
ਚਾਰ ਮਹੀਨੇ ਪਹਿਲਾਂ ਤਲਵੰਡੀ ਭਾਈ ਵਿਚ ਪੁਲਿਸ ਕਰਮਚਾਰੀ ਲਕਸ਼ਮਣ ਸਿੰਘ ਦੀਆਂ ਲੱਤਾਂ ‘ਤੇ ਗੋਲੀਆਂ ਮਾਰ ਕੇ ਹਿਰਾਸਤ ‘ਚੋਂ ਫ਼ਰਾਰ ਹੋਏ ਤਸਕਰ...
ਫਿਰੋਜ਼ਪੁਰ (ਸਸਸ) : ਚਾਰ ਮਹੀਨੇ ਪਹਿਲਾਂ ਤਲਵੰਡੀ ਭਾਈ ਵਿਚ ਪੁਲਿਸ ਕਰਮਚਾਰੀ ਲਕਸ਼ਮਣ ਸਿੰਘ ਦੀਆਂ ਲੱਤਾਂ ‘ਤੇ ਗੋਲੀਆਂ ਮਾਰ ਕੇ ਹਿਰਾਸਤ ‘ਚੋਂ ਫ਼ਰਾਰ ਹੋਏ ਤਸਕਰ ਹਰਭਜਨ ਰਾਣਾ ਨੇ ਸ਼ੁੱਕਰਵਾਰ ਦੇਰ ਰਾਤ ਅਪਣੇ ਹੀ ਪਿੰਡ ਨਿਹਾਲਾ ਕਿਲਚਾ ਦੇ ਸਰਪੰਚ ਦੇ ਚਾਚੇ ਬੱਗਾ ਸਿੰਘ ਦੇ ਘਰ ਵਿਚ ਵੜ ਕੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਦੋਸ਼ੀ ਨੂੰ ਸ਼ੱਕ ਸੀ ਕਿ ਉਹ ਉਸ ਦੀ ਮੁਖ਼ਬਰੀ ਕਰਦਾ ਹੈ।
ਇਸ ਦੌਰਾਨ ਦੋਸ਼ੀ ਨੇ ਪੰਜ ਤੋਂ ਵੱਧ ਫ਼ਾਇਰ ਕੀਤੇ। ਮੌਕੇ ‘ਤੇ ਦੋਸ਼ੀ ਨੂੰ ਪਿੰਡ ਦੇ ਲੋਕਾਂ ਨੇ ਹੀ ਘੇਰ ਲਿਆ ਸੀ। ਇਸ ਦੌਰਾਨ ਤਸਕਰ ਹਰਭਜਨ ਰਾਣਾ ਦੀ ਵੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਥਾਣਾ ਸਦਰ ਪੁਲਿਸ, ਐਸਪੀ ਡੀ ਸਮੇਤ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ, ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਹਰਭਜਨ ਰਾਣਾ ਦੀ ਮੌਤ ਕਿਵੇਂ ਹੋਈ। ਘਟਨਾ ਦੇ ਬਾਅਦ ਹਸਪਤਾਲ ਪਹੁੰਚੇ ਐਸਐਸਪੀ ਪ੍ਰੀਤਮ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਰਭਜਨ ਰਾਣਾ ਹੈਰੋਇਨ ਤਸਕਰੀ ਦੇ ਨਾਲ ਖ਼ੁਦ ਵੀ ਨਸ਼ਾ ਲੈਣ ਦਾ ਆਦੀ ਸੀ। ਇਸ ਨੂੰ ਪੁਲਿਸ ਨੇ ਤਿੰਨ ਸਾਲ ਪਹਿਲਾਂ 22 ਕਿੱਲੋ ਹੈਰੋਇਨ ਦੇ ਨਾਲ ਫੜਿਆ ਸੀ ਅਤੇ ਨਾਭਾ ਜੇਲ੍ਹ ਭੇਜ ਦਿਤਾ ਸੀ ਪਰ ਇਹ ਪੇਸ਼ੀ ਭੁਗਤਣ ਦੇ ਦੌਰਾਨ ਤਲਵੰਡੀ ਭਾਈ ਜਦੋਂ 19 ਅਗਸਤ ਨੂੰ ਪਹੁੰਚਿਆ ਤਾਂ ਉਥੇ ਇਸ ਦੇ ਤਿੰਨ ਸਾਥੀ ਪੁਲਿਸ ਕਰਮਚਾਰੀ ਨੂੰ ਗੋਲੀਆਂ ਮਾਰ ਕੇ ਇਸ ਨੂੰ ਭਜਾ ਲੈ ਗਏ ਸਨ। ਹਰਭਜਨ ਰਾਣਾ ਪਿਛਲੇ ਕਈ ਸਾਲਾਂ ਤੋਂ ਹੈਰੋਇਨ ਤਸਕਰੀ ਵਿਚ ਸ਼ਾਮਿਲ ਸੀ
ਜੋ ਪਾਕਿਸਤਾਨ ਦੇ ਤਸਕਰ ਹਾਜੀ ਤੋਂ ਮੋਬਾਈਲ ਦੇ ਜ਼ਰੀਏ ਸੰਪਰਕ ਕਰ ਕੇ ਪਾਕਿ ਤੋਂ ਤਰਨਤਾਰਨ ਅਤੇ ਅੰਮ੍ਰਿਤਸਰ ਸਰਹੱਦ ਦੇ ਜ਼ਰੀਏ ਹੈਰੋਇਨ ਦੀ ਖੇਪ ਮੰਗਵਾਉਂਦਾ ਸੀ ਅਤੇ ਇਸ ਤੋਂ ਬਾਅਦ ਇਸ ਨੂੰ ਜ਼ੀਰਕਪੁਰ, ਚੰਡੀਗੜ੍ਹ ਅਤੇ ਫ਼ਿਲੌਰ ਦੇ ਤਸਕਰਾਂ ਦੇ ਜ਼ਰੀਏ ਦਿੱਲੀ ਮੁੰਬਈ ਅਤੇ ਵਿਦੇਸ਼ਾਂ ਵਿਚ ਭੇਜਿਆ ਜਾਂਦਾ ਸੀ। 23 ਦਸੰਬਰ 2015 ਨੂੰ ਫਿਰੋਜ਼ਪੁਰ ਪੁਲਿਸ ਨੇ ਬੀਐਸਐਫ਼ ਦੀ ਮਦਦ ਨਾਲ ਇਕ ਜੁਆਇੰਟ ਆਪਰੇਸ਼ਨ ਦੇ ਦੌਰਾਨ ਪਿੰਡ ਗੱਟੀ ਰਾਜੋ ਕੇ ਤੋਂ ਹੈਰੋਇਨ ਤਸਕਰ ਹਰਭਜਨ ਰਾਣਾ ਨੂੰ ਕਾਬੂ ਕੀਤਾ ਸੀ।
ਇਸ ਦੇ ਕੋਲੋਂ 22 ਕਿੱਲੋ ਹੈਰੋਇਨ ਫੜੀ ਗਈ ਸੀ। ਇਸ ਦੇ ਨਾਲ ਇਸ ਦੇ ਦੋ ਸਾਥੀ ਰਿਸ਼ੀ ਨਿਵਾਸੀ ਜ਼ੀਰਕਪੁਰ ਅਤੇ ਸੌਰਭ ਨਿਵਾਸੀ ਫ਼ਿਲੌਰ ਨੂੰ ਵੀ ਕਾਬੂ ਕੀਤਾ ਗਿਆ ਸੀ ਜੋ ਡਿਲੀਵਰੀ ਲੈਣ ਲਈ ਆਏ ਸਨ। ਇਸ ਤੋਂ ਬਾਅਦ ਹਰਭਜਨ ਰਾਣਾ ਨਾਭਾ ਜੇਲ੍ਹ ਵਿਚ ਬੰਦ ਸੀ।