
ਸਰਹੱਦੀ ਪਿੰਡ ਕਾਲੂ ਵਾੜਾ ਦੇ ਮਿਹਨਤੀ ਵਿਦਿਆਰਥੀਆਂ ਦੇ ਜਜ਼ਬੇ ਨੂੰ ਸਲਾਮ
ਫਿਰੋਜ਼ਪੁਰ (ਬਲਬੀਰ ਸਿੰਘ ਜੋਸਨ)-: ਸਤਲੁਜ ਦਰਿਆ ਵਿਚ ਆਇਆ ਹੜ ਵੀ ਪੜ੍ਹਨ ਦਾ ਜਜ਼ਬਾ ਦਿਲ ਵਿਚ ਰੱਖਣ ਵਾਲੇ ਸਕੂਲ ਦੇ ਮਿਹਨਤੀ ਨੌਜਵਾਨ ਵਿਦਿਆਰਥੀਆਂ ਦੇ ਰਾਹ ਵਿੱਚ ਰੋੜਾ ਨਹੀ ਬਣ ਸਕਿਆ । ਅਜਿਹਾ ਹੀ ਦੇਖਣ ਵਿੱਚ ਆਇਆ ਕਿ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਾਲੂ ਵਾਲਾ ਦੇ ਕੁਝ ਅਜਿਹੇ ਵਿਦਿਆਰਥੀ ਹਨ, ਜੋ ਰੋਜ਼ਾਨਾ ਹੀ ਪੜ੍ਹਾਈ ਕਰਨ ਲਈ ਸਤਲੁਜ ਦਰਿਆ ਦੇ ਤੇਜ਼ ਵਹਾਅ ਵਿਚ ਖੁਦ ਬੇੜੀ ਚਲਾ ਕੇ ਸਕੂਲ ਪਹੁੰਚਦੇ ਹਨ ।
Stusents
ਟਾਪੂ ਨੁਮਾ ਸਰਹੱਦੀ ਪਿੰਡ ਕਾਲੂ ਵਾੜਾ ਦੇ ਇਨ੍ਹਾਂ ਬਹਾਦਰ ਵਿਦਿਆਰਥੀਆਂ ਦੇ ਜਜ਼ਬੇ ਨੂੰ ਸਲਾਮ ਹੈ, ਜੋ ਬੇਹੱਦ ਜੋਖਮ ਉਠਾ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਚ ਪੜਨ ਦਾ ਜਜ਼ਬਾ ਲੈ ਕੇ ਸਤਲੁਜ ਦਰਿਆ ਦਾ ਬਹੁਤ ਤੇਜ਼ ਵਹਾਅ ਹੋਣ ਦੇ ਬਾਵਜੂਦ ਪਹਿਲਾਂ ਬੇੜੀ ਚਲਾ ਕੇ ਅਤੇ ਫੇਰ 5 ਕਿਲੋਮੀਟਰ ਪੈਦਲ ਚੱਲ ਕੇ ਰੋਜ਼ਾਨਾਂ ਸਕੂਲ ਪਹੁੰਚ ਰਹੇ ਹਨ।
Students
ਜ਼ਿਕਰਯੋਗ ਹੈ ਕਿ ਅਜਿਹੇ ਬੱਚੇ ਪੜ੍ਹਾਈ ਵੀ ਮਨ ਲਗਾ ਕੇ ਕਰਦੇ ਹਨ। ਸਟਾਫ਼ ਦੀ ਪ੍ਰੇਰਨਾ ਸਦਕਾ ਇਨ੍ਹਾਂ ਦੀ ਗਿਣਤੀ ਇਕ ਤੋਂ ਵੱਧ ਕੇ 9 ਹੋ ਗਈ ਹੈ। ਜਿਸ ਨੂੰ ਦੇਖ ਕੇ ਸਾਰੇ ਹੀ ਬੇਹੱਦ ਖੁਸ਼ ਹਨ। ਦੱਸ ਦਈਏ ਕਿ ਗੁਰਪ੍ਰੀਤ ਸਿੰਘ, ਅਮਨ, ਬਲਵਿੰਦਰ ਸਿੰਘ, ਗਗਨ, ਕੁਲਵਿੰਦਰ ਸਿੰਘ, ਮਲਕੀਤ ਸਿੰਘ ਆਦਿ ਬੱਚੇ ਰੋਜ਼ ਹੀ ਸਤਲੁਜ ਦਰਿਆ ਵਿਚ ਬੇੜੀ ਰਾਹੀਂ ਸਕੂਲ ਪਹੁੰਚਦੇ ਹਨ। ਭਾਵੇਂ ਹੀ ਹੜ੍ਹਾਂ ਦੇ ਕਾਰਨ ਇਸ ਵੇਲੇ ਪਾਣੀ ਦਾ ਵਹਾਅ ਦਰਿਆ ਦੇ ਵਿਚ ਕਾਫ਼ੀ ਜ਼ਿਆਦਾ ਤੇਜ਼ ਹੈ, ਪਰ ਬਿਨ੍ਹਾਂ ਕਿਸੇ ਡਰ ਤੋਂ ਇਹ ਬੱਚੇ ਰੋਜ਼ਾਨਾਂ ਸਕੂਲ ਪਹੁੰਚ ਰਹੇ ਹਨ।
Students
