
ਪੰਜਾਬ ਯੂਨੀਵਰਸਟੀ ਦੇ ਹੋਸਟਲਾਂ ਵਿਚ ਸਹਿਕਾਰੀ ਮੈਸ ਚਲਾਉਣ ਦੀ ਪਹਿਲ ਨੂੰ ਕੋਈ ਹੁੰਗਾਰਾ ਨਾ ਮਿਲਣ ਕਰ ਕੇ ਇਹ ਸਕੀਮ ਠੰਢੇ ਬਸਤੇ ਵਿਚ.....
ਚੰਡੀਗੜ੍ਹ : ਪੰਜਾਬ ਯੂਨੀਵਰਸਟੀ ਦੇ ਹੋਸਟਲਾਂ ਵਿਚ ਸਹਿਕਾਰੀ ਮੈਸ ਚਲਾਉਣ ਦੀ ਪਹਿਲ ਨੂੰ ਕੋਈ ਹੁੰਗਾਰਾ ਨਾ ਮਿਲਣ ਕਰ ਕੇ ਇਹ ਸਕੀਮ ਠੰਢੇ ਬਸਤੇ ਵਿਚ ਚਲੀ ਗਈ ਹੈ। ਪਿਛਲੇ ਸਾਲ ਜੀ.ਐਸ.ਟੀ. ਤੋਂ ਬਚਣ ਲਈ ਯੂਨੀਵਰਸਟੀ ਪ੍ਰਸ਼ਾਸਨ ਨੇ ਸਹਿਕਾਰੀ ਖਾਣਾ ਦੇਣ ਸਬੰਧੀ ਇਕ ਰਾਏਸ਼ੁਮਾਰੀ ਕਰਵਾਈ ਸੀ, ਜਿਸ ਵਿਚ ਬਹੁਗਿਣਤੀ ਵਿਦਿਆਰਥੀ ਇਸ ਦੇ ਵਿਰੋਧ ਵਿਚ ਖੜੇ ਨਜ਼ਰ ਆਏ। ਇਸ ਮਾਮਲੇ ਬਾਰੇ ਜਦ ਡੀਨ ਵਿਦਿਆਰਥੀ ਭਲਾਈ ਪ੍ਰੋ. ਮੈਨੂਅਲ ਤੋਂ ਜਾਣਨਾ ਚਾਹਿਆ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਾਲ ਕਰਵਾਈ ਰਾਏਸ਼ੁਮਾਰੀ ਵਿਚ ਲਗਭਗ 70 ਫ਼ੀ ਸਦੀ ਵਿਦਿਆਰਥੀਆਂ ਨੇ ਸਹਿਕਾਰੀ ਮੈਸ ਦੀ ਥਾਂ 'ਤੇ ਠੇਕੇ ਵਾਲੇ ਖਾਣੇ ਨੂੰ
ਪਹਿਲ ਦਿਤੀ, ਇਸ ਕਰ ਕੇ ਇਹ ਸਕੀਮ ਲਾਗੂ ਨਹੀਂ ਹੋ ਸਕੀ। ਦੂਜਾ ਉਨ੍ਹਾਂ ਦਾਅਵਾ ਕੀਤਾ ਕਿ ਹੁਣ ਖਾਣੇ 'ਤੇ ਜੀ.ਐਸ.ਟੀ. ਕਾਫ਼ੀ ਘੱਟ ਹੈ, ਇਸ ਲਈ ਇਸ ਦਾ ਕੋਈ ਬਹੁਤ ਪ੍ਰਭਾਵ ਨਹੀਂ। ਹੋਸਟਲ ਨੰਬਰ-3 ਦੇ ਲੜਕੇ 30 ਸਾਲਾਂ ਤੋਂ ਸਹਿਕਾਰੀ ਮੈਸ ਚਲਾਉਂਦੇ ਹਨ: ਸਹਿਕਾਰੀ ਖਾਣੇ ਦੀ ਸਕੀਮ ਬਾਰੇ ਸਪੋਕਸਮੈਨ ਵਲੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਲੜਕਿਆਂ ਦੇ ਹੋਸਟਲ ਨੰਬਰ-3 ਵਿਚ ਪਿਛਲੇ 30 ਸਾਲਾਂ ਤੋਂ ਸਹਿਕਾਰੀ ਮੈਸ ਪੂਰੀ ਸਫ਼ਲਤਾ ਨਾਲ ਚਲ ਰਿਹਾ ਹੈ। ਇਸ ਬਾਰੇ ਜਦ ਹੋਸਟਲ ਵਾਰਡਨ ਡਾ. ਸੰਜੀਵ ਗੌਤਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੀ ਇਸ ਦੀ ਪੁਸ਼ਟੀ ਕੀਤੀ। ਇਸ ਹੋਰ ਸੁਆਲ ਦੇ ਜਵਾਬ ਵਿਚ ਡਾ. ਗੌਤਮ ਨੇ ਦਸਿਆ
