘ ਪਤਨੀ ਕੁਲਵੰਤ ਕੌਰ ਵੀ ਨਾਲ ਹੀ ਗੁਰਦੁਆਰਾ ਸਾਹਿਬ ਵਿਚ ਰਹਿੰਦੀ ਸੀ। ਉਨ੍ਹਾਂ ਦੇ ਦੋ ਮੁੰਡੇ ਛਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਅਪਣੇ ਬੱਚਿਆਂ ਦੇ ਨਾਲ ਪਿੰਡ ਦੇ ਮਕਾਨ ਵਿਚ ਰਹਿੰਦੇ ਹਨ। ਸ਼ਨਿਚਰਵਾਰ ਦੀ ਰਾਤ ਨੂੰ ਸੁੱਖ ਆਸਨ ਤੋਂ ਬਾਅਦ ਗ੍ਰੰਥੀ ਗੁਰਨਾਮ ਸਿੰਘ ਗੁਰਦੁਆਰਾ ਸਾਹਿਬ ਦੇ ਕਮਰੇ ਵਿਚ ਸੌ ਗਏ।
ਰਾਤ ਕਰੀਬ ਡੇਢ ਵਜੇ ਕੁਝ ਲੋਕ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਏ। ਗ੍ਰੰਥੀ ਗੁਰਨਾਮ ਸਿੰਘ ਨੇ ਆਵਾਜ਼ ਸੁਣ ਕੇ ਜਦੋਂ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉੱਥੇ ਤਿੰਨ ਨਕਾਬਪੋਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਬੇਸਬੈਟ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ। ਇਸ ਦੌਰਾਨ ਦੋਸ਼ੀਆਂ ਨੇ ਗ੍ਰੰਥੀ ਦਾ ਮੂੰਹ ਵੀ ਬੰਨ੍ਹ ਦਿਤਾ। ਫਿਰ ਉਨ੍ਹਾਂ ਨੇ ਕਮਰੇ ਵਿਚ ਸੌ ਰਹੀ ਕੁਲਵੰਤ ਕੌਰ ਨਾਲ ਵੀ ਕੁੱਟਮਾਰ ਕੀਤੀ। ਕੁਲਵੰਤ ਕੌਰ ਨੇ ਜਦੋਂ ਰੌਲਾ ਪਾਇਆ ਤਾਂ ਉਨ੍ਹਾਂ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ।
ਦੋਸ਼ੀ ਜਾਂਦੇ ਹੋਏ ਕਮਰੇ ਵਿਚੋਂ ਪੰਜ ਹਜ਼ਾਰ ਰੁਪਏ ਵੀ ਲੈ ਗਏ। ਸਰਪੰਚ ਸ਼ੇਰ ਸਿੰਘ, ਇੰਦਰਜੀਤ ਸਿੰਘ, ਰਣਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਪੁੱਜੇ ਤਾਂ ਗ੍ਰੰਥੀ ਗੁਰਨਾਮ ਸਿੰਘ ਜ਼ਖ਼ਮੀ ਹਾਲਤ ਵਿਚ ਮਿਲੇ। ਘਟਨਾ ਦੀ ਜਾਣਕਾਰੀ ਥਾਣਾ ਸਦਰ ਪੁਲਿਸ ਨੂੰ ਦਿਤੀ ਗਈ। ਥਾਣਾ ਮੁਖੀ ਇਨਸਪੈਕਟਰ ਬਲਕਾਰ ਸਿੰਘ ਮੌਕੇ ਉਤੇ ਪੁੱਜੇ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤੀ।
ਜ਼ਖ਼ਮੀ ਗ੍ਰੰਥੀ ਗੁਰਨਾਮ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਅਣਪਛਾਤੇ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।