ਪਰਮਜੀਤ ਸਿੱਧਵਾਂ ਦੇ ਤਿਆਗ ਪੱਤਰ ਦੀ ਸੋਸ਼ਲ ਮੀਡੀਆ ‘ਤੇ ਚਰਚਾ
Published : Sep 22, 2020, 6:53 pm IST
Updated : Sep 23, 2020, 1:03 pm IST
SHARE ARTICLE
Paramjit Singh Sidhwan
Paramjit Singh Sidhwan

ਪੱਤਰ ਵਿਚ ਸੁਖਬੀਰ ਬਾਦਲ ਪ੍ਰਤੀ ਵਰਤੀ ਤਿੱਖੀ ਸ਼ਬਦਾਵਲੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਪਰਮਜੀਤ ਸਿੰਘ ਸਿੱਧਵਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਸਬੰਧੀ ਉਹਨਾਂ ਵੱਲੋਂ ਇਕ ਚਿੱਠੀ ਵੀ ਲ਼ਿਖੀ ਗਈ, ਜਿਸ ਵਿਚ ਉਹਨਾਂ ਨੇ ਅਪਣੇ ਅਸਤੀਫ਼ੇ ਦਾ ਕਾਰਨ ਦੱਸਿਆ ਹੈ। ਇਸ ਵਿਚ ਉਹਨਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਪ੍ਰਤੀ ਤਿੱਖੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। 

Sukhbir BadalSukhbir Badal

ਉਹਨਾਂ ਨੇ ਵੱਲੋਂ ਲਿਖੀ ਚਿੱਠੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਸਬੰਧੀ ਸਪੋਕਸਮੈਨ ਦੇ ਪੱਤਰਕਾਰ ਤੇਜਿੰਦਰ ਸਿੰਘ ਫਤਿਹਪੁਰ ਨੇ ਸ ਸਿਧਵਾਂ ਨਾਲ ਫੋਨ ਤੇ ਗੱਲਬਾਤ ਕੀਤੀ ਜਿਸ ਚ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। 

ਸਤਿਕਾਰਯੋਗ ਪ੍ਰਧਾਨ ਸਾਹਿਬ ਜੀਓ,(ਸ ਸੁਖਬੀਰ ਸਿੰਘਬਾਦਲ) ।

ਸਤਿ ਸ਼੍ਰੀ ਅਕਾਲ ????

 ਪ੍ਰਧਾਨ ਸਾਹਿਬ ਜੀ  ਇਹ ਚਿੱਠੀ ਮੈਂ ਬਹੁਤ ਪਹਿਲਾਂ ਲਿਖਣੀ ਚਹੁੰਦਾ ਸੀ ਜਾਂ ਮੈਨੂੰ ਲਿਖਣੀ ਚਾਹੀਦੀ ਸੀ ਪਰ ਹੁਣ ਪਾਣੀ ਸਿਰ ਉਪਰ ਦੀ ਵੱਗ ਗਿਆ ਅਤੇ ਜ਼ਮੀਰ ਤੁਹਾਡਾ ਸਾਥ ਦੇਣ ਤੋਂ ਜਵਾਬ ਦੇ ਗਈ ਤਾਂ ਲਿਖਣੀ ਜਰੂਰੀ ਹੋ ਗਈ ।

