
ਕਿਹਾ - ਹਰਿਮੰਦਰ ਸਾਹਿਬ ਨੂੰ ਜੀ.ਐਸ.ਟੀ. ਦੀ ਵਾਪਸੀ ਬਾਰੇ ਹਰਸਿਮਰਤ ਵੱਲੋਂ ਲਗਾਇਆ ਦੋਸ਼ ਝੂਠਾ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ ਅੱਵਲ ਦਰਜੇ ਦੀ ਝੂਠੀ ਦਸਦਿਆਂ ਕਿਹਾ ਕਿ ਅਜਿਹੇ ਸਿਆਸਤਦਾਨ ਧਰਮ ਦੀ ਆੜ ਵਿਚ ਆਪਣੇ ਸਿਆਸੀ ਮੁਫਾਦਾਂ ਨੂੰ ਸਿੱਧ ਕਰਨ ਵਿਚ ਰੱਤੀ ਭਰ ਵੀ ਸਰਮ ਨਹੀਂ ਕਰਦੇ। ਮੁੱਖ ਮੰਤਰੀ ਨੇ ਇਹ ਪ੍ਰਗਾਟਾਵਾ ਸ੍ਰੀ ਹਰਿਮੰਦਰ ਸਾਹਿਬ ਸਬੰਧੀ ਲੰਗਰ ਪ੍ਰਸਾਦ ਵਰਗੇ ਸੰਵੇਦਨਸੀਲ ਮੁੱਦੇ ’ਤੇ ਹਰਸਿਮਰਤ ਬਾਦਲ ਵਲੋਂ ਕੀਤੀ ਝੂਠੀ ਬਿਆਨਬਾਜੀ ਉੱਤੇ ਵਰਦਿਆਂ ਕੀਤਾ।
Harmandir Sahib
ਸ੍ਰੀ ਹਰਮੰਦਰ ਸਾਹਿਬ ਨੂੰ ਜੀਐਸਟੀ ਦਾ ਆਪਣਾ ਹਿੱਸਾ ਦੇਣ ਦੀ ਵਚਨਬੱਧਤਾ ਤੋਂ ਸੂਬਾ ਸਰਕਾਰ ਦੇ ਪਿੱਛੇ ਹੱਟਣ ਸਬੰਧੀ ਹਰਸਿਮਰਤ ਕੌਰ ਵਲੋਂ ਲਾਏ ਗਏ ਦੋਸਾਂ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਦੇ ਅਨੇਕਾਂ ਝੂਠਾਂ ਦਾ ਇਹ ਇੱਕ ਹਿੱਸਾ ਹੈ ਕਿ ਜੋ ਕਿ ਦਿਮਾਗੀ ਤੌਰ ’ਤੇ ਹਿੱਲ ਚੁੱਕੀ ਹੈ ਅਤੇ ਲੋਕਾਂ ਨੂੰ ਮੂਰਖ ਬਣਾ ਕੇਅਤੇ ਗੁੰਮਰਾਹ ਕਰ ਕੇ ਖੁਸ਼ੀ ਮਹਿਸੂਸ ਕਰਦੀ ਹੈ। ਸੂਬੇ ਵਿਚ ਆਉਂਦੀਆਂ ਵਿਧਾਨ ਸਭਾ ਉੱਪ ਚੋਣਾਂ ਲੜਨ ਵਾਸਤੇ ਕੋਈ ਅਸਰਦਾਇਕ ਮੁੱਦਾ ਨਾ ਹੋਣ ਕਰ ਕੇ ਹਰਸਿਮਰਤ ਅਤੇ ਹੋਰ ਅਕਾਲੀ ਆਗੂ ਲੋਕਾਂ ਨਾਲ ਧੋਖਾ ਕਰਨ ਦੀਆਂ ਨਿਰਾਸ਼ਾਜਨਕ ਕੋਸ਼ਿਸ਼ਾਂ ਲਈ ਇਕ ਵਾਰ ਫਿਰ ਝੂਠ ਵਿਚ ਗਲਤਾਨ ਹੋ ਗਏ ਹਨ ਜੋ ਕਿ ਸੂਬੇ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਵਾਰ ਵਾਰ ਹਾਰਦੇ ਆ ਰਹੇ ਹਨ।
Captain Amrinder Singh
