
ਕੁੰਡਲੀ ਸਰਹੱਦ 'ਤੇ ਨਿਹੰਗ ਨੂੰ ਮੁਫ਼ਤ 'ਚ ਨਹੀਂ ਮਿਲਿਆ ਕੁੱਕੜ ਤਾਂ ਨਿਹੰਗਾਂ ਨੇ ਤੋੜ ਦਿਤੀ ਡਰਾਈਵਰ ਦੀ ਲੱਤ
ਸੋਨੀਪਤ, 21 ਅਕਤੂਬਰ : ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਸਿੰਘੂ ਸਰਹੱਦ 'ਤੇ ਇਕ ਨਵਾਂ ਵਿਵਾਦ ਸਾਹਮਣੇ ਆਇਆ ਹੈ | ਕਿਸਾਨ ਅੰਦੋਲਨ ਵਿਚ ਸ਼ਾਮਲ ਨਿਹੰਗ ਨਵੀਨ ਸੰਧੂ ਨੇ ਕੁੰਡਲੀ ਸਰਹੱਦ ਨੇੜੇ ਚਿਕਨ ਸਪਲਾਈ ਕਰਨ ਵਾਲੇ ਇਕ ਮਜਦੂਰ ਉਤੇ ਹਮਲਾ ਕੀਤਾ | ਨਵੀਨ ਸੰਧੂ ਨਿਹੰਗ ਬਾਬਾ ਅਮਨ ਸਿੰਘ ਦੇ ਜਥੇ ਦਾ ਮੈਂਬਰ ਹੈ |
ਕੁੰਡਲੀ ਸਰਹੱਦ 'ਤੇ ਮੁਫ਼ਤ ਵਿਚ ਕੱੁਕੜ ਨਾ ਦੇਣ 'ਤੇ ਨਿਹੰਗ ਨਵੀਨ ਸੰਧੂ ਨੇ ਇਕ ਕੈਂਟਰ ਡਰਾਈਵਰ ਦੀ ਲੱਤ ਤੋੜ ਦਿਤੀ | ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਸਵੇਰੇ 11 ਵਜੇ ਦੀ ਹੈ | ਪੀੜਤ ਮਜ਼ਦੂਰ ਦਾ ਨਾਂ ਮਨੋਜ ਪਾਸਵਾਨ ਹੈ | ਉਹ ਅਪਣੇ ਕੈਂਟਰ ਵਿਚ ਫ਼ਾਰਮ ਤੋਂ ਮੁਰਗੇ ਲੈ ਕੇ ਆ ਰਿਹਾ ਸੀ | ਕੁੰਡਲੀ 'ਤੇ ਪ੍ਰਦਰਸ਼ਨ ਵਾਲੇ ਸਥਾਨ ਕੋਲ ਨਿਹੰਗਾਂ ਨੇ ਉਸ ਦੀ ਗੱਡੀ ਰੋਕ ਲਈ ਤੇ ਮੁਫ਼ਤ ਵਿਚ ਮੁਰਗਾ ਦੇਣ ਦੀ ਮੰਗ ਕੀਤੀ | ਚਾਲਕ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੁਰਗੇ ਵਿਕੇ ਹੋਏ ਹਨ | ਉਹ ਜਿਨ੍ਹਾਂ ਦਾ ਮਾਲ ਲੈ ਕੇ ਆਇਆ ਹੈ, ਉਨ੍ਹਾਂ ਦੇ ਹੀ ਹੋਟਲਾਂ ਵਿਚ ਹੀ ਪਹੁੰਚਾਇਆ ਜਾਣਾ ਹੈ | ਉਸ ਨੇ ਮੁਰਗੇ ਵੇਚੇ ਹੋਏ ਦੀ ਪਰਚੀ ਵੀ ਦਿਖਾਈ |
ਇਸ ਦੇ ਬਾਵਜੂਦ ਨਿਹੰਗ ਸਮਝਣ ਨੂੰ ਤਿਆਰ ਹੀ ਨਹੀਂ ਹੋਏ | ਉਸ ਨੇ ਡਰਾਈਵਰ 'ਤੇ ਬੀਡੀ ਪੀਣ ਦਾ ਦੋਸ਼ ਵੀ ਲਾਇਆ ਤੇ ਉਸ 'ਤੇ ਡੰਡਿਆਂ ਤੇ ਕੁਹਾੜੀਆਂ ਨਾਲ ਕੁੱਟਮਾਰ ਕੀਤੀ | ਇਸ ਦੌਰਾਨ ਡਰਾਈਵਰ ਦੀ ਲੱਤ ਟੁੱਟ ਗਈ | ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਹੈ | ਇਸ ਨਾਲ ਹੀ ਦੋਸ਼ੀ ਨਿਹੰਗ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ |
(ਏਜੰਸੀ)