
'ਆਪ' ਦਾ ਪੰਜਾਬ 'ਚ ਆਧਾਰ ਸੀਮਤ, ਕਾਂਗਰਸ ਤੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਮਾਯੂਸ ਹਨ ਲੋਕ
ਸ੍ਰੀ ਮੁਕਤਸਰ ਸਾਹਿਬ: ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਪੰਜਾਬ ਲਈ ਸੈਮੀਫ਼ਾਈਨਲ ਵਜੋਂ ਵੇਖਿਆ ਜਾ ਰਿਹਾ ਸੀ, ਹੁਣ ਜਦੋਂ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਵੱਡੇ ਬਹੁਮਤ ਨਾਲ ਜਿੱਤ ਚੁੱਕੀ ਹੈ, ਹੁਣ ਪੰਜਾਬ ਵਿਚ ਇਸ ਸਬੰਧੀ ਵੱਖ ਵੱਖ ਸਿਆਸੀ ਕਿਆਸ ਅਰਾਈਆਂ ਦਾ ਦੌਰ ਵੇਖਣ ਸੁਣਨ ਨੂੰ ਮਿਲ ਰਿਹਾ ਹੈ।
ਲੋਕ, ਕੇਜਰੀਵਾਲ ਸਰਕਾਰ ਵਲੋਂ ਬਿਜਲੀ, ਪਾਣੀ, ਸਿਖਿਆ ਆਦਿ ਸਮੇਤ ਔਰਤ ਵਰਗ ਨੂੰ ਦਿਤੀਆਂ ਵਿਸ਼ੇਸ਼ ਸਹੂਲਤਾਂ ਦੇ ਨਾਲ ਨਾਲ ਕਿਸਾਨਾਂ ਦੇ ਹਿੱਤਾਂ ਦੀ ਪੂਰਤੀ ਲਈ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਨੂੰ ਮੁੜ ਦਿੱਲੀ ਫ਼ਤਹਿ ਕਰਨ ਦੇ ਪ੍ਰਮੁੱਖ ਹਥਿਆਰ ਦੱਸ ਰਹੇ ਹਨ। ਦਿੱਲੀ ਵਿਚ ਬੀਜੇਪੀ ਦੀ ਹਰ ਪੱਖੋਂ ਮਜ਼ਬੂਤ ਚੋਣ ਮੁਹਿੰਮ ਦਾ ਇਕਜੁੱਟ ਹੋ ਕੇ ਜ਼ੋਰਦਾਰ ਢੰਗ ਨਾਲ ਟਾਕਰਾ ਕਰਦਿਆਂ ਉਸ ਦੀ ਪੂਰੀ ਤਰ੍ਹਾਂ ਫੂਕ ਕੱਢ ਦਿਤੀ।
ਬੀਤੀ 2017 ਵਿਚ ਵੀ ਹਾਲਾਤ ਕੁੱਝ ਅਜਿਹੇ ਹੀ ਬਣੇ ਸਨ, ਉਸ ਸਮੇਂ ਵਾਂਗ ਪੰਜਾਬ ਦੇ ਚੋਣ ਮੈਦਾਨ ਦੇ ਮਾਹਰਾਂ ਵਲੋਂ ਅੱਜ ਵੀ ਦਿੱਲੀ ਚੋਣਾਂ ਨੂੰ ਮੁੜ ਸੈਮੀ ਫ਼ਾਈਨਲ ਵਜੋਂ ਵੇਖਿਆ ਜਾ ਰਿਹਾ ਸੀ।
ਪੰਜਾਬ ਵਿਚ ਬੀਤੇ ਸਮੇਂ ਦੌਰਾਨ ਕੀਤੀਆਂ ਵੱਡੀਆਂ ਗ਼ਲਤੀਆਂ ਵਾਰ-ਵਾਰ ਲੀਡਰਸ਼ਿਪ ਵਿਚ ਤਬਦੀਲੀ ਕਰਨੀ ਤੇ ਪਾਰਟੀ ਵਿਚੋਂ ਕਢਣਾ, ਪੈਸੇ ਲੈ ਕੇ ਟਿਕਟਾਂ ਦੇਣ ਦੇ ਲੱਗੇ ਕਥਿਤ ਦੋਸ਼, ਸਾਰੀ ਤਾਕਤ ਦਿੱਲੀ ਦੇ ਆਗੂਆਂ ਦੇ ਹੱਥਾਂ ਤਕ ਸੀਮਤ ਰਖਣਾ, ਮੁੱਖ ਮੰਤਰੀ ਦੀ ਕੁਰਸੀ ਦੀ ਪ੍ਰਾਪਤੀ ਲਈ ਆਗੂਆਂ ਵਿਚ ਸਮੇਂ ਤੋਂ ਪਹਿਲਾਂ ਹੀ ਦੌੜ ਦਾ ਸ਼ੁਰੂ ਹੋਣਾ ਆਦਿ ਮੁੱਖ ਘਾਟਾਂ ਸਾਬਤ ਹੋਈਆਂ। ਜਿਸ ਨੂੰ ਇਸ ਵਾਰ ਮੁੜ ਵਾਪਰਨ ਤੋਂ ਰੋਕਣਾ ਆਮ ਆਦਮੀ ਪਾਰਟੀ ਲਈ ਅਪਣੀ ਯੋਗਤਾ ਦਾ ਇਸਤੇਮਾਲ ਕਰਨਾ ਹੋਵੇਗਾ।
ਆਮ ਆਦਮੀ ਪਾਰਟੀ ਨੂੰ ਇਹ ਵੀ ਸਚਾਈ ਧਿਆਨ ਵਿਚ ਰਖਣੀ ਚਾਹੀਦੀ ਹੈ ਕਿ ਪੰਜਾਬ ਵਿਚ ਉਸ ਦਾ ਅਜੇ ਕੋਈ ਵਿਸ਼ਾਲ ਲੋਕ ਆਧਾਰ ਨਹੀਂ ਹੈ। ਲੋਕਾਂ ਨੇ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਮਾਯੂਸ ਹੋ ਕੇ ਹੀ ਆਪ ਦਾ ਸਾਥ ਦਿਤਾ ਸੀ ਤੇ ਸਥਿਤੀ ਹੁਣ ਵੀ ਅਜਿਹੀ ਹੀ ਹੈ। ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੀ ਪਰਦੇ ਅੰਦਰ ਚੱਲ ਰਹੀ ਸਾਂਝ ਭਿਆਲੀ ਪੂਰੀ ਤਰ੍ਹਾਂ ਜਗ ਜਾਹਰ ਹੋ ਚੁੱਕੀ ਹੈ।