ਮੇਰੀ ਪਾਰਟੀ ਪ੍ਰਤੀ ਲਗਨ ਤੋਂ ਇਲਾਵਾ ਤੁਹਾਡੇ ਨਾਲ ਨਿੱਜੀ ਸਾਂਝ ਤੇ ਮੋਹ ਵੀ ਰਿਹਾ। ਮੈਂ ਤੁਹਾਡਾ ਸਿਆਸੀ ਸਕੱਤਰ ਹੋਣ ਕਰਕੇ ਤੁਹਾਡੀ ਹਰ ਹਾਂ ਵਿੱਚ ਹਾਂ ਮਿਲਾਉਣਾ ਮੇਰਾ ਫਰਜ਼ ਸੀ ਜੋ ਮੈਂ ਜਿੰਮੇਵਾਰੀ ਨਾਲ ਨਿਭਾਇਆ। ਮੈਂ ਤੁਹਾਡੇ ਬਹੁਤ ਸਾਰੇ ਫੈਸਲਿਆ ਖਿਲਾਫ ਆਪਣੀ ਸਲਾਹ ਵੀ ਦਿੱਤੀ ,ਜੇ ਤੁਸੀਂ  ਨਹੀਂ ਮੰਨੀ ਤਾਂ ਮੈਂ ਸਿਆਸੀ ਸਕੱਤਰ ਹੋਣ ਕਰਕੇ ਤੁਹਾਡੇ ਫੈਸਲੇ ਨੂੰ ਹੀ ਸਹੀ ਪ੍ਰਚਾਰਿਆ ਅਤੇ ਕਿਸੇ ਕੋਲ ਇਹ ਜ਼ਿਕਰ ਕਦੇ ਨਹੀਂ ਕੀਤਾ ਕੇ ਮੈਂ ਇਸ ਫੈਸਲੇ ਦੇ ਵਿਰੁੱਧ ਸੀ।

 ਮੈਂ ਆਪ ਜੀ ਨੂੰ ਬਹੁਤ ਨੇੜੇ ਤੋਂ ਜਾਣਿਆ ਅਤੇ ਦੇਖਿਆ ਹੈ ਕਿ ਤੁਹਾਡੇ  ਅੰਦਰ ਪੰਜਾਬ ਜਾਂ ਪੰਥ ਨਾਲੋਂ ਆਪਣੇ ਨਿੱਜੀ ਹਿੱਤ ਜ਼ਿਆਦਾ ਭਾਰੂ ਹਨ। ਤੁਸੀਂ ਪਾਰਟੀ ਨੂੰ ਹਮੇਸ਼ਾ ਹੁਕਮਰਾਨਾਂ ਵਾਂਗੂ ਚਲਾਉਣ ਕਰਕੇ ਪਾਰਟੀ ਨੂੰ ਆਪਣੇ 100 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰੀ ਨਾਮੋਸ਼ੀ ਝੱਲਣੀ ਪਈ ਅਤੇ ਤੀਜੇ ਸਥਾਨ ਤੇ ਸਬਰ ਕਰਨਾ ਪਿਆ।

ਜਦ ਕਿ ਆਪ ਵਲੋਂ ਲਏ ਕਈ ਫੈਸਲੇ ਪਾਰਟੀ ਵਰਕਰਾਂ ਲਈ ਨਮੋਸ਼ੀ ਦਾ ਕਾਰਨ ਬਣਦੇ ਰਹੇ।

ਜਿਵੇਂ 2014 ਵਿੱਚ ਸਾਨੂੰ ਵਾਹਗਾ ਬਾਰਡਰ ਤੋਂ ਰਾਜਪੁਰਾ ਤੱਕ ਭਾਜਪਾ ਚੰਗੀ , ਅੰਬਾਲਾ ਤੋਂ ਦਿੱਲੀ ਬਾਰਡਰ ਤੱਕ ਮਾੜੀ ,ਅੱਗੇ ਫਿਰ ਹਿੰਦੁਸਤਾਨ ਵਿੱਚ ਚੰਗੀ। ਤੁਸੀਂ ਜ਼ਬਰੀ ਹਰਿਆਣਾ ਚੋਣ ਭਾਜਪਾ ਖਿਲਾਫ ਲੜੀ। ਲੋਕ ਪੁੱਛਦੇ ਸੀ ਭਾਜਪਾ ਇਕੱਲੇ ਹਰਿਆਣੇ ਵਿੱਚ ਹੀ ਮਾੜੀ ਹੈ। ਫਿਰ ਦਿੱਲੀ ਵਿੱਚ ਬਾਈਕਾਟ, ਹਰਿਆਣੇ ਵਿੱਚ ਮੁਕਾਬਲਾ ,ਪੰਜਾਬ ਵਿੱਚ ਸਾਂਝ ਸਭ ਬਚਕਾਨਾ ਕਾਰਵਾਈਆਂ ਸਨ।

