
ਮਾਨਸਾ ਜੇਲ 'ਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਸ਼ਾ ਤਸਕਰੀ ਦਾ ਖ਼ੁਲਾਸਾ ਹੋਇਆ ਹੈ। ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਅੱਜ ਭ੍ਰਿਸਟਾਚਾਰ ਦੇ ਕੇਸ ....
ਬਠਿੰਡਾ, 21 ਮਈ (ਸੁਖਜਿੰਦਰ ਮਾਨ) : ਮਾਨਸਾ ਜੇਲ 'ਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਸ਼ਾ ਤਸਕਰੀ ਦਾ ਖ਼ੁਲਾਸਾ ਹੋਇਆ ਹੈ। ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਅੱਜ ਭ੍ਰਿਸਟਾਚਾਰ ਦੇ ਕੇਸ 'ਚ ਗ੍ਰਿਫਤਾਰ ਡਿਪਟੀ ਜੇਲ ਸੁਪਰਡੈਂਟ ਦੇ ਦਫ਼ਤਰ ਦੀ ਤਲਾਸ਼ੀ ਦੌਰਾਨ ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਤੇ ਬੀੜੀਆਂ ਦੇ ਮੰਡਲ ਬਰਾਮਦ ਹੋਏ ਹਨ। ਇਸ ਕੇਸ 'ਚ ਪਿਛਲੇ ਕਰੀਬ ਡੇਢ ਸਾਲ ਤੋਂ ਭਗੋੜਾ ਚੱਲਿਆ ਆ ਰਿਹਾ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਵਲੋਂ ਲੰਘੀ 19 ਮਈ ਨੂੰ ਅਦਾਲਤ ਵਿਚ ਆਤਮਸਮਰਪਣ ਕਰ ਦਿੱਤਾ ਸੀ।
ਜਿਸਤੋਂ ਬਾਅਦ ਉਕਤ ਅਧਿਕਾਰੀ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਵਿਜੀਲੈਂਸ ਕੋਲ ਹੈ। ਸੂਤਰਾਂ ਅਨੁਸਾਰ ਉਕਤ ਅਧਿਕਾਰੀ ਦੇ ਦਫ਼ਤਰ ਦੀ ਅਲਮਾਰੀ ਨੂੰ ਵਿਜੀਲੈਂਸ ਵਲੋਂ ਸੀਲ ਕੀਤਾ ਹੋਇਆ ਸੀ, ਜਿਸਨੂੰ ਅੱਜ ਉਸਦੀ ਹਾਜ਼ਰੀ ਵਿਚ ਖ਼ੁਲਵਾਇਆ ਗਿਆ। ਵਿਜੀਲੈਂਸ ਦੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਤਲਾਸ਼ੀ ਦੌਰਾਨ ਇਸ ਵਿਵਾਦਤ ਅਧਿਕਾਰੀ ਦੀ ਅਲਮਾਰੀ ਵਿਚੋਂ 97 ਨਸ਼ੀਲੀਆ ਗੋਲੀਆਂ ਤੋਂ ਇਲਾਵਾ 29 ਮੰਡਲ ਬੀੜੀਆਂ ਦੇ ਬਰਾਮਦ ਹੋਏ ਹਨ।
ਇਸੇ ਤਰ੍ਹਾਂ 25 ਮੋਬਾਇਲ ਫ਼ੋਨ, 7 ਸਿੰਮ, 15 ਮੋਬਾਇਲ ਚਾਰਜ਼ਰਾਂ ਤੋਂ ਇਲਾਵਾ ਵਿਜੀਲੈਂਸ ਦੀ ਟੀਮ ਹੱਥ ਇਸ ਅਲਮਾਰੀ ਹੱਥ ਅਹਿਮ ਦਸਤਾਵੇਜ ਵੀ ਲੱਗੇ ਹਨ। ਜਿਸਤੋਂ ਸਪੱਸ਼ਟ ਪਤਾ ਚੱਲਦਾ ਹੈ ਕਿ ਜੇਲ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜੇਲ ਅੰਦਰ ਕਿਸ ਤਰ੍ਹਾਂ ਨਸ਼ਿਆਂ ਦਾ ਨੈਟਵਰਕ ਚੱਲ ਰਿਹਾ ਸੀ। ਇੰਨ੍ਹਾਂ ਦਸਤਾਵੇਜ਼ਾਂ ਦੇ ਹੱਥ ਲੱਗਣ ਤੋਂ ਬਾਅਦ ਹੁਣ ਉਕਤ ਜੇਲ ਦੇ ਕਈ ਹੋਰ ਮੁਲਾਜਮਾਂ ਵਿਰੁਧ ਵੀ ਗਾਜ਼ ਡਿੱਗਣ ਦੀ ਸੰਭਾਵਨਾ ਹੈ।