ਪਹਿਲਾਂ ਵਾਂਗ ਜੇਕਰ ਮੁੜ ਇਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਦਾ ਮੌਸਮ ਵਖਾਈ ਦੇਣ ਲੱਗਾ ਤਾਂ ਉਹ ਮੁੜ ਪਿਛਲਾ ਇਤਿਹਾਸ ਦੁਹਰਾਉਣ ਤੋਂ ਸੰਕੋਚ ਨਹੀਂ ਕਰਨਗੀਆਂ। ਪੰਜਾਬ ਵਿਚ ਅਕਾਲੀ ਦਲ ਨਾਲੋਂ ਵੱਖ ਹੋਏ ਅਕਾਲੀ ਆਗੂ ਵਿਸ਼ੇਸ਼ ਕਰ ਕੇ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਬੈਂਸ ਭਰਾ ਅਤੇ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਆਗੂਆਂ ਦੀ ਜਿੱਤ ਲਈ ਭੂਮਿਕਾ ਨੂੰ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ।
ਕਾਂਗਰਸ ਤੇ ਅਕਾਲੀ ਦਲ ਵਿਰੋਧੀ ਵੋਟਾਂ ਨੂੰ ਵੰਡਣ ਤੋਂ ਰੋਕਣ ਦੀ ਸਮੱਸਿਆ ਵੀ ਆਪ ਸਮੇਤ ਉਕਤ ਆਗੂਆਂ ਦੀ ਯੋਗਤਾ ਦੀ ਪਰਖ ਬਣ ਕੇ ਸਾਹਮਣੇ ਆਵੇਗੀ। ਅਜੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਲਗਭਗ 2 ਸਾਲ ਦਾ ਸਮਾਂ ਬਾਕੀ ਹੈ। ਆਪ ਵਾਸਤੇ ਸਕੂਨ ਵਾਲੀ ਸਥਿਤੀ ਹੈ ਕਿ ਕਾਂਗਰਸ ਪਾਰਟੀ ਦੇ ਪੰਜਾਬ ਕੇਡਰ ਨਾਲ ਸਬੰਧਤ ਵਰਕਰ ਬੁਰੀ ਤਰ੍ਹਾਂ ਨਿਰਾਸ਼ਤਾ ਦਾ ਸ਼ਿਕਾਰ ਹੋਏ ਬੈਠੇ ਹਨ।
ਸਿਰਫ਼ ਨਵਜੋਤ ਸਿੰਘ ਸਿੱਧੂ ਹੀ ਕਾਂਗਰਸ ਪਾਰਟੀ ਕੋਲ ਇਕ ਬਦਲ ਹੈ। ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਉਸ ਨੂੰ ਮੁੱਖ ਮੰਤਰੀ ਬਣਾ ਦਿਤਾ ਜਾਵੇ ਤਾਂ ਸਥਿਤੀ ਬਦਲ ਸਕਦੀ ਹੈ ਪਰ ਇਹ ਕੰਮ ਹੋਈ ਸੌਖਾ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨਾਲ ਦਿੱਲੀ ਬੈਠੀ ਕਾਂਗਰਸ ਦੀ ਕਮਜ਼ੋਰ ਲੀਡਰਸ਼ਿਪ ਲੜਾਈ ਲੜਨ ਦੇ ਸਮਰਥ ਵਿਖਾਈ ਨਹੀਂ ਦੇ ਰਹੀ।
ਅਕਾਲੀ ਦਲ ਦਾ ਗਰਾਫ਼ ਵੀ ਆਏ ਦਿਨ ਹੇਠਾਂ ਵਲ ਜਾ ਰਿਹਾ ਹੈ ਤੇ ਅਕਾਲੀ ਆਗੂਆਂ ਵਲੋਂ ਨੇੜ ਭਵਿੱਖ ਵਿਚ ਅਪਣੀਆਂ ਨੀਤੀਆਂ ਵਿਚ ਕੋਈ ਜ਼ਿਕਰਯੋਗ ਤਬਦੀਲੀ ਸਬੰਧੀ ਆਸ ਦੀ ਕਿਰਨ ਵਿਖਾਈ ਨਹੀਂ ਦੇ ਰਹੀ। ਜੇਕਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਨਵਜੋਤ ਸਿੰਘ ਸਿੱਧੂ ਸਮੇਤ ਬਾਕੀ ਧਿਰਾਂ ਇਕੱਤਰ ਹੋ ਕੇ ਚੋਣਾਂ ਲੜਨ ਦੇ ਰਾਹ ਤੁਰਨ ਤਾਂ ਪੰਜਾਬ ਵਿਚ ਵੀ ਦਿੱਲੀ ਵਾਂਗ ਵੱਡੀ ਜਿੱਤ ਮਿਲਣ ਦੇ ਆਸਾਰ ਵੱਧ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।