
ਜਾਣੋ, ਕੀ ਹੈ ਪੂਰਾ ਮਾਮਲਾ
ਅੰਮ੍ਰਿਤਸਰ: ਅਮਰੀਕਨ ਸਿੱਖ ਕੌਂਸਿਲ ਤੋਂ ਬਾਅਦ ਵਰਲਡ ਸਿੱਖ ਆਰਗਾਨਾਈਜ਼ੇਸ਼ਨ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਆਲੇ ਦੁਆਲੇ ਦੀ ਜ਼ਮੀਨ ਤੇ ਕਿਸੇ ਵੀ ਤਰ੍ਹਾਂ ਦੀ ਇਮਾਰਤ ਨਾ ਬਣਾਈ ਜਾਵੇ। ਇਹ ਜ਼ਮੀਨ ਗੁਰਦੁਆਰੇ ਦੀ ਹੈ। ਵਰਲਡ ਸਿੱਖ ਆਰਗਾਨਾਈਜ਼ੇਸ਼ਨ ਦੇ ਪ੍ਰਧਾਨ ਮੁਖਬੀਰ ਸਿੰਘ ਦਾ ਕਹਿਣਾ ਹੈ ਕਿ ਕੈਨੇਡਾ ਦੇ ਸਿੱਖਾਂ ਨੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ।
Kartarpur Corridor
ਉਹਨਾਂ ਕਿਹਾ ਕਿ ਗੁਰਦੁਆਰੇ ਨੂੰ ਉਸੇ ਤਰ੍ਹਾਂ ਰਹਿਣ ਦਿੱਤਾ ਜਾਵੇ ਜਿਸ ਤਰ੍ਹਾਂ ਉਹ ਪਹਿਲਾਂ ਤੋਂ ਹੈ। ਇਸ ਨੂੰ ਵੀ ਚੜਦੇ ਪੰਜਾਬ ਦੇ ਗੁਰਦੁਆਰਿਆਂ ਵਾਂਗ ਸੰਗਮਰਮਰ ਦੀ ਪਰਤ ਨਾ ਚੜ੍ਹਾਈ ਜਾਵੇ ਅਤੇ ਇਸ ਦੀ ਬਨਾਵਟ ਉਸੇ ਤਰ੍ਹਾਂ ਦੀ ਰਹਿਣ ਦਿੱਤੀ ਜਾਵੇ ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਹੈ। ਭਾਰਤੀ ਪੰਜਾਬ ਦੇ ਬਹੁਤ ਸਾਰੇ ਗੁਰਦੁਆਰੇ ਹਨ ਜਿਹਨਾਂ ਉੱਤੇ ਸੰਗਮਰਮਰ ਚੜ੍ਹਾ ਦਿੱਤਾ ਗਿਆ ਹੈ ਜਿਸ ਨਾਲ ਉਹਨਾਂ ਦੀ ਪੁਰਾਤਨ ਦਿੱਖ ਖਤਮ ਹੋ ਗਈ ਹੈ ਅਤੇ ਸਾਰੇ ਇਕੋ ਜਿਹੇ ਦਿਖਦੇ ਹਨ।
kartarpur corridor
ਵਰਲਡ ਸਿੱਖ ਆਰਗਾਈਨੀਜ਼ੇਸ਼ਨ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰੇ ਦੇ ਆਲੇ ਦੁਆਲੇ ਦੀ 104 ਏਕੜ ਜ਼ਮੀਨ ਹੈ ਜੋ ਕਿ ਗੁਰੂ ਨਾਨਕ ਨੇ ਅਪਣੇ ਸਮੇਂ ਤੇ ਵਾਹੀ ਸੀ, ਉਸ ਤੇ ਕਿਸੇ ਵੀ ਤਰ੍ਹਾਂ ਦੀ ਇਮਾਰਤ ਨਾ ਬਣਾਈ ਜਾਵੇ। ਉਹ ਜਿਵੇਂ ਹੈ ਉਸ ਨੂੰ ਉਸੇ ਤਰ੍ਹਾਂ ਰਹਿਣ ਦਿੱਤਾ ਜਾਵੇ। ਮੁਖਬੀਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਐਲਾਨ ਨਵੰਬਰ 2018 ਵਿਚ ਕੀਤਾ ਗਿਆ ਸੀ। ਹੁਣ ਇਸ ਸਥਾਨ ਤੇ ਲਾਂਘੇ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ।