ਹਰਸਿਮਰਤ ਕੌਰ ਦੇ ਵਤੀਰੇ ਨੂੰ ਪੂਰੀ ਤਰਾਂ ਅਪਮਾਨਜਨਕ ਅਤੇ ਸਿੱਖ ਵਿਚਾਰਧਾਰਾ ਅਤੇ ਵਿਸਵਾਸਾਂ ਪ੍ਰਤੀ ਪੂਰੀ ਤਰਾਂ ਨਿਰਾਦਰਪੂਰਨ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਦਾ ਇਹ ਬਿਆਨ ਸੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅੰਮਿ੍ਰਤਸਰ ਅਤੇ ਸ੍ਰੀ ਵਾਲਮੀਕਿ ਸਥਲ, ਰਾਮ ਤੀਰਥ ਅੰਮਿ੍ਰਤਸਰ ਦੇ ਸਨਮਾਨ ਵਿੱਚ ਨਾ ਕੇਵਲ 100 ਫ਼ੀਸਦੀ ਜੀ.ਐਸ.ਟੀ. ਵਾਪਸ ਕਰਨ ਲਈ ਨੋਟੀਫਾਈ ਕਰ ਦਿੱਤਾ ਹੈ ਸਗੋਂ ਇਸ ਵਾਸਤੇ ਇਸ ਸਾਲ ਮਈ ਵਿੱਚ ਡਿਪਟੀ ਕਮਿਸਨਰ ਅੰਮਿ੍ਰਤਸਰ ਨੂੰ 4 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਹੈ।
GST
ਮੁੱਖ ਮੰਤਰੀ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਨਾ ਕੇਵਲ ਮੌਜੂਦਾ ਸਾਲ ਲਈ ਜੀ.ਐਸ.ਟੀ ਦਾ ਸੂਬੇ ਦਾ ਹਿੱਸਾ ਵਾਪਸ ਕਰਨ ਲਈ ਵਚਨਬੱਧ ਹੈ ਸਗੋਂ ਇਹ 1ਅਗਸਤ, 2017 ਤੋਂ ਤਿੰਨਾਂ ਪਵਿੱਤਰ ਸਥਾਨਾਂ ਨਾਲ ਸਬੰਧਤ ਜੀਐਸਟੀ ਵਾਪਸ ਕਰਨ ਲਈ ਵੀ ਵਚਨਬੱਧ ਹੈ। ਕੈਪਟਨ ਨੇ ਦਸਿਆ ਕਿ ਬੱਜਟ ਸਮਾਗਮ ਵਿਚ ਪੰਜਾਬ ਵਿਧਾਨ ਸਭਾ ਵਲੋਂ ਲੋੜੀਂਦੀਆਂ ਬੱਜਟ ਪ੍ਰਵਾਨਗੀਆਂ ਤੋਂ ਬਾਅਦ ਮਾਲ ਵਿਭਾਗ ਵਲੋਂ ਡੀ.ਸੀ ਨੂੰ 4 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ। ਇਸ ਤੋਂ ਇਲਾਵਾ ਵਿੱਤ ਵਿਭਾਗ ਨੇ ਵੀ ਤਿਮਾਹੀ ਆਧਾਰ ’ਤੇ ਇਸ ਨੂੰ ਜਾਰੀ ਕਰਨ ਸਬੰਧੀ ਦਿਸ਼ਾ ਨਿਰਦੇਸ਼ਾਂ ਵਿਚ ਢਿੱਲ ਦਿੱਤੀ।
Harsimrat Kaur Badal
ਉਨ੍ਹਾਂ ਦਸਿਆ ਕਿ ਫੰਡਾਂ ਦੇ ਬਿਨਾਂ ਅੜਚਨ ਤਬਾਦਲੇ ਨੂੰ ਯਕੀਨੀ ਬਣਾਉਣ ਲਈ ਸਮੁੱਚਾ ਅਨੁਮਾਨਿਤ ਬੱਜਟ ਡੀਸੀ ਅੰਮ੍ਰਿਤਸਰ ਦੇ ਡਿਸਪੋਜਲ ’ਤੇ ਰੱਖਿਆ ਗਿਆ ਹੈ ਤਾਂ ਜੋ ਉਸ ਨੂੰ ਵਾਰ-ਵਾਰ ਸੂਬਾ ਹੈਡਕੁਆਰਟਰ ਕੋਲ ਇਹ ਮਾਮਲਾ ਉਠਾਉਣ ਲਈ ਜ਼ਰੂਰਤ ਨਾ ਪਵੇ। ਉਨ੍ਹਾਂ ਕਿਹਾ ਕਿ ਹਰਸਿਮਰਤ ਜਾਣ ਬੁੱਝ ਕੇ ਇਸ ਮੁੱਦੇ ਨੂੰ ਲੋਕਾਂ ਵਿੱਚ ਲਿਜਾ ਰਹੀ ਹੈ ਅਤੇ ਇਸਨੂੰ ਸਿਆਸੀ ਏਜੰਡਾ ਬਣਾਉਣ ’ਤੇ ਤੁਲੀ ਹੋਈ ਹੈ।
