
ਕੈਪਟਨ ਵਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਮਗਰੋਂ ਕਾਂਗਰਸ ਸਮੇਤ ਸਿਆਸੀ ਪਾਰਟੀਆਂ 'ਚ ਬੇਚੈਨੀ
ਕੀ ਕਾਂਗਰਸ ਦੇ ਮੌਜੂਦਾ ਵਿਧਾਇਕ ਤੇ ਐਮ.ਪੀ. ਕੈਪਟਨ ਦੇ ਸੰਪਰਕ 'ਚ ਹਨ?
ਲੁਧਿਆਣਾ, 21 ਅਕਤੂਬਰ (ਜਗਪਾਲ ਸਿੰਘ ਸੰਧੂ) : ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ 'ਚੋਂ ਬਾਗ਼ੀ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਵੀਂ ਪਾਰਟੀ ਬਣਾਉਣ ਦੇ ਐਲਾਨ ਮਗਰੋਂ ਕਾਂਗਰਸ ਪਾਰਟੀ ਵਿਚ ਖਲਬਲੀ ਮੱਚ ਗਈ ਹੈ ਕਿਉਂਕਿ ਹੁਣ ਤਕ ਕੈਪਟਨ ਕਿਹੜੀ ਰਣਨੀਤੀ ਤਿਆਰ ਕਰੇਗਾ ਇਹ ਇਕ ਬੁਝਾਰਤ ਬਣੀ ਹੋਈ ਸੀ ਪ੍ਰੰਤੂ ਹੁਣ ਬਿੱਲੀ ਥੈਲਿਉਂ ਬਾਹਰ ਆ ਗਈ ਹੈ | ਜਿਥੇ ਕੈਪਟਨ ਨੇ ਨਵੀਂ ਪਾਰਟੀ ਬਣਾਉਣ ਉਪਰੰਤ ਹਮ-ਿਖ਼ਆਲੀ ਪਾਰਟੀਆਂ ਨਾਲ ਗਠਜੋੜ ਕਰਨ ਦਾ ਐਲਾਨ ਵੀ ਕਰ ਦਿਤਾ ਹੈ | ਉਥੇ ਬੀ.ਜੇ.ਪੀ ਪ੍ਰਤੀ ਹੈਰਾਨੀਜਨਕ ਬਿਆਨ ਦੇ ਕੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਹੈ |
ਹਾਲ ਦੀ ਘੜੀ ਪੰਜਾਬ ਸਰਕਾਰ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਕੈਪਟਨ ਅਮਰਿੰਦਰ ਸਿੰਘ ਵਿਰੁਧ ਭੜਾਸ ਕੱਢ ਰਹੇ ਹਨ ਅਤੇ ਕੈਪਟਨ ਵਲੋਂ ਕਾਂਗਰਸ ਪਾਰਟੀ ਦੀ ਪਿੱਠ ਵਿਚ ਛੂਰਾ ਮਾਰਨ ਦੇ ਦੋਸ਼ ਵੀ ਲਗਾ ਰਹੇ ਹਨ | ਰੰਧਾਵਾ ਨੇ ਤਾਂ ਕੈਪਟਨ ਨੂੰ ਕਿਸਾਨਾ ਦਾ ਗ਼ੱਦਾਰ ਆਖਦਿਆਂ ਕਿਹਾ ਕਿ ਪੰਜਾਬ ਵਰਗੇ ਸੂਬੇ ਨੂੰ ਪਾਕਿਸਤਾਨ ਤੋਂ ਖ਼ਤਰਾ ਨਹੀਂ ਹੈ ਸਿਰਫ ਕੈਪਟਨ ਅਮਰਿੰਦਰ ਵਰਗੇ ਲੋਕਾਂ ਤੋਂ ਖ਼ਤਰਾ ਹੈ |