ਤੁਹਾਡੇ ਪ੍ਰਧਾਨ ਹੁੰਦਿਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਗ੍ਰਹਿ ਮੰਤਰੀ ਹੁੰਦਿਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ-ਅਦਬੀਆਂ ਵੱਲ ਆਪ ਨੇ ਹਮੇਸ਼ਾ ਪਾਸਾ ਵੱਟ ਕੇ ਇੱਕ ਖਾਸ ਡੇਰੇਦਾਰ ਵੱਲ ਨਰਮ ਰੁੱਖ ਅਪਣਾਇਆ ਤਾਂ ਹਰ ਸਿੱਖ ਦਾ ਮਨ ਦੁੱਖੀ ਹੋਇਆ।ਆਪ ਨੇ ਪੰਥ ਦੀ ਪਰਵਾਹ ਨਾ ਕਰਦਿਆਂ ਡੇਰਾ ਮੁੱਖੀ ਨੂੰ ਸ਼੍ਰੀ ਅਕਾਲ ਤਖਤ ਤੋਂ ਮਾਫੀ ਦਿਵਾਉਣ ਅਤੇ ਆਪਣੀ ਜਿੱਦ ਨਾਲ ਡੇਰਾ ਮੁੱਖੀ ਦੀਆਂ ਫਿਲਮਾਂ ਪੰਜਾਬ ਵਿੱਚ ਚਲਵਾਉਣ ਲਈ ਸਰਕਾਰ ਦੀ ਵਰਤੋਂ ਕੀਤੀ।

ਦੂਜੇ ਪਾਸੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ-ਅਦਬੀਆਂ ਕਰਨ ਅਤੇ ਕਰਾਉਣ ਦੀ ਜਾਂਚ ਦੀ ਮੰਗ ਕਰ ਰਹੀਆਂ ਸੰਗਤਾਂ ਤੇ ਲਾਠੀਚਾਰਜ ਅਤੇ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਗਿਆ, ਉਦੋਂ ਲੋਕਾਂ ਵਿੱਚ ਪੰਥਕ ਸਰਕਾਰ ਦਾ ਕਰੂਪ ਚਿਹਰਾ ਨੰਗਾ ਹੋ ਗਿਆ ਸੀ।

ਦੁੱਖੀ ਮਨ ਨਾਲ ਉਸ ਸਮੇਂ ਤੋਂ ਮੈਂ ਆਪਣੀਆਂ ਸਰਗਰਮੀਆਂ ਸੀਮਿਤ ਕਰ ਦਿੱਤੀਆਂ ਸਨ, ਪਰ ਆਪਣੀ ਪਾਰਟੀ ਪ੍ਰਤੀ ਲਗਾਉ ਸਦਕਾ ਹਮੇਸ਼ਾ ਪਾਰਟੀ ਵੱਲੋਂ ਲਗਾਈ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਦਾ ਰਿਹਾ।

ਤੁਹਾਡੇ ਅਤੇ ਵੱਡੇ ਬਾਦਲ ਸਾਹਿਬ ਦੇ   ਕਹਿਣ ਤੇ 2019 ਦੇ ਲੋਕ ਸਭਾ ਚੋਣ  ਵਿੱਚ ਬਠਿੰਡਾ ਪੂਰੀ ਡਿਊਟੀ ਦਿੱਤੀ। ਜਦ ਕਿ ਆਪ ਵੱਲੋਂ ਲਏ ਗਏ ਕਈ ਫੈਸਲੇ ਵੀ ਨਾਮੋਸ਼ੀ ਦਾ ਕਾਰਨ ਬਣਦੇ ਰਹੇ।ਪਾਰਟੀ ਦੇ ਹਰ ਵਰਕਰ ਨੂੰ ਲੋਕਾਂ ਵਿੱਚ ਜਾ ਕੇ ਲੋਕ ਰੋਹ ਅੱਗੇ ਪਾਰਟੀ ਦਾ ਪੱਖ ਪੇਸ਼ ਕਰਨਾ ਹੀ ਮੁਸ਼ਕਲ ਹੋ ਗਿਆ।