ਕਿ ਸ਼ੁਰੂ ਵਿਚ ਇਹ ਸਕੀਮ ਕਈ ਹੋਰ ਹੋਸਟਲਾਂ ਵਿਚ ਵੀ ਚਲਾਈ ਗਈ ਸੀ ਪਰ ਹੌਲੀ-ਹੌਲੀ ਇਹ ਬੰਦ ਹੋ ਗਈ ਕਿਉਂÎਕ ਵਿਦਿਆਰਥੀ ਕੰਮ ਕਰਨ ਜਾਂ ਜੁੰਮੇਵਾਰੀ ਲੈਣ ਨੂੰ ਤਿਆਰ ਨਹੀਂ। ਉਨ੍ਹਾਂ ਦਸਿਆ ਕਿ ਸਹਿਕਾਰੀ ਮੈਸ ਤੋਂ 150-200 ਵਿਦਿਆਰਥੀ ਖਾਣਾ ਖਾਂਦੇ ਹਨ। ਇਸ ਖਾਣੇ ਲਈ ਵਿਦਿਆਰਥੀਆਂ ਦੀ ਆਪਸ਼ਨ ਲਈ ਜਾਂਦੀ ਹੈ। ਸਹਿਕਾਰੀ ਖਾਣਾ ਭਾਵੇਂ ਠੇਕੇਦਾਰ ਦੇ ਖਾਣੇ ਨਾਲੋਂ ਮਹਿੰਗਾ ਹੁੰਦਾ ਹੈ ਪਰ ਇਹ ਵਧੀਆ ਹੁੰਦਾ ਹੈ। ਸਹਿਕਾਰੀ ਮੈਸ ਦੀ ਦੇਖਰੇਖ ਲਈ 7 ਮੈਂਬਰੀ ਕਮੇਟੀ ਕੰਮ ਕਰਦੀ ਹੈ। ਵਿਦਿਆਰਥੀ ਨੇਤਾ ਕੀ ਕਹਿੰਦੇ ਹਨ? : ਇਸ ਮਾਮਲੇ ਬਾਰੇ ਜਦ ਵਿਦਿਆਰਥੀ ਕੌਂਸਲ ਦੇ ਸਾਬਕਾ ਸੰਯੁਕਤ ਸਕੱਤਰ ਕਰਨਬੀਰ ਸਿੰਘ ਰੰਧਾਵਾ ਨਾਲ
ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਉਹ ਬਹੁਗਿਣਤੀ ਵਿਦਿਆਰਥੀਆਂ ਨਾਲ ਹਨ, ਉਨ੍ਹਾਂ ਵੀ ਰਾਏਸੁਮਾਰੀ ਦੇ ਹਵਾਲੇ ਨਾਲ ਦਸਿਆ ਕਿ ਇਸ ਦੇ ਨਤੀਜੇ ਸਹਿਕਾਰੀ ਮੈਸ ਦੇ ਹੱਕ ਵਿਚ ਨਹੀਂ ਹਨ। 18 ਹੋਸਟਲਾਂ ਵਿਚ ਰਹਿੰਦੇ ਹਨ 7 ਹਜ਼ਾਰ ਵਿਦਿਆਰਥੀ: ਇਸ ਵੇਲੇ ਕੁੜੀਆਂ ਦੇ 10 ਅਤੇ ਮੁੰਡਿਆਂ ਦੇ 8 ਹੋਸਟਲ ਹਨ। ਕੁਲ ਮਿਲਾ ਕੇ 18 ਹੋਸਟਲਾਂ 'ਚ 7 ਹਜ਼ਾਰ ਦੇ ਕਰੀਬ ਵਿਦਿਆਰਥੀ ਰਹਿੰਦੇ ਹਨ, ਜਿਨ੍ਹਾਂ ਵਿਚੋ ਸਿਰਫ਼ 200 ਦੇ ਕਰੀਬ ਵਿਦਿਆਰਥੀ ਸਹਿਕਾਰੀ ਮੈਸ ਵਿਚ ਖਾਣਾ
ਖਾਂਦੇ ਹਨ। ਹੋਸਟਲ ਖਾਣੇ 'ਚ ਸ਼ਿਕਾਇਤਾਂ ਆਮ: ਜਿਥੇ ਸਹਿਕਾਰੀ ਖਾਣੇ ਦੀ ਸੱਭ ਤੋਂ ਵੱਡੀ ਖੂਬੀ ਇਹ ਹੈ ਇਹ ਵਿਦਿਆਰਥੀਆਂ ਦੀ ਨਿਗਰਾਨੀ ਵਿਚ ਬਣਨ ਕਰ ਕੇ ਸ਼ੁੱਧ ਅਤੇ ਸਾਫ਼-ਸੁਥਰਾ ਹੁੰਦਾ ਹੈ, ਜਦਕਿ ਬਾਕੀ ਹੋਸਟਲਾਂ ਵਿਚ ਖਾਣੇ ਨੂੰ ਲੈ ਕੇ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਪਰ ਮੌਜੂਦਾ ਸਮੇਂ ਵਿਚ ਨਵੀਂ ਪੀੜ੍ਹੀ ਖਾਣੇ ਬਣਾਉਣ ਜਾਂ ਇਸ ਦੀ ਨਿਗਰਾਨੀ 'ਚ ਬਹੁਤੀ ਦਿਲਚਸਪੀ ਨਹੀਂ ਰਖਦੀ।