
ਰਹਿਣ ਵਾਸਤੇ ਰਿਹਾਇਸ਼ ਦੇ ਪ੍ਰਬੰਧਾਂ ਲਈ ਵੀ ਸੇਵਾਵਾਂ ਦੇਣ ਦੀ ਅਪੀਲ ਕੀਤੀ
ਜਗਰਾਉਂ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਿੱਖ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਹਮੇਸ਼ਾ ਲੋੜਵੰਦਾਂ ਅਤੇ ਕੁਦਰਤੀ ਆਫ਼ਤਾਂ ਤੋਂ ਪੀੜਤ ਮਨੁੱਖਤਾ ਦੀ ਸੇਵਾ ਕਰਨਾ ਅਪਣਾ ਫ਼ਰਜ਼ ਸਮਝਦੀ ਹੈ, ਉਹ ਭਾਵੇਂ ਜੰਮੂ-ਕਸ਼ਮੀਰ ਹੋਵੇ, ਭਾਵੇਂ ਗੁਜਰਾਤ ਹੋਵੇ, ਮਹਾਰਾਸ਼ਟਰ ਹੋਵੇ, ਉਤਰਾਖੰਡ ਹੋਵੇ ਹਰ ਥਾਂ ਅਪਣੀ ਡਿਊਟੀ ਨਿਭਾਉਂਦੀ ਆ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪਿਛਲੇ ਦਿਨਾਂ ਤੋਂ ਸਤਲੁਜ ਦਰਿਆ 'ਤੇ ਪਾਣੀ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਲਈ ਲਾਏ ਲੰਗਰ ਦੌਰਾਨ ਸੇਵਾ ਨੂੰ ਨਿਭਾਉਂਦਿਆਂ ਕੀਤਾ।
Flood in Punjab
ਭਾਈ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਲਾਈਆਂ ਡਿਊਟੀਆਂ ਨੂੰ ਅਪਣਾ ਫ਼ਰਜ਼ ਸਮਝਦਿਆਂ ਇਲਾਕੇ ਦੇ ਇਤਿਹਾਸਕ ਅਸਥਾਨ ਗੁਰਦਵਾਰਾ ਗੁਰੂਸਰ ਕਾਉਂਕੇ ਵਲੋਂ ਸਿੱਧਵਾਂ ਬੇਟ ਇਲਾਕੇ 'ਚ ਹੜ੍ਹ ਪੀੜਤਾਂ ਲਈ ਲੰਗਰ ਦੀ ਸੇਵਾ ਆਰੰਭ ਕੀਤੀ ਹੈ।
Flood in Punjab
ਭਾਈ ਗਰੇਵਾਲ ਅਤੇ ਮੈਨੇਜਰ ਕਰਮਜੀਤ ਸਿੰਘ ਨਾਭਾ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਦਰਿਆਉ ਪਾਰ ਬੰਨ੍ਹ 'ਤੇ ਵਸੇ ਪਿੰਡ ਕੰਨੀਆਂ, ਖ਼ੁਰਸ਼ੈਦਪੁਰਾ, ਗੁਜਰਾਂ ਆਦਿ ਪਿੰਡਾਂ 'ਚ ਪਹੁੰਚ ਕੇ ਲੰਗਰ, ਪਾਣੀ ਵਰਤਾਇਆ ਅਤੇ ਰਹਿਣ ਵਾਸਤੇ ਰਿਹਾਇਸ਼ ਦੇ ਪ੍ਰਬੰਧਾਂ ਲਈ ਵੀ ਸੇਵਾਵਾਂ ਦੇਣ ਦੀ ਅਪੀਲ ਕੀਤੀ। ਇਲਾਕੇ ਦੇ ਲੋਕਾਂ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।