ਪਰ ਹੁਣ ਤਾਂ ਹੱਦ ਹੀ ਹੋ ਗਈ ਜਦ ਖੇਤੀ ਆਰਡੀਨੈਂਸ ਦੇ ਆਉਣ ਤੇ ਤੁਸੀਂ ਪਾਰਟੀ ਦੀ ਹਾਲਤ ਪਾਣੀਓ ਪਤਲੀ ਕਰਕੇ ਰੱਖ ਦਿੱਤੀ।ਬਿਨਾਂ ਕਿਸੇ ਅਕਾਲੀ ਲੀਡਰਸ਼ਿਪ ਨਾਲ ਸਲਾਹ ਕੀਤੇ ਤੁਸੀਂ ਪਾਰਟੀ ਪ੍ਰਧਾਨ ਹੋਣ ਨਾਤੇ ਅਤੇ ਪਾਰਟੀ ਵੱਲੋਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਜੂਨ ਮਹੀਨੇ ਤੋਂ 14 ਸਤੰਬਰ ਤੱਕ ਖੇਤੀ ਆਰਡੀਨੈਂਸ ਦੇ ਹੱਕ ਵਿੱਚ ਪੂਰਾ ਖੁੱਲਮ ਖੁੱਲਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।ਇਸ ਦੌਰਾਨ ਅਨੇਕਾਂ ਪ੍ਰੈਸ ਕਾਨਫਰੰਸਾਂ, ਕੇਂਦਰੀ ਖੇਤੀ ਮੰਤਰੀ ਤੋਂ ਲਿਖਤੀ ਭਰੋਸਾ ਅਤੇ ਸੋਸ਼ਲ ਮੀਡੀਏ ਤੋਂ ਲਗਾਤਾਰ ਹਾਂ ਪੱਖੀ ਪ੍ਰਚਾਰ ਕੀਤਾ। ਤੁਸੀਂ ਮਜਬੂਰ ਬਾਦਲ ਸਾਹਿਬ ਤੋਂ ਵੀ ਬਿਆਨ ਦਿਵਾ ਦਿੱਤਾ ਕਿ *ਮੇਰੇ ਨੂੰਹ ਪੁੱਤ ਸੱਚ ਬੋਲਦੇ ਹਨ ਕਿ ਇਹ ਆਰਡੀਨੈਂਸ ਕਿਸਾਨ ਪੱਖੀ ਹਨ ।

ਹੈਰਾਨੀ ਅਤੇ ਸ਼ਰਮਿੰਦਗੀ ਤਾਂ ਉਸ ਸਮੇਂ ਹੋਈ ਜਦੋਂ ਇਕ ਦਮ ਯੂ ਟਰਨ ਲੈ ਲਿਆ ਅਤੇ ਆਰਡੀਨੈਂਸ ਤੁਹਾਨੂੰ ਕਿਸਾਨ ,ਪੰਜਾਬ ਵਿਰੋਧੀ ਦਿੱਸਣ ਲੱਗੇ। ਜਿਹੜੀਆਂ  ਕਿਸਾਨ ਜਥੇਬੰਦੀਆਂ, ਆਮ ਆਦਮੀ ਪਾਰਟੀ ਅਤੇ ਡੈਮੋਕ੍ਰੇਟਿਕ ਅਕਾਲੀ ਦਲ ਅਤੇ ਹੋਰ ਦਲਾਂ ਨੂੰ ਕਾਂਗਰਸ ਦੀ ' ਬੀ ਟੀਮ ' ਦੱਸਦੇ ਸੀ, ਉਹ ਹੁਣ ਤੁਹਾਨੂੰ ਪੰਜਾਬ ਹਿਤੈਸ਼ੀ ਦਿਸਣ ਲੱਗੇ। ਅਤੇ ਅੱਜ ਪਿਛੋਂ ਭੱਜ ਕਿ ਉਹਨਾਂ ਨਾਲ ਰਲਣ ਲਈ ਕਾਹਲ੍ਹੇ ਜਾਪਦੇ ਹੋ।

  "ਨਾਲੇ ਸੌ ਡੰਡੇ ਖਾਧੇ, ਨਾਲੇ ਨੌ ਗੰਢੇ ਖਾਧੇ" ਵਾਲੀ ਕਹਾਵਤ ਵਾਂਗ ਨਾ ਇਧਰ ਦੇ ਰਹੇ, ਨਾ ਉਧਰ ਦੇ ਰਹੇ।

