
ਕਾਰ ਦੀਆਂ ਕਿਸ਼ਤਾਂ ਤੋਂ ਬਚਣ ਲਈ ਇਕ ਵਿਅਕਤੀ ਨੇ ਅਜਿਹਾ ਖੇਡ ਰਚਾਇਆ ਕਿ ਜਦੋਂ ਇਸ ਦਾ ਖੁਲਾਸਾ ਹੋਇਆ ਤਾਂ ਲੋਕਾਂ ਦੇ ਨਾਲ-ਨਾਲ ਪੁਲਿਸ ਦੇ ਵੀ ਹੋਸ਼ ਉੱਡ ਗਏ।
ਤਰਨਤਾਰਨ: ਅਪਣੀ ਕਾਰ ਦੀਆਂ ਕਿਸ਼ਤਾਂ ਤੋਂ ਬਚਣ ਲਈ ਇਕ ਵਿਅਕਤੀ ਨੇ ਅਜਿਹਾ ਖੇਡ ਰਚਾਇਆ ਕਿ ਜਦੋਂ ਇਸ ਦਾ ਖੁਲਾਸਾ ਹੋਇਆ ਤਾਂ ਲੋਕਾਂ ਦੇ ਨਾਲ-ਨਾਲ ਪੁਲਿਸ ਦੇ ਵੀ ਹੋਸ਼ ਉੱਡ ਗਏ। ਮਾਮਲਾ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦਾ ਹੈ। ਇੱਥੇ ਪਿੰਡ ਸਕੱਤਰਾ ਨਿਵਾਸੀ ਮਲਕੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਅਪਣੀ ਸਵਿਫਟ ਕਾਰ ਦੀ ਕਿਸ਼ਤ ਜਮ੍ਹਾਂ ਕਰਵਾਉਣ ਲਈ ਜਾ ਰਿਹਾ ਸੀ।
ਇਸੇ ਦੌਰਾਨ ਰਸਤੇ ਵਿਚ ਪੰਜ-ਛੇ ਲੋਕਾਂ ਨੇ ਉਸ ਦੀ ਗੱਡੀ ਰੋਕੀ ਅਤੇ ਉਸ ਕੋਲੋਂ 1 ਲੱਖ 70 ਹਜ਼ਾਰ ਰੁਪਏ ਖੋਹ ਲਏ। ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਲੁੱਟ ਦਾ ਮਾਮਲਾ ਫਰਜ਼ੀ ਪਾਇਆ ਗਿਆ। ਮਲਕੀਤ ਸਿੰਘ ਨੇ ਗੱਡੀ ਦੇ ਲੋਨ ਤੋਂ ਬਚਣ ਲਈ ਫਰਜ਼ੀ ਕਹਾਣੀ ਬਣਾਈ ਹੈ ਅਤੇ ਉਸ ਨੇ ਗੱਡੀ ਦੀ ਕਿਸ਼ਤ ਲਈ ਬੈਂਕ ਵਿਚੋਂ ਕੋਈ ਪੈਸਾ ਨਹੀਂ ਕਢਵਾਇਆ ਸੀ।
ਪੁਲਿਸ ਨੇ ਦੱਸਿਆ ਕਿ ਮਲਕੀਤ ਨੇ ਅਪਣੀ ਗੱਡੀ ਅਪਣੇ ਦੋਸਤ ਗੁਰਲਾਲ ਸਿੰਘ ਦੇ ਘਰ ਵਿਚ ਖੜ੍ਹੀ ਕੀਤੀ ਹੋਈ ਸੀ। ਪੁਲਿਸ ