
ਸ਼ੋਸ਼ਲ ਮੀਡੀਆ ਰਾਹੀਂ ਫਿਰਕੂ ਅਨਸਰਾਂ ਨੂੰ ਦਿਤਾ ਜਾ ਰਿਹੈ ਮੂੰਹਤੋੜ ਜਵਾਬ
ਕੋਟਕਪੂਰਾ, ਗਜਨੀ ਦੇ ਬਜਾਰਾਂ 'ਚ ਟਕੇ-ਟਕੇ ਦੇ ਭਾਅ ਵਿਕਦੀਆਂ ਗੈਰਾਂ ਦੀਆਂ ਧੀਆਂ/ਭੈਣਾ ਨੂੰ ਸੁਰੱਖਿਅਤ ਬਚਾਅ ਕੇ, ਅਪਣਾ ਸੁਖ ਅਰਾਮ ਤਿਆਗਦਿਆਂ ਜਾਨ ਜੌਖਮ 'ਚ ਪਾਉਣ ਦੇ ਬਾਵਜੂਦ ਸੁਰੱਖਿਅਤ ਉਨ੍ਹਾਂ ਦੇ ਮਾਪਿਆਂ ਤਕ ਪਹੁੰਚਾਉਣ ਦਾ ਇਤਿਹਾਸ ਸਿਰਜਣ ਵਾਲੇ ਸਿੱਖਾਂ ਵਿਰੁਧ ਫਿਰਕੂ ਅਨਸਰਾਂ ਵਲੋਂ ਕੀਤੀਆਂ ਜਾ ਰਹੀਆਂ ਸ਼ਰਾਰਤਾਂ ਦਾ ਹੁਣ ਸ਼ੋਸ਼ਲ ਮੀਡੀਆ ਰਾਹੀਂ ਮੂੰਹ ਤੋੜ ਜਵਾਬ ਦਿਤਾ ਜਾ ਰਿਹਾ ਹੇ। 'ਰੋਜ਼ਾਨਾ ਸਪੋਕਸਮੈਨ' ਸਮੇਤ ਕੁੱਝ ਅਖ਼ਬਾਰਾਂ ਅਤੇ ਰਸਾਲਿਆਂ ਕਰ ਕੇ ਸਿੱਖ ਨੌਜਵਾਨਾਂ ਦਾ ਜਾਗਰੂਕ ਹੋਣਾ ਸੁਭਾਵਕ ਹੈ। ਜਿਉਂ ਹੀ ਪ੍ਰਿੰਟ, ਬਿਜਲਈ ਅਤੇ ਸ਼ੋਸ਼ਲ ਮੀਡੀਆ ਰਾਹੀਂ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਅਕਾਲ ਚਲਾਣੇ 'ਤੇ ਕੁੱਝ ਫਿਰਕੂ ਸੋਚ ਰੱਖਣ ਵਾਲੇ ਅਨਸਰਾਂ ਵਲੋਂ ਖ਼ੁਸ਼ੀ ਮਨਾਏ ਜਾਣ ਦੀਆਂ ਖ਼ਬਰਾਂ ਦਾ ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਨੋਟਿਸ ਲਿਆ ਹੈ। ਭਾਵੇਂ ਕਈ ਪੋਸਟਾਂ 'ਚ ਕੁਮੈਂਟ ਐਨੇ ਸਖ਼ਤ ਸ਼ਬਦਾਵਲੀ 'ਚ ਲਿਖੇ ਗਏ ਹਨ ਕਿ ਉਹ ਅਖ਼ਬਾਰ ਰਾਹੀਂ ਜਨਤਕ ਕਰਨੇ ਸ਼ੋਭਾ ਨਹੀਂ ਦਿੰਦੇ ਪਰ ਫਿਰ ਵੀ ਬਹੁਤ ਸਾਰੀਆਂ ਗੱਲਾਂ ਤੋਂ ਪਾਠਕਾਂ ਨੂੰ ਜਾਣੂ ਕਰਾਉਣਾ ਜ਼ਰੂਰੀ ਹੇ।
Social Media
ਇਕ ਸਿੱਖ ਚਿੰਤਕ ਨੇ ਦਾਅਵਾ ਕੀਤਾ ਕਿ ਇਤਿਹਾਸ ਮੁਤਾਬਕ 1780 ਈ. ਨੂੰ ਹਿਸਾਰ ਦੇ ਮੁਸਲਮਾਨ ਹਾਕਮ ਨੇ ਇਕ ਗ਼ੈਰ ਸਿੱਖ ਕੰਨਿਆ ਨੂੰ ਚੁੱਕ ਲਿਆ, ਗ਼ਰੀਬ ਪੰਡਤ ਦੀ ਰਾਜਪੂਤਾਂ ਅਤੇ ਮਰਹੱਟਿਆਂ ਦੇ ਆਗੂਆਂ ਨੇ ਇਕ ਨਾ ਸੁਣੀ, ਫਿਰ ਪੰਡਤ ਦੀ ਫ਼ਰਿਆਦ ਸੁਣਦਿਆਂ ਹੀ ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਹਦਾਇਤ 'ਤੇ ਖ਼ਾਲਸਾ ਫ਼ੌਜ ਨੇ ਹਾਕਮ ਨੂੰ ਘੇਰਾ ਪਾ ਕੇ ਫੜ ਲਿਆ, ਕੰਨਿਆ ਵਾਪਸ ਦੁਆਈ ਅਤੇ 5 ਹਜ਼ਾਰ ਰੁਪਏ ਪੰਡਤ ਨੂੰ ਕੰਨਿਆਦਾਨ ਵਜੋਂ ਵੀ ਦਿਤੇ, ਪੰਡਤ ਨਾਲ ਹੋਈ ਜ਼ਿਆਦਤੀ ਦਾ ਬਦਲਾ ਲੈਂਦਿਆਂ ਹਾਕਮ ਦਾ ਖ਼ਜ਼ਾਨਾ ਵੀ ਜ਼ਬਤ ਕਰ ਲਿਆ, 20 ਅਪ੍ਰੈਲ 1803 ਨੂੰ ਜੱਸਾ ਸਿੰਘ ਰਾਮਗੜ੍ਹੀਆ ਸ਼ਹੀਦ ਹੋ ਗਏ ਅਤੇ 20 ਅਪ੍ਰੈਲ ਨੂੰ ਜੱਸਾ ਸਿੰਘ ਦੀ ਸ਼ਹੀਦੀ ਵਾਲੇ ਦਿਨ ਹੀ 20 ਅਪ੍ਰੈਲ ਨੂੰ ਗ਼ੈਰ ਸਿੱਖਾਂ ਵਲੋਂ ਭਾਈ ਮਿੰਟੂ ਦੇ ਅਕਾਲ ਚਲਾਣੇ ਮੌਕੇ ਖ਼ੁਸ਼ੀਆਂ ਮਨਾਉਣੀਆਂ ਅਕ੍ਰਿਤਘਣਤਾ ਦੀ ਸਿਖਰ ਹੈ। ਮਰਹੱਟਿਆਂ ਨਾਲ ਪਾਣੀਪਤ ਦੀ ਲੜਾਈ ਜਿੱਤਣ ਪਿੱਛੋਂ ਸਿੱਖ ਫ਼ੌਜ ਵਲੋਂ 2 ਹਜ਼ਾਰ ਹਿੰਦੂ ਲੜਕੀਆਂ ਨੂੰ ਛੁਡਾਉਣਾ, ਅਟਕ ਦਰਿਆ ਨੇੜੇ ਅਬਦਾਲੀ ਕੋਲੋਂ ਨੌਜਵਾਨ ਹਿੰਦੂ ਲੜਕੀਆਂ ਛੁਡਾ ਕੇ ਸਹੀ ਸਲਾਮਤ ਉਨ੍ਹਾਂ ਦੇ ਘਰਾਂ ਤਕ ਪਹੁੰਚਾਉਣ ਦਾ ਇਤਿਹਾਸ ਅੱਜ ਵੀ ਕਿਤਾਬਾਂ 'ਚ ਦਰਜ ਹੈ। ਸੰਤ ਭਿੰਡਰਾਂਵਾਲੇ, ਸਤਵੰਤ ਸਿੰਘ, ਬੇਅੰਤ ਸਿੰਘ ਸਮੇਤ ਹੋਰ ਸਿੱਖ ਸ਼ਹੀਦਾਂ ਪ੍ਰਤੀ ਮਾੜੀ ਸੋਚ ਰੱਖਣ ਵਾਲੇ ਫਿਰਕੂ ਅਨਸਰਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਖ਼ੂਬ ਲਾਹਨਤਾਂ ਪਾਈਆਂ ਜਾ ਰਹੀਆਂ ਹਨ।