ਪ੍ਰਧਾਨ ਜੀ ਜਿਨ੍ਹਾਂ ਕੁ ਮੈਂ ਤੁਹਾਨੂੰ ਨਿੱਜੀ ਤੌਰ ਤੇ ਜਾਣਦਾ ਹਾਂ, ਉਸ ਤੋਂ ਨਹੀਂ ਲੱਗਦਾ ਕਿ ਤੁਸੀਂ ਲੋਕਾਂ ਦੇ ਦਬਾਅ ਥੱਲੇ ਫੈਸਲਾ ਬਦਲਿਆਂ ਏ, ਕਿਉਂਕਿ  ਲੋਕਾਂ ਦਾ ਦਬਾਅ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਵੀ ਬਹੁਤ ਸੀ ਪਰ ਤੁਸੀ ਤਾਂ ਧਰਨਿਆਂ ਤੇ ਬੈਠੇ ਗੁਰਸਿੱਖਾਂ ਨੂੰ ਵਿਹਲੇ ਦੱਸ ਕੇ ਮਾਖੌਲ ਉਡਾਇਆ ਕਰਦੇ ਸੀ।ਲੱਗਦਾ ਤੁਹਾਡਾ ਇਹ ਫੈਸਲਾ ਬਦਲਣ ਅਤੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਪਿੱਛੇ ਅਣ-ਕਿਆਸੇ ਕਾਰਨ ਹਨ।

ਚਰਚਾ ਤਾਂ ਇਹ ਵੀ ਹੈ ਕਿ ਕੇਂਦਰ ਤੋਂ ਆਪਣਾ ਨਿੱਜੀ ਲਾਭ ਲੈਣ ਲਈ ਅਸਤੀਫਾ ਦੇ ਕੇ ਦਬਾਅ ਬਣਾ ਰਹੇ ਹੋ ਅਤੇ ਇੱਥੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਣ ਦਾ ਭਰਮ ਪੈਦਾ ਕਰ ਰਹੇ ਹੋ, ਜਦਕਿ ਬੀਬਾ ਜੀ ਅਜੇ ਵੀ ਆਰਡੀਨੈਂਸ ਨੂੰ ਫਾਇਦੇਮੰਦ ਦੱਸ ਰਹੇ ਹਨ।ਅਜਿਹੇ ਬਿਆਨਾਂ ਨਾਲ ਹਾਸੋਹੀਣੀ ਸਥਿਤੀ ਬਣੀ ਹੋਈ ਹੈ।ਜਦਕਿ ਪਹਿਲਾ ਵੀ ਪਾਰਟੀ ਦੀ ਕੇਂਦਰ ਸਰਕਾਰ ਵਿੱਚ ਭਾਜਪਾ ਨਾਲ ਭਾਈਵਾਲੀ ਪਰ ਹਰਿਆਣਾ ਚੋਣਾਂ ਵਿੱਚ ਵਿਰੋਧ, ਦਿੱਲੀ ਚੋਣਾਂ ਵਿੱਚ ਵੱਖਰਾ ਸਟੈਂਡ ਲੈਣ ਨਾਲ ਅਕਾਲੀ ਦਲ ਲੀਡਰਸ਼ਿਪ ਕੋਲ ਕੋਈ ਜਵਾਬ ਨਹੀਂ ਸੀ। ਮੈਂ ਦੋ ਦਿਨ ਚੱਜ ਨਾਲ ਸੌਂ ਨਹੀਂ ਸਕਿਆ । ਮੇਰੀ ਦੋ ਦਿਨਾਂ ਵਿੱਚ ਆਪਣੀ ਪਾਰਟੀ ਦੇ 70 ਸਿਆਣੇ ਲੀਡਰਾਂ, ਜੁੰਮੇਵਾਰ ਵਰਕਰਾਂ ਨਾਲ ਗੱਲ ਹੋਈ ਹੈ ਸਭ ਮਾਯੂਸ ਅਤੇ ਪ੍ਰੇਸ਼ਾਨ ਹਨ  ਕਿ ਪ੍ਰਧਾਨ ਸਾਹਿਬ ਪਹਿਲਾਂ ਠੀਕ ਸੀ ਕਿ ਹੁਣ ?

