
ਮੌਜੂਦਾ ਕਾਂਗਰਸ ਸਰਕਾਰ ਤੋਂ ਵੀ ਲੋਕਾਂ ਨੂੰ ਕੋਈ ਬਹੁਤੀ ਉਮੀਦ ਨਾ ਦਿਸਦੀ ਵੇਖ ਲੋਕਾਂ ਨੇ ਰੋਜ਼ਾਨਾ ਦੋ ਘੰਟੇ ਜਾਮ ਵਿਚ ਫਸਣ ਦੀ ਬਜਾਏ ਆਸ-ਪਾਸ ਦੇ ਪਿੰਡਾਂ ਤੋਂ ਹੋ...
ਐਸ.ਏ.ਐਸ ਨਗਰ, 18 ਅਗੱਸਤ (ਸੁਖਦੀਪ ਸਿੰਘ ਸੋਈ) : ਪਿਛਲੇ 10 ਸਾਲ ਅਕਾਲੀ ਭਾਜਪਾ ਸਰਕਾਰ ਵਲੋਂ ਕੀਤੀ ਹਕੁਮਤ ਦੌਰਾਨ ਜਿਥੇ ਲਾਂਡਰਾਂ ਵਿਖੇ ਲਗਦੇ ਜਾਮ ਦਾ ਮਸਲਾ ਹੱਲ ਨਹੀਂ ਹੋ ਸਕਿਆ ਅਤੇ ਨਾ ਹੀ ਸੜਕ ਦਾ ਨਿਰਮਾਣ ਕਾਰਜ ਹੋਇਆ ਉਥੇ ਮੌਜੂਦਾ ਕਾਂਗਰਸ ਸਰਕਾਰ ਤੋਂ ਵੀ ਲੋਕਾਂ ਨੂੰ ਕੋਈ ਬਹੁਤੀ ਉਮੀਦ ਨਾ ਦਿਸਦੀ ਵੇਖ ਲੋਕਾਂ ਨੇ ਰੋਜ਼ਾਨਾ ਦੋ ਘੰਟੇ ਜਾਮ ਵਿਚ ਫਸਣ ਦੀ ਬਜਾਏ ਆਸ-ਪਾਸ ਦੇ ਪਿੰਡਾਂ ਤੋਂ ਹੋ ਕੇ ਮੁਹਾਲੀ ਪੁੱਜਣ ਦੇ ਰਸਤੇ ਲੱਭਣੇ ਸ਼ੁਰੂ ਹੋ ਗਏ ਹਨ ਪਰ ਹੈਰਾਨੀ ਦੀ ਗੱਲ ਹੈ ਵਿਰੋਧੀ ਧਿਰ ਦੀ ਸਰਕਾਰ ਵੇਲੇ ਸੁਰਖੀਆਂ 'ਚ ਚਮਕਣ ਵਾਲੇ ਵੀ ਹੁਣ ਚੁੱਪੀ ਧਾਰੀ ਬੈਠੇ ਹਨ। ਲੋਕਾਂ ਵਲੋਂ ਸਰਹੰਦ ਵਲੋਂ ਆਉਂਦਿਆਂ ਸਵਾੜਾ ਤਕ ਲੱਗੇ ਜਾਮ ਤੋਂ ਬਚਣ ਲਈ ਅਤੇ ਮੁਹਾਲੀ ਪੁੱਜਣ ਲਈ ਸਵਾੜਾ ਤੋਂ ਸੈਦਪੁਰ ਹੋ ਕੇ ਚਡਿਆਲਾ ਤੋਂ ਭਾਰਤਪੁਰ ਹੋ ਕੇ ਭਾਗੋਮਾਜਰਾ ਬਾਬਾ ਬੰਦਾ ਸਿੰਘ ਬਹਾਦਰ ਮੁੱਖ ਮਾਰਗ 'ਤੇ ਪੁੱਜਣਾ ਸ਼ੁਰੂ ਕਰ ਦਿਤਾ ਹੈ । ਇਸ ਤੋਂ ਇਲਾਵਾ ਸਵਾੜਾ ਤੋਂ ਰਸਨਹੇੜੀ ਹੋ ਕੇ ਖਰੜ ਪੁੱਜਣ ਅਤੇ ਝੰਜੇੜੀ ਤੋਂ ਰਸਨਹੇੜੀ ਰਾਹੀਂ ਖਰੜ ਪੁੱਜ ਕੇ ਵਾਇਆ ਚੱਪੜਚਿੜੀ ਜਾਣਾ ਸ਼ੁਰੂ ਕੀਤਾ ਹੈ। ਵਾਪਸੀ 'ਤੇ ਲਾਂਡਰਾਂ ਦੇ ਜਾਮ ਤੋਂ ਬਾਹਰ ਨਿਕਲਣ ਲਈ ਡੀ.ਸੀ. ਦਫ਼ਤਰ ਕੋਲੋਂ ਭਾਗੋਮਾਜਰਾ ਨੂੰ ਜਾਂਦੀ ਮੁੱਖ ਸੜਕ ਰਾਹੀਂ ਲਿੰਕ ਸੜਕ ਨੂੰ ਹੋ ਕੇ ਭਾਗੋਮਾਜਰਾ ਰਾਹੀਂ ਅਸਥਾਈ ਰਸਤਿਆਂ ਰਾਹੀਂ ਸਰਹਿੰਦ ਮਾਰਗ ਅਤੇ ਦੂਜੇ ਪਾਸੇ ਚੱਪੜਚਿੜੀ ਰਾਹੀਂ ਲਾਂਡਰਾਂ ਪੁੱਜਣ ਦਾ ਰਸਤਾ ਆਪਣਾਇਆ ਹੈ। ਹੁਣ ਵੱਡੀ ਸਮੱਸਿਆ ਇਹ ਹੈ ਕਿ ਸੰਪਰਕ ਸੜਕਾਂ 'ਤੇ ਪਏ ਡੂੰਘੇ ਟੋਏ ਬਰਸਾਤ ਕਰ ਕੇ ਪਾਣੀ ਨਾਲ ਭਰੇ ਹੋਏ ਹਨ ਅਤੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਲੋਕਾਂ ਨੇ ਮੰਗ ਕੀਤੀ ਕਿ ਜੇ ਸਰਕਾਰ ਸੜਕ ਵੀ ਨਹੀਂ ਸਣਾ ਸਕਦੀ ਅਤੇ ਸਮੱਸਿਆ ਦਾ ਹੱਲ ਵੀ ਕਰਨ ਵਿਚ ਅਸਮਰੱਥ ਹੈ ਤਾਂ ਮੁਹਾਲੀ ਡੀ.ਸੀ. ਦਫ਼ਤਰ ਤੋਂ ਭਾਗੋਮਾਜਰਾ ਜਾਣ ਵਾਲੀ ਕਰੀਬ 20 ਫ਼ੁਟ ਦਾ ਸੜਕ ਦੇ ਟੋਟੇ ਨੂੰ ਹੀ ਮੁੱਖ ਸੜਕ ਨਾਲ ਜੋੜਨ ਦਾ ਕੰਮ ਦੇਵੇ ਤਾਂ ਜੋ ਰਸਤਾ ਸਿੱਧਾ ਹੋ ਜਾਣ ਕਰ ਕੇ ਸਮੱਸਿਆ ਦਾ ਕੁੱਝ ਹੱਦ ਤਕ ਹੱਲ ਹੋ ਸਕੇ।