ਇਸ ਸਬੰਧ ਵਿਚ ਗੱਲਬਾਤ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਪ੍ਰਿੰਸੀਪਲ ਡਾਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਇਹ ਵਿਦਿਆਰਥੀ ਉਨ੍ਹਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ, ਜੋ ਹਰ ਕਿਸਮ ਦੀ ਸਹੂਲਤ ਹੋਣ ਦੇ ਬਾਵਜੂਦ ਵੀ ਪੜ੍ਹਾਈ ਕਰਨ ਦੀ ਥਾਂ ਗਲਤ ਰਸਤੇ 'ਤੇ ਚੱਲ ਕੇ ਮਾਤਾ ਪਿਤਾ ਲਈ ਮੁਸੀਬਤਾਂ ਖੜੀਆਂ ਕਰਦੇ ਹਨ। ਪ੍ਰਮਾਤਮਾ ਇਨ੍ਹਾਂ ਨੂੰ ਸਫਲਤਾ ਬਖਸ਼ੇ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਪਿਛਲੇ ਕਈ ਸਾਲਾਂ ਤੋਂ ਸਤਲੁਜ ਦਰਿਆ ਦੇ ਵਿਚ ਖੁਦ ਬੇੜੀ ਚਲਾ ਕੇ ਸਕੂਲ ਪਹੁੰਚ ਰਹੇ ਹਨ।
Flood in Punjab
ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਕਾਰਨ ਜਦੋਂ ਸਤਲੁਜ ਦਰਿਆ ਦਾ ਵਹਾਅ ਤੇਜ਼ ਹੋ ਜਾਂਦਾ ਹੈ ਤਾਂ ਸਕੂਲੀ ਵਿਦਿਆਰਥੀਆਂ ਲਈ ਮੁਸ਼ਕਿਲ ਆਉਂਦੀ ਹੈ ਪਰ 'ਹਿੰਮਤ, ਹੌਸਲੇ ਅਤੇ ਸਿੱਖਿਆ ਪ੍ਰਾਪਤੀ ਲਗਨ' ਹੀ ਇਨ੍ਹਾਂ ਦੀ ਮੁਸ਼ਕਲ ਆਸਾਨ ਕਰਨ ਵਿਚ ਸਹਾਈ ਹੁੰਦੀ ਹੈ। ਡਾਕਟਰ ਸਤਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਉਕਤ ਬੱਚਿਆਂ ਦੇ ਮਾਤਾ ਪਿਤਾ ਮਿਹਨਤ ਮਜ਼ਦੂਰੀ ਕਰਦੇ ਹਨ ਅਤੇ ਘੱਟ ਜ਼ਮੀਨ ਹੋਣ ਕਰਕੇ ਮਸਾਂ ਉਹਨਾਂ ਦੇ ਘਰ ਦਾ ਗੁਜ਼ਾਰਾ ਚਲਦਾ ਹੈ । ਇਹ ਬੱਚੇ ਖ਼ੇਤੀ ਵਿਚ ਆਪਣੇ ਮਾਤਾ ਪਿਤਾ ਦਾ ਅਕਸਰ ਸਾਥ ਦਿੰਦੇ ਹਨ।
Floods in Punjab
ਡਾਕਟਰ ਸਾਹਿਬ ਨੇ ਇਹ ਵੀ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀ ਰਾਹ ਮੁਸ਼ਕਲ ਜਰੂਰ ਹੈ, ਪਰ ਇਨ੍ਹਾਂ ਵਿਚ ਪੜ੍ਹਾਈ ਪ੍ਰਾਪਤ ਕਰਨ ਦੀ ਬੇਹੱਦ ਇੱਛਾ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਹੜ੍ਹ ਪੂਰੇ ਪੰਜਾਬ ਵਿਚ ਆਏ ਹੋਏ ਹਨ ਅਤੇ ਜਨਜੀਵਨ ਪੂਰੀ ਤਰਾਂ ਪ੍ਰਭਾਵਿਤ ਹੋਇਆ ਪਿਆ ਹੈ। ਪਰ ਔਖੇ ਰਸਤੇ ਹੋਣ ਦੇ ਬਾਵਜੂਦ ਵੀ ਪਿੰਡ ਕਾਲੂ ਵਾਲਾ ਦੇ ਇਹ ਬੱਚੇ ਰੋਜ਼ ਸਤਲੁਜ ਵਿਚੋਂ ਲੰਘ ਕੇ ਸਕੂਲ ਪਹੁੰਚ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।