Langar
ਮੁੱਖ ਮੰਤਰੀ ਨੇ ਕਿਹਾ ਕਿ ਇਸ ਬਾਰੇ ਨਵਾਂ ਬੱਜਟ ਹੈੱਡ ਬਣਾਉਣ ਵਾਸਤੇ ਵਿੱਤ ਵਿਭਾਗ ਵਲੋਂ ਅਕਾਊਂਟੈਂਟ ਜਨਰਲ ਪੰਜਾਬ ਨਾਲ ਪਹਿਲਾਂ ਹੀ ਨਵੇਂ ਡੀਡੀਓ ਪੈਦਾ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ । ਵਿੱਤ ਕਮਿਸ਼ਨਰ ਮਾਲ ਨੇ ਸੂਬੇ ਦੇ ਆਬਕਾਰੀ ਤੇ ਕਰ ਵਿਭਾਗ, ਵਿੱਤ ਵਿਭਾਗ, ਅਕਾਊਂਟੈਂਟ ਜਨਰਲ ਪੰਜਾਬ ਨੂੰ ਹਦਾਇਤ ਦਿੱਤੀ ਹੈ ਕਿ ਉਹ ਐਸ.ਜੀ.ਪੀ.ਸੀ. ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਾਲ ਤਾਲਮੇਲ ਬਣਾਉਣ ਤਾਂ ਜੋ ਲੰਬਿਤ ਪਏ ਭੁਗਤਾਨ ਦੀ ਤੇਜ਼ੀ ਨਾਲ ਅਦਾਇਗੀ ਨੂੰ ਯਕੀਨੀ ਬਣਾਇਆ ਜਾ ਸਕੇ।
Captain Amrinder Singh
ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਸਾਰੇ ਤਿੰਨ ਧਾਰਮਿਕ ਸਥਾਨਾਂ ਨੂੰ ਜੀਐਸਟੀ ਦੇ ਮੁੜ ਭੁਗਤਾਨ ਨੂੰ ਸਮੇਂ ਸਿਰ ਅਤੇ ਬਿਨਾਂ ਅੜਚਨ ਯਕੀਨੀ ਬਣਾਉਣ ਲਈ ਐਫਸੀਆਰ ਨੂੰ ਹਦਾਇਤਾਂ ਦਿੱਤੀਆਂ ਗਈਆ ਹਨ। ਉਨਾਂ ਨੇ ਹਰਸਿਮਰਤ ਕੌਰ ਨੂੰ ਅਜਿਹਾ ਝੂਠ ਨਾ ਬੋਲਣ ਲਈ ਕਿਹਾ ਹੈ ਜੋ ਉਸਨੂੰ ਹੀ ਸ਼ਰਮਿੰਦਾ ਕਰੇ। ਉਨਾਂ ਕਿਹਾ ਕਿ ਜੇ ਉਸਨੂੰ ਆਪਦਾ ਅਤੇ ਆਪਣੇ ਧਰਮ ਦਾ ਕੋਈ ਵੀ ਸਤਿਕਾਰ ਹੈ ਤਾਂ ਉਹ ਝੂਠ ਤੋਂ ਪਰੇ ਰਹੇ। ਹਰਸਿਮਰਤ ਕੌਰ ਦੇ ਝੂਠ ਦਾ ਹਰ ਸਮੇਂ ਪਰਦਾਫਾਸ਼ ਹੋਣ ਦੇ ਬਾਵਜੂਦ ਉਸ ਵਲੋਂ ਲਗਾਤਾਰ ਝੂਠ ਬੋਲੀ ਜਾਣ ਉੱਤੇ ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟ ਕੀਤੀ । ਉਨਾਂ ਕਿਹਾ ਕਿ ਹਰਸਿਮਰਤ ਸਿਆਸਤ ਕਰਦੀ ਹੋਈ ਘਟੋ ਘੱਟ ਧਰਮ ਨੂੰ ਸਿਆਸਤ ਤੋਂ ਬਾਹਰ ਤਾਂ ਰੱਖ ਹੀ ਸਕਦੀ ਹੈ।