
ਧਰਨੇ 'ਚ ਕੇਵਲ ਕਿਸਾਨ, ਮਜ਼ਦੂਰ, ਆਮ ਲੋਕਾਂ ਸਮੇਤ ਕਿਸਾਨੀ ਦਾ ਦਰਦ ਮਹਿਸੂਸ ਕਰਨ ਵਾਲੇ ਹੀ ਹੋਣਗੇ ਸ਼ਾਮਲ
ਅੰਮਿ੍ਤਸਰ : ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਹੈ। ਕਿਸਾਨਾਂ ਦੇ ਸੰਘਰਸ਼ ਨੂੰ ਹਰ ਵਰਗ ਵਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ। ਭਾਜਪਾ ਨੂੰ ਛੱਡ ਕੇ ਬਾਕੀ ਸਾਰੇ ਸਿਆਸੀ ਦਲ ਕਿਸਾਨਾਂ ਦੇ ਸੰਘਰਸ਼ ਦਾ ਸਾਥ ਦੇ ਰਹੇ ਹਨ। ਕਿਸਾਨ ਜਥੇਬੰਦੀਆਂ ਵਲੋਂ 24 ਸਤੰਬਰ ਨੂੰ ਰੇਲ ਰੋਕੋ ਅੰਦਰੋਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅਹਿਮ ਐਲਾਨ ਕਰਦਿਆਂ ਕਿਸਾਨ ਜਥੇਬੰਦੀਆਂ ਨੇ ਸਿਆਸੀ ਪਾਰਟੀਆਂ ਨਾਲ ਸਬੰਧਤ ਕਿਸਾਨ ਆਗੂਆਂ ਨੂੰ ਰੇਲ ਰੋਕੋ ਅੰਦੋਲਨ 'ਚ ਸ਼ਾਮਲ ਨਾ ਹੋਣ ਲਈ ਕਿਹਾ ਹੈ।
Kisan Union Ptotest
ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਦਾ ਐਮਪੀ ਜਾਂ ਵਿਧਾਇਕ (ਮੌਜੂਦਾ ਜਾਂ ਸਾਬਕਾ) ਉਨ੍ਹਾਂ ਦੇ ਧਰਨੇ ਜਾਂ ਪ੍ਰਦਰਸ਼ਨ 'ਚ ਆਉਣ ਦੀ ਖੇਚਲ ਨਾ ਕਰੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ 24 ਸਤੰਬਰ ਦੇ ਰੇਲ ਰੋਕੋ ਅੰਦੋਲਨ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਅੱਜ ਕਿਸਾਨੀ ਦੀ ਜੋ ਵੀ ਹਾਲਾਤ ਹੈ, ਉਸ ਲਈ ਸਿਆਸੀ ਆਗੂ ਹੀ ਜ਼ਿੰਮੇਵਾਰ ਹਨ। ਸਾਡੇ ਧਰਨੇ 'ਚ ਸਿਰਫ਼ ਕਿਸਾਨ, ਮਜਦੂਰ, ਆਮ ਲੋਕ ਤੇ ਕਿਸਾਨੀ ਦਾ ਦਰਦ ਮਹਿਸੂਸ ਕਰਨ ਵਾਲੇ ਹੀ ਸ਼ਿਰਕਤ ਕਰ ਸਕਦੇ ਹਨ।
Kisan Protest
ਕਾਬਲੇਗੌਰ ਹੈ ਕਿ ਕਈ ਸਿਆਸੀ ਪਾਰਟੀਆਂ ਦੇ ਆਗੂ ਕਿਸਾਨਾਂ ਦੇ 24 ਸਤੰਬਰ ਦੇ ਰੇਲ ਰੋਕੋ ਅੰਦੋਲਨ 'ਚ ਸ਼ਿਰਕਤ ਕਰਨਾ ਚਾਹੁੰਦੇ ਸੀ। ਉਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਸੰਪਰਕ ਵੀ ਕਰ ਰਹੇ ਸੀ ਪਰ ਕਿਸਾਨ ਜਥੇਬੰਦੀਆਂ ਨੇ ਇਸ ਤੋਂ ਪਹਿਲਾਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਜਾਰੀ ਕਰ ਦਿਤੀ ਹੈ ਕਿ ਉਹ ਉਨ੍ਹਾਂ ਧਰਨੇ ਵਿਚ ਆਉਣ ਦੀ ਖੇਚਲ ਨਾ ਕਰਨ।
Kisan Union Ptotest
ਕਿਸਾਨ ਜਥੇਬੰਦੀਆਂ ਦੇ ਇਸ ਕਦਮ ਨੂੰ ਉਨ੍ਹਾਂ ਚਿਤਾਵਨੀਆਂ ਦਾ ਸਿੱਟਾ ਮੰਨਿਆ ਜਾ ਰਿਹਾ ਹੈ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਤੋਂ ਪ੍ਰਭਾਵਿਤ ਕੁੱਝ ਸਿਆਸੀ ਆਗੂ ਕਿਸਾਨਾਂ ਦੇ ਸੰਘਰਸ਼ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ ਕਰ ਸਕਦੇ ਹਨ। ਵੈਸੇ ਵੀ ਖੇਤੀ ਆਰਡੀਨੈਂਸਾਂ ਦੇ ਪਿਛੋਕੜ ਨੂੰ ਲੈ ਕੇ ਸੋਸ਼ਲ ਮੀਡੀਆ ਸਮੇਤ ਵੱਖ ਵੱਖ ਪਲੇਟਫਾਰਮਾਂ 'ਤੇ ਚਰਚਾ ਚੱਲ ਰਹੀ ਹੈ, ਜਿਸ ਮੁਤਾਬਕ ਖੇਤੀ ਆਰਡੀਨੈਂਸ ਕੋਈ ਇਕਦਮ ਹੀ ਜਾਰੀ ਨਹੀਂ ਕਰ ਦਿਤੇ ਗਏ।
Kisan Union Ptotest
ਚਰਚਾਵਾਂ ਮੁਤਾਬਕ ਇਹ ਇਕ ਪੁਰਾਣੀ ਪ੍ਰਕਿਰਿਆ ਦਾ ਹਿੱਸਾ ਹਨ, ਜਿਸ ਤੋਂ ਜ਼ਿਆਦਾਤਰ ਸਿਆਸੀ ਆਗੂ ਜਾਣੂ ਸਨ। ਪੰਜਾਬ ਦੀ ਸੱਤਾ 'ਤੇ ਕਾਬਜ਼ ਰਹੀਆਂ ਧਿਰਾਂ ਇਸ ਦਾ ਦੋਸ਼ ਇਕ-ਦੂਜੇ ਸਿਰ ਮੜ ਚੁੱਕੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਯੂ-ਟਰਨ ਨੂੰ ਲੈ ਕੇ ਵੀ ਅਜਿਹੀਆਂ ਸ਼ੰਕਾਵਾਂ ਉਠਦੀਆਂ ਰਹੀਆਂ ਹਨ। ਸੰਘਰਸ਼ ਦੀ ਰੂਪ-ਰੇਖਾ ਅਤੇ ਦਿਸ਼ਾ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਕਿਸੇ ਵੀ ਤਰ੍ਹਾਂ ਦਾ ਰਿਸਕ ਲੈਣ ਦੇ ਮੂੜ 'ਚ ਨਹੀਂ ਹਨ।