
ਬੀਤੀ ਦੇਰ ਸ਼ਾਮ ਚਲੇ ਹਨੇਰੀ ਝੱਖੜ ਕਾਰਨ ਹਲਕੇ ਦੇ ਬੇਟ ਖੇਤਰ ਵਿਚ ਭਾਰੀ ਨੁਕਸਾਨ ਹੋਇਆ ਹੈ.....
ਕਾਹਨੂੰਵਾਨ : ਬੀਤੀ ਦੇਰ ਸ਼ਾਮ ਚਲੇ ਹਨੇਰੀ ਝੱਖੜ ਕਾਰਨ ਹਲਕੇ ਦੇ ਬੇਟ ਖੇਤਰ ਵਿਚ ਭਾਰੀ ਨੁਕਸਾਨ ਹੋਇਆ ਹੈ। ਹਲਕੇ ਦੇ ਲੋਕਾਂ ਨੇ ਦਸਿਆ ਕਿ ਇਸ ਹਨੇਰੀ ਝੱਖੜ ਦਾ ਅਸਰ ਸੱਲੋਪੁਰ ਅਤੇ ਨੇੜਲੇ ਕੁੱਝ ਪਿੰਡਾਂ ਵੀ ਹੀ ਦੇਖਣ ਨੂੰ ਮਿਲਿਆ ਹੈ। ਝੱਖੜ ਦੌਰਾਨ ਚੱਕਰਵਾਤ ਦੀ ਤਰ੍ਹਾਂ ਚਲੇ ਤੂਫ਼ਾਨ ਵਿਚ ਜੋ ਵੀ ਕੁੱਝ ਆਇਆ ਉਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਭੈਣੀ ਮੀਆਂ ਖ਼ਾਂ ਤੋਂ ਤੁਗਲਵਾਲ ਤਕ ਜਾਂਦੀ ਸੜਕ ਦੇ ਕੰਢੇ ਦਰਜਨਾਂ ਦਰੱਖ਼ਤ ਟੁੱਟ ਕੇ ਰਸਤੇ ਵਿਚ ਡਿੱਗ ਗਏ ਜਿਸ ਕਾਰਨ ਕਈ ਘੰਟੇ ਤਕ ਆਵਾਜਾਈ ਪ੍ਰਭਾਵਤ ਰਹੀ।
ਤੂਫ਼ਾਨ ਦੀ ਮਾਰ ਹੇਠ ਆਏ ਖੇਤਰ ਵਿਚ ਦਰੱਖ਼ਤਾਂ ਤੋਂ ਬਿਜਲੀ ਦੇ ਖੰਭੇ ਤੇ ਟਰਾਂਸਫ਼ਾਰਮਰ ਵੀ ਵੱਡੀ ਗਿਣਤੀ ਵਿਚ ਨੁਕਸਾਨੇ ਗਏ ਜਿਸ ਕਾਰਨ ਦਿਨ ਸਮੇਂ ਪੂਰਾ ਸਮਾਂ ਬਿਜਲੀ ਲਗਭਗ ਠੱਪ ਰਹੀ। ਇਸ ਸਬੰਧੀ ਜਦੋਂ ਐਸਡੀਓ ਅਮਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਸਿਆ ਕਿ ਹਲਕੇ ਦੇ ਪਿੰਡ ਸੱਲੋਪੁਰ, ਨਾਨੋਵਾਲ ਖ਼ੁਰਦ, ਨਾਨੋਵਾਲ ਕਲਾਂ ਅਤੇ ਜੀਂਦੜ ਆਦਿ ਪਿੰਡਾਂ ਨੇੜੇ ਕੋਈ ਤਿੰਨ ਕਿਲੋਮੀਟਰ ਦੇ ਰਕਬੇ ਵਿਚ ਬਿਜਲੀ ਦੀਆਂ ਲਾਈਨਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਜੰਗਲਾਤ ਵਿਭਾਗ ਵਲੋਂ ਸੜਕ 'ਤੇ ਡਿੱਗੇ ਦਰੱਖ਼ਤਾਂ ਦੀ ਸਫ਼ਾਈ ਕਰਨ ਤੋਂ ਬਾਅਦ ਬਿਜਲੀ ਮੁਲਾਜ਼ਮਾਂ ਵਲੋਂ ਮੁਰੰਮਤ ਦਾ ਕੰਮ ਸ਼ੁਰੂ ਕਰ ਦਿਤਾ ਹੈ। ਇਸ ਕੰਮ ਵਿਚ ਪਿੰਡ ਵਾਸੀਆਂ ਦੇ ਮਿਲ ਰਹੇ ਭਾਰੀ ਸਹਿਯੋਗ ਨਾਲ ਬਿਜਲੀ ਲਾਈਨਾਂ ਅਤੇ ਨੁਕਸਾਨੇ ਟਰਾਂਸਫ਼ਾਰਮਰਾਂ ਦੀ ਮੁਰੰਮਤ ਕਰ ਕੇ ਕੁੱਝ ਪਿੰਡਾਂ ਦੀ ਬਿਜਲੀ ਸਪਲਾਈ ਸ਼ਾਮ ਤਕ ਚਾਲੂ ਕਰ ਦਿਤੀ ਗਈ ਹੈ ਅਤੇ ਬਾਕੀ ਰਹਿੰਦੇ ਪਿੰਡਾਂ ਦੀ ਬਿਜਲੀ ਸਪਲਾਈ ਦੇਰ ਸ਼ਾਮ ਤਕ ਚਾਲੂ ਕਰ ਦਿਤੀ ਜਾਵੇਗੀ।