ਪ੍ਰਧਾਨ ਜੀ ਕੁੱਝ ਚਾਪਲੂਸ ਅਤੇ ਬੱਲੇ-ਬੱਲੇ ਕਰਨ ਵਾਲੇ ਲੋਕ ਜ਼ਰੂਰ ਤੁਹਾਡੇ ਪਹਿਲੇ ਫੈਸਲੇ ਤੇ ਵੀ ਵਾਹ- ਵਾਹ ਕਰ ਰਹੇ ਸਨ, ਹੁਣ ਬਦਲੇ ਹੋਏ ਫੈਸਲੇ ਤੇ ਵੀ  ਸ਼ਾਬਾਸ਼-ਸ਼ਾਬਾਸ਼ ਕਹਿ ਰਹੇ ਹਨ, ਪਰ ਮੇਰੇ ਵਰਗੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਅੱਗੇ ਜੁਆਬ-ਦੇਵ ਹੋਣਾ ਅਤਿ ਔਖਾ ਹੋ ਗਿਆ।  ਮੇਰੀ ਜ਼ਮੀਰ ਇਜ਼ਾਜਤ ਨਹੀਂ ਦਿੰਦੀ ਕਿ ਮੈਂ, ਤੁਹਾਡੇ ਵੱਲੋਂ ਇਹੋ ਜਿਹੇ ਬੇ-ਅਸੂਲੇ, ਬੇ-ਤਰਤੀਬੇ ਮਤਲਬ ਸਿਆਣਪ ਤੋਂ ਕੋਹਾਂ ਦੂਰ ਲਏ  ਫੈਸਲਿਆ ਨੂੰ ਲੋਕਾਂ ਵਿੱਚ ਲੈ ਕੇ ਜਾਵਾਂ ।ਮੈਂ ਲੋਕਾਂ ਵਿੱਚ ਜਾਣ ਚ' ਸ਼ਰਮ ਮਹਿਸੂਸ ਕਰਦਾ ਹਾਂ।ਸੋ ਇਸ ਕਰਕੇ ਅੱਜ ਮੈਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ।

ਮੇਰੇ ਮਨ ਤੇ ਪਾਰਟੀ ਛੱਡਣ ਸਮੇਂ ਕਿਸੇ ਤਰ੍ਹਾ ਦਾ ਕੋਈ ਬੋਝ ਨਹੀਂ ਕਿਉਕਿ ਮੈ ਕੋਈ ਰੇਤਾ ਦਾ ਖੱਡਾ, ਬੱਸ ਪਰਮਿੰਟ ਜਾਂ ਕੋਈ ਠੇਕਾ ਨਹੀਂ ਸੀ ਲਿਆ। ਸਿਆਸੀ ਸਕੱਤਰ ਰਹਿੰਦਿਆਂ ਤੁਸੀਂ ਬਹੁਤ ਭਰੋਸੇ ਨਾਲ ਗੁਪਤ ਸਿਆਸੀ ਭੇਦ ਮੇਰੇ ਨਾਲ ਸਾਂਝੇ ਕੀਤੇ ਹਨ , ਵਾਅਦਾ ਕਰਦਾਂ ਹਾਂ ਉਹ ਹਮੇਸ਼ਾ ਭੇਦ ਹੀ ਰਹਿਣਗੇ।

ਤੁਹਾਡੀਆਂ ਗਲਤ ਪਾਰਟੀ ਨੀਤੀਆਂ ਤੋਂ  ਦੁੱਖੀ  
ਪਰਮਜੀਤ ਸਿੰਘ ਸਿੱਧਵਾਂ (9780009977)
ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ
ਅਤੇ ਸਿਆਸੀ ਸਕੱਤਰ ਸੁਖਬੀਰ ਸਿੰਘ ਬਾਦਲ
22 ਸਤੰਬਰ 2020

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM
Advertisement