1 ਮਈ 2019 ਨੂੰ ਜਿਹੜੀ ਰਿਪੋਰਟ ਆਈ ਸੀ ਉਸ ਵਿਚ ਦਸਿਆ ਗਿਆ ਹੈ ਕਿ ਪਾਕਿਸਤਾਨ ਸਰਕਾਰ ਨੇ ਜਦੋਂ ਵਪਾਰਕ ਇਮਾਰਾਤਾਂ ਦਾ ਨਿਰਮਾਣ ਕੀਤਾ ਸੀ ਤਾਂ ਉਸ ਸਮੇਂ ਉਹਨਾਂ ਨੇ ਕਈ ਬਾਗਾਂ ਦਾ ਵਿਨਾਸ਼ ਕਰ ਦਿੱਤਾ ਸੀ। ਇੱਥੇ ਉਹਨਾਂ ਨੇ ਹੋਟਲ ਵੀ ਬਣਾਏ ਸਨ। ਜ਼ਾਹਰ ਹੈ ਕਿ ਇੱਥੇ ਆਵਾਜਾਈ ਵੀ ਬਹੁਤ ਹੋ ਜਾਵੇਗੀ। ਲੋਕਾਂ ਦਾ ਆਉਣਾ ਜਾਣਾ ਲਗਿਆ ਰਹੇਗਾ। ਇਸ਼ ਪ੍ਰਕਾਰ ਸੰਗਤਾਂ ਲਈ ਖ਼ਾਸ ਪ੍ਰਬੰਧ ਕੀਤੇ ਜਾਣਗੇ।
Kartarpur Sahib
ਇਸ ਵਾਸਤੇ ਪਾਣੀ ਦੀਆਂ ਟੈਂਕੀਆਂ ਵੀ ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ ਵਪਾਰਕ ਇਮਾਰਤਾਂ, ਹੋਟਲ ਆਦਿ ਵੀ ਬਣਾਏ ਜਾਣਗੇ। ਪਰ ਇਹਨਾਂ ਨੂੰ ਬਣਾਉਣ ਸਮੇਂ ਇਹ ਧਿਆਨ ਰੱਖਿਆ ਜਾਵੇ ਕਿ ਇਹ ਸਾਰੀਆਂ ਸੰਸਥਾਵਾਂ ਅਤੇ ਇਮਾਰਤਾਂ 104 ਏਕੜ ਦੀ ਜ਼ਮੀਨ ਦੇ ਘੇਰੇ ਵਿਚ ਨਾ ਹੋਣ। ਇਸ ਨੂੰ ਘਟ ਤੋਂ ਘਟ ਇਕ ਕਿਲੋਮੀਟਰ ਦੀ ਦੂਰੀ ’ਤੇ ਬਣਾਇਆ ਜਾਵੇ।
ਇਸ ਹੱਦ ਦੇ ਅੰਦਰ ਪ੍ਰਦੂਸ਼ਣ ਪੈਦਾ ਕਰਨ ਵਾਲੇ ਵਾਹਨਾਂ ਦਾ ਪ੍ਰਯੋਗ ਨਾ ਕੀਤਾ ਜਾਵੇ ਕਿਉਂਕਿ ਇਸ ਨਾਲ ਇਸ ਖੇਤਰ ਦੇ ਪੇੜ ਪੌਦੇ ਅਤੇ ਪਸ਼ੂਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਆਰਗਾਈਨੀਜ਼ੇਸ਼ਨ ਦੀ ਮੰਗ ਹੈ ਕਿ ਗੁਰੂ ਨਾਨਕ ਵੱਲੋਂ ਵਾਹੇ ਗਏ ਖੇਤਾਂ ਵਿਚ ਵਸਦੇ ਜਾਨਵਰਾਂ, ਦਰਖ਼ਤਾਂ ਅਤੇ ਪੌਦਿਆਂ ਨੂੰ ਸੁਰੱਖਿਅਤ ਕੀਤਾ ਜਾਵੇ। ਇਹ ਵੀ ਮੰਗ ਕੀਤੀ ਗਈ ਹੈ ਕਿ ਕਰਤਾਰਪੁਰ ਸਾਹਿਬ ਵਿਚ ਜਿਹੜੀਆਂ ਵੀ ਸਹੂਲਤੀ ਇਮਾਰਤਾਂ ਬਣਾਈਆਂ ਜਾਣਗੀਆਂ ਉਹਨਾਂ ਨੂੰ ਪੁਰਾਤਨ ਇਮਾਰਤਾਂ ਨਾਲ ਮੇਲ ਖਾਂਦਾ ਬਣਾਇਆ ਜਾਵੇ।