Vigilance Bureau
ਸੂਤਰਾਂ ਮੁਤਾਬਕ ਵਿਵਾਦਤ ਅਧਿਕਾਰੀ ਦੀ ਅਲਮਾਰੀ ਵਿਚੋਂ ਇੱਕ ਫ਼ਾਈਲ ਵਿਚ ਕਈ ਕੈਦੀਆਂ ਦੇ ਬਿਆਨ ਲਿਖੇ ਹੋਏ ਮਿਲੇ ਹਨ, ਜਿੰਨ੍ਹਾਂ ਜੇਲ ਦੇ ਕਈ ਜੇਲ ਵਾਰਡਨਾਂ ਤੇ ਹੌਲਦਾਰਾਂ ਦੇ ਰਾਹੀ ਜੇਲ ਅੰਦਰ ਨਸ਼ੇ ਤੇ ਮੋਬਾਇਲ ਫ਼ੋਨ ਲਿਆਉਣ ਸਬੰਧੀ ਖ਼ੁਲਾਸਾ ਕੀਤਾ ਹੈ। ਇਸ ਦੇ ਇਲਾਵਾ ਇਹ ਵੀ (ਬਾਕੀ ਸਫ਼ਾ 10 'ਤੇ)
ਪਤਾ ਲੱਗਿਆ ਹੈ ਕਿ ਪੰਜਾਬ ਦੇ ਵਧੀਕ ਡੀ.ਜੀ.ਪੀ ਖ਼ੁਫ਼ੀਆ ਵਿੰਗ ਦੁਆਰਾ ਕਰੀਬ ਦੋ ਸਾਲ ਪਹਿਲਾਂ ਜੇਲ ਅਧਿਕਾਰੀਆਂ ਨੂੰ ਲਿਖਿਆ ਇੱਕ ਪੱਤਰ ਵੀ ਵਿਜੀਲੈਂਸ ਦੀ ਟੀਮ ਹੱਥ ਲੱਗਿਆ ਹੈ, ਜਿਸ ਰਾਹੀ ਕੈਦੀ ਪਵਨ ਕੁਮਾਰ ਉਪਰ ਜੇਲ 'ਚ ਨਸ਼ਾ ਤਸਕਰੀ ਦੇ ਦੋਸ਼ ਲਗਾਏ ਹਨ।
ਦੱਸਣਾ ਬਣਦਾ ਹੈ ਕਿ 17 ਦਸੰਬਰ ਨੂੰ ਵਿਜੀਲੈਂਸ ਵਲੋਂ ਉਕਤ ਜੇਲ 'ਚ ਬੰਦ ਇੱਕ ਕੈਦੀ ਗੌਰਵ ਕੁਮਾਰ ਦੇ ਭਰਾ ਰਵਿੰਦਰ ਕੁਮਾਰ ਤੋਂ 50 ਹਜ਼ਾਰ ਰੁਪਏ ਨਗਦ ਅਤੇ 86,200 ਰੁਪਏ ਦਾ ਚੈਕ ਲੈਂਦੇ ਹੋਏ ਸਹਾਇਕ ਜੇਲ ਸੁਪਰਡੈਂਟ(ਭਲਾਈ) ਸਿਕੰਦਰ ਸਿੰਘ ਅਤੇ ਕੈਦੀ ਪਵਨ ਕੁਮਾਰ ਨੂੰ ਮੌਕੇ 'ਤੇ ਕਾਬੂ ਕਰ ਲਿਆ ਸੀ। ਵੱਡੀ ਹੈਰਾਨੀ ਦੀ ਗੱਲ ਇਹ ਵੀ ਸੀ ਕਿ ਜੇਲ ਸੁਪਰਡੈਂਟ ਦੇ ਆਦੇਸ਼ਾਂ ਤੋਂ ਬਾਅਦ ਪੈਸੇ ਲੈਣ ਲਈ ਉਕਤ ਕੈਦੀ ਪਵਨ ਕੁਮਾਰ ਨਜਾਇਜ਼ ਤੌਰ 'ਤੇ ਸਹਾਇਕ ਸੁਪਰਡੈਂਟ ਨਾਲ ਜੇਲ ਤੋਂ ਬਾਹਰ ਆਇਆ ਹੋਇਆ ਸੀ।
ਸੂਤਰਾਂ ਅਨੁਸਾਰ ਗੌਰਵ ਕੁਮਾਰ ਵੀ ਪਹਿਲਾਂ ਜੇਲ ਅਧਿਕਾਰੀਆਂ ਦੇ ਇਸ਼ਾਰੇ 'ਤੇ ਇਹੀ ਕੰਮ ਕਰਦਾ ਸੀ। ਇਸਦੇ ਬਦਲੇ ਜੇਲ ਵਿਭਾਗ ਵਲੋਂ ਉਸਤੋਂ ਸਹੂਲਤਾਂ ਦੇ ਨਾਮ ਹੇਠ ਕੋਈ ਪੈਸਾ ਨਹੀਂ ਲਿਆ ਜਾਂਦਾ ਸੀ। ਪ੍ਰੰਤੂ ਕੈਦੀਆਂ ਦੇ ਪ੍ਰਵਾਰ ਵਾਲਿਆਂ ਕੋਲੋ ਸਹੂਲਤਾਂ ਬਦਲੇ ਲਏ ਜਾਂਦੇ ਪੈਸਿਆਂ ਨੂੰ ਗੌਰਵ ਦੇ ਖ਼ਾਤੇ ਵਿਚ ਪਵਾ ਦਿੱਤਾ ਜਾਂਦਾ ਸੀ। ਸੂਤਰਾਂ ਅਨੁਸਾਰ ਬਾਅਦ ਵਿਚ ਕੈਦੀ ਗੌਰਵ ਉਪਰ ਜੇਲ ਅਧਿਕਾਰੀਆਂ ਨੂੰ ਸ਼ੱਕ ਹੋ ਗਿਆ, ਜਿਸਦੇ ਚੱਲਦੇ ਉਸਨੂੰ ਕੈਦੀਆਂ ਦੇ ਪ੍ਰਵਾਰਾਂ ਵਲੋਂ ਆਏ ਪੈਸਿਆਂ ਨੂੰ ਵਾਪਸ ਕਰਨ ਲਈ ਕਿਹਾ। ਵਾਪਸ ਨਾ ਕਰਨ 'ਤੇ ਉਸਦੀ ਕੁੱਟਮਾਰ ਵੀ ਕੀਤੀ ਗਈ।
ਪੜਤਾਲ ਦੌਰਾਨ ਸਾਹਮਣੇ ਆਇਆ ਕਿ ਕੈਦੀ ਪਵਨ ਕੁਮਾਰ ਕੋਲ ਰੱਖੇ ਨਜਾਇਜ਼ ਫ਼ੋਨ ਰਾਹੀ ਉਕਤ ਦਿਨ ਜੇਲ ਸੁਪਰਡੈਂਟ ਨਾਂਲ ਵੀ ਗੱਲ ਹੋਈ ਸੀ। ਜਿਸਤੋਂ ਬਾਅਦ ਜੇਲ ਸੁਪਰਡੈਂਟ ਦੀ ਸ਼ੱਕੀ ਭੂਮਿਕਾ ਦੀ ਜਾਂਚ ਕੀਤੀ ਗਈ। ਜਦੋਂ ਕਿ ਡਿਪਟੀ ਜੇਲ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਵੀ ਇਸ ਕੇਸ ਵਿਚ ਨਾਮਜਦ ਹੋਣ ਤੋਂ ਬਾਅਦ ਫਰਾਰ ਹੋ ਗਿਆ ਸੀ। ਹੁਣ ਉਹ 19 ਮÂਂੀ ਨੂੰ ਹੀ ਅਦਾਲਤ ਵਿਚ ਪੇਸ਼ ਹੋਇਆ ਸੀ ਜਦੋਂ ਕਿ 17 ਮਈ ਨੂੰ ਵਿਜੀਲੈਂਸ ਦੀ ਟੀਮ ਨੇ ਜੇਲ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਨੂੰ ਗ੍ਰਿਫਤਾਰ ਕਰ ਲਿਆ ਸੀ।
ਦਸਣਾ ਬਣਦਾ ਹੈ ਕਿ ਕੈਦੀਆਂ ਨੂੰ ਜੇਲ 'ਚ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਲਏ ਜਾ ਰਹੇ ਸਨ। ਮਹੱਤਵਪੂਰਨ ਗੱਲ ਇਹ ਵੀ ਸੀ ਕਿ ਜੇਲ ਅਧਿਕਾਰੀਆਂ ਵਲੋਂ ਕੈਦੀਆਂ ਤੋਂ ਪੈਸੇ ਇਕੱਤਰ ਕਰਨ ਲਈ 20 ਸਾਲਾਂ ਕੈਦ ਕੱਟ ਰਹੇ ਪਵਨ ਕੁਮਾਰ ਨਾਂ ਦੇ ਕੈਦੀ ਨੂੰ ਹੀ ਜਿੰਮੇਵਾਰੀ ਸੋਂਪੀ ਹੋਈ ਸੀ। ਇਸ ਕੰਮ ਲਈ ਉਸਨੂੰ ਇੱਕ ਵਿਸੇਸ ਮੋਬਾਇਲ ਫ਼ੋਨ ਵੀ ਮੁਹੱਈਆਂ ਕਰਵਾਇਆ ਹੋਇਆ ਸੀ।
ਜਿਹੜਾ ਕਿ ਉਸਦੇ ਅਪਣੇ ਨਾਮ ਉਪਰ ਹੀ ਰਜਿਸਟਰਡ ਸੀ। ਵਿਜੀਲੈਂਸ ਦੇ ਅਧਿਕਾਰੀਆਂ ਨੂੰ ਜੇਲ ਤੋਂ ਮਿਲੇ ਗੁਪਤ ਦਸਤਾਵੇਜ਼ਾਂ ਮੁਤਾਬਕ ਕੈਦੀਆਂ ਨੂੰ ਸਹੂਲਤਾਂ ਦੇ ਨਾਮ ਹੇਠ ਹਰ ਮਹੀਨੇ ਲੱਖਾਂ ਰੁਪਇਆ ਇਕੱਠਾ ਕੀਤਾ ਜਾਂਦਾ ਸੀ, ਜਿਸ ਵਿਚੋਂ ਵੱਡਾ ਹਿੱਸਾ ਜੇਲ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਅਤੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਨੂੰ ਜਾਂਦਾ ਸੀ।