
ਬੇਅਦਬੀ ਤੇ ਗੋਲੀਕਾਂਡ ਦਾ ਇਨਸਾਫ਼ ਮੰਗਦਾ 10 ਸਿੰਘਾਂ ਦਾ 49ਵਾਂ ਜੱਥਾ ਗਿ੍ਰਫ਼ਤਾਰ
ਕੋਟਕਪੂਰਾ, 21 ਅਗੱਸਤ (ਗੁਰਿੰਦਰ ਸਿੰਘ) : ਬੇਅਦਬੀ ਅਤੇ ਉਸ ਤੋਂ ਬਾਅਦ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਵਾਲੇ ਮਾਮਲਿਆਂ ਦੇ ਇਨਸਾਫ਼ ਲਈ ਅਕਾਲੀ ਦਲ ਅੰਮ੍ਰਿਤਸਰ ਵਲੋਂ ਲਾਏ ਗਏ ਇਨਸਾਫ਼ ਮੋਰਚੇ ਦੇ 52ਵੇਂ ਦਿਨ 49ਵੇਂ ਜੱਥੇ ਨੇ ਗਿ੍ਰਫ਼ਤਾਰੀ ਦਿੰਦਿਆਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ ਪੀੜਤ ਪਰਵਾਰਾਂ ਲਈ ਇਨਸਾਫ਼ ਦੀ ਮੰਗ ਕੀਤੀ।
ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਗਿ੍ਰਫ਼ਤਾਰੀ ਦੇਣ ਆਏ ਜੱਥੇ ਵਿਚ ਸ਼ਾਮਲ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਆਏ 10 ਸਿੰਘਾਂ ਜੋਗਿੰਦਰ ਸਿੰਘ, ਦਵਿੰਦਰ ਸਿੰਘ, ਸੁਖਜੀਤ ਸਿੰਘ ਅਤੇ ਜਸਵਿੰਦਰ ਸਿੰਘ, ਗੁਰਮੀਤ ਸਿੰਘ, ਬਲਜੋਤ ਸਿੰਘ, ਸੁਖਦੇਵ ਸਿੰਘ, ਕਰਮਜੀਤ ਸਿੰਘ, ਰਘਬੀਰ ਸਿੰਘ, ਇੰਦਰਜੀਤ ਸਿੰਘ ਆਦਿ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ। ਅਰਦਾਸ-ਬੇਨਤੀ ਉਪਰੰਤ ਕਾਫ਼ਲੇ ਦੇ ਰੂਪ ਵਿਚ ਰੋਸ ਮਾਰਚ ਕਰਦਿਆਂ ਉਕਤ ਜੱਥਾ ਸੰਗਤਾਂ ਨਾਲ ਮੋਰਚੇ ਵਾਲੇ ਸਥਾਨ ਨੇੜੇ ਪੁੱਜਾ ਤਾਂ ਜੱਥੇ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਮੇਤ ਹੋਰ ਵੱਖ-ਵੱਖ ਬੁਲਾਰਿਆਂ ਨੇ ਦੁਹਰਾਇਆ ਕਿ ਬੇਅਦਬੀ ਕਾਂਡ, ਉਸ ਨਾਲ ਜੁੜੇ ਮਾਮਲਿਆਂ ਦੇ ਦੋਸ਼ੀਆਂ ਦੀ ਗਿ੍ਰਫਤਾਰੀ ਅਤੇ ਪੀੜਤ ਪਰਵਾਰਾਂ ਨੂੰ ਇਨਸਾਫ਼ ਮਿਲਣ ਤਕ ਮੋਰਚਾ ਜਾਰੀ ਰਹੇਗਾ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਦੇ ਇਸ਼ਾਰੇ ’ਤੇ ਪੁਲਿਸ ਪ੍ਰਸ਼ਾਸਨ ਪੰਥਦਰਦੀਆਂ ਨੂੰ ਫੜਨ ਦੀ ਬਜਾਏ ਪੰਥਦੋਖੀਆਂ ਨੂੰ ਫੜੇ ਤਾਂ ਜੋ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਜਾ ਸਕਣ। ਗਿ੍ਰਫ਼ਤਾਰੀ ਦੇਣ ਮੌਕੇ ਉਕਤ ਜੱਥੇ ਵਿਚ ਸ਼ਾਮਲ ਸਿੰਘਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੇ ਨਾਲ-ਨਾਲ ਬੇਅਦਬੀ ਕਾਂਡ ਦੇ ਦੋਸ਼ੀਆਂ ਵਿਰੁਧ ਅਕਾਸ਼ ਗੁੰਜਾਊ ਨਾਹਰੇ ਵੀ ਲਾਏ।
ਫੋਟੋ :- ਕੇ.ਕੇ.ਪੀ.-ਗੁਰਿੰਦਰ-21-11ਕੇ