ਕੈਪਟਨ ਅਮਰਿੰਦਰ ਸਿੰਘ ਨੇ ਇਸ਼ਾਰਾ ਕੀਤਾ ਹੈ ਕਿ ਜੇਕਰ ਭਾਜਪਾ ਤਿੰਨੇ ਖੇਤੀ ਕਾਨੂੰਨ ਰੱਦ ਕਰੇਗੀ ਤਾਂ ਭਾਜਪਾ ਨਾਲ ਵੀ ਗਠਜੋੜ ਹੋ ਸਕੇਗਾ |
ਇਹ ਸ਼ੰਕਾ ਤਾਂ ਪਹਿਲਾਂ ਹੀ ਚਲ ਰਹੀ ਸੀ ਕਿ ਬੀ.ਜੇ.ਪੀ ਕੇਂਦਰ ਸਰਕਾਰ ਕੈਪਟਨ ਅਮਰਿੰਦਰ ਸਿੰਘ ਜ਼ਰੀਏ ਕਾਨੂੰਨਾਂ 'ਚ ਸੋਧ ਜਾਂ ਕੋਈ ਹੋਰ ਯੋਗ ਹੱਲ ਕੱਢ ਕੇ ਕੈਪਟਨ ਨੂੰ ਮੋਹਰੇ ਦੇ ਤੌਰ 'ਤੇ ਵਰਤੇਗੀ ਅਤੇ ਅਗਲੇ ਮੁੱਖ ਮੰਤਰੀ ਦੀ ਕੁਰਸੀ ਲਈ ਉਮੀਦਵਾਰ ਐਲਾਨੇਗੀ, ਦੂਜੇ ਪਾਸੇ ਭਾਵੇਂ ਕਾਂਗਰਸ ਹਾਈ ਕਮਾਂਡ ਦੀ ਘੁਰਕੀ ਕਾਰਨ ਬਹੁਤੇ ਮੌਜੂਦਾ ਵਿਧਾਇਕ ਹਾਲੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਪ੍ਰੰਤੂ ਅਪਣੇ ਆਹੁਦਿਆਂ ਦੀ ਲਾਲਸਾ ਕਾਰਨ ਪੰਜਾਬ ਸਰਕਾਰ ਦੇ ਹੱਕ ਵਿਚ ਭੁਗਤ ਰਹੇ ਹਨ |
ਉਹ ਦਿਨ ਦੂਰ ਨਹੀਂ, ਜਦੋਂ ਕਈ ਆਗੂਆਂ ਨੂੰ ਕੈਪਟਨ ਮੋਹ ਜਾਗੇਗਾ ਅਤੇ ਕਾਂਗਰਸ ਤੋਂ ਦੂਰੀ ਬਣਾਉਣ ਵਿਚ ਦੇਰੀ ਨਹੀਂ ਲਾਉਣਗੇ | ਸਿਆਸੀ ਮਾਹਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੀ ਕਾਫ਼ੀ ਪੁਰਾਣੀ ਮਿਲੀਭੁਗਤ ਸੀ ਜੋ ਹੁਣ ਜਗ-ਜ਼ਾਹਰ ਹੋ ਗਈ ਹੈ | ਭਾਵੇਂ ਵਿਰੋਧੀ ਪਾਰਟੀਆਂ ਇਹ ਪ੍ਰਚਾਰ ਕਰ ਰਹੀਆਂ ਸਨ ਪ੍ਰੰਤੂ ਕੋਈ ਠੋਸ ਸਬੂਤ ਨਹੀਂ ਮਿਲਿਆ | ਸਿਆਸੀ ਮਾਹਰ ਹਰ ਕੜੀ ਨਾਲ ਕੜੀ ਜੋੜਨ ਲਈ ਜੋੜ-ਤੋੜ ਵਿਚ ਲੱਗੇ ਹੋਏ ਹਨ, ਪੰਤੂ ਇਹ ਭਵਿੱਖ ਦੇ ਗਰਭ ਵਿਚ ਹੈ ਕਿ ਤਿੰਨੇ ਕਾਲੇ ਕਾਨੂੰਨ ਵਾਪਸ ਕਰਵਾਉਣ ਵਿਚ ਜਾਂ ਕੋਈ ਹੋਰ ਹੱਲ ਕੱਢਣ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਕੀ ਭੂਮਿਕਾ ਹੋਵੇਗੀ?