
ਬਟਾਲਾ ਤੋਂ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਸਮੇਤ 20 ਅਣਪਛਾਤਿਆਂ ਵਿਰੁਧ ਮਾਮਲਾ ਦਰਜ
ਬਟਾਲਾ, 21 ਫ਼ਰਵਰੀ (ਪ.ਪ.) : ਸਥਾਨਕ ਪੁਲਿਸ ਨੇ ਕਾਂਗਰਸ ਅਤੇ ਸ਼ਰਾਬ ਠੇਕੇਦਾਰ ਵਿਚਾਲੇ ਹੋਈ ਲੜਾਈ ਵਿਚ ਚੋਣ ਕਮਿਸ਼ਨ ਦੀ ਦਖ਼ਲਅੰਦਾਜ਼ੀ ’ਤੇ ਸਾਬਕਾ ਮੰਤਰੀ ਅਤੇ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਅਤੇ ਕਰੀਬ 20 ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਸ਼ਰਾਬ ਕਾਰੋਬਾਰੀ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਪਰ ਅੰਮ੍ਰਿਤਸਰ ਪੁਲਿਸ ਨੇ ਇਸ ਮਾਮਲੇ ਵਿਚ ਅਜੇ ਤਕ ਕਿਸੇ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਹੈ। ਇਹ ਘਟਨਾ 18 ਫ਼ਰਵਰੀ ਰਾਤ ਦੀ ਹੈ।
ਦੱਸ ਦੇਈਏ ਕਿ ਰਾਤ 11 ਵਜੇ ਸਾਬਕਾ ਮੰਤਰੀ ਦੀ ਰਿਹਾਇਸ ਨੇੜੇ ਸ਼ਰਾਬ ਦੇ ਠੇਕੇਦਾਰ ਦੀ ਕਾਰ ਖੜੀ ਸੀ। ਜਦੋਂ ਸੇਖੜੀ ਦੇ ਸਮਰਥਕ ਉਸ ਕਾਰ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਇੱਟਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿਤੀ। ਪਹਿਲਾਂ ਕਾਰ ਦੀ ਭੰਨਤੋੜ ਕੀਤੀ ਗਈ ਅਤੇ ਫਿਰ ਹੱਥੋਪਾਈ ਦੀਆਂ ਤਸਵੀਰਾਂ ਸਾਹਮਣੇ ਆਈਆਂ। ਘਟਨਾ ਸਮੇਂ ਕਿਸੇ ਅਣਪਛਾਤੇ ਨੇ ਵੀਡੀਉ ਬਣਾ ਕੇ ਵਾਇਰਲ ਕਰ ਦਿਤੀ। ਪਹਿਲਾਂ ਤਾਂ ਪੁਲਿਸ ਕੇਸ ਦਰਜ ਕਰਨ ਤੋਂ ਝਿਜਕ ਰਹੀ ਸੀ ਪਰ ਚੋਣ ਕਮਿਸ਼ਨ ਦੇ ਕਹਿਣ ’ਤੇ ਕੇਸ ਦਰਜ ਕਰ ਲਿਆ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼ਿਕਾਇਤਕਰਤਾ ਕੱੁਝ ਸਮਾਂ ਪਹਿਲਾਂ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਿਆ ਸੀ। ਪੁਲਿਸ ਨੇ ਸ਼ਿਕਾਇਤਕਰਤਾ ਦੇ ਕਹਿਣ ’ਤੇ ਕੇਸ ਦਰਜ ਨਹੀਂ ਕੀਤਾ। ਫਿਰ ਇਸ ਦੀ ਸ਼ਿਕਾਇਤ ਜ਼ਿਲ੍ਹੇ ਦੇ ਡੀਸੀ ਕਮ ਚੋਣ ਅਧਿਕਾਰੀ ਨੂੰ ਕੀਤੀ ਗਈ। ਡੀਸੀ ਮੁਹੰਮਦ ਇਕਬਾਲ ਦੇ ਦਖ਼ਲ ਤੋਂ ਬਾਅਦ ਪੁਲਿਸ ਨੇ ਅਸ਼ਵਨੀ ਸੇਖੜੀ ਅਤੇ ਅਣਪਛਾਤੇ ਵਿਅਕਤੀਆਂ ਵਿਰੁਧ ਕੇਸ ਦਰਜ ਕਰ ਲਿਆ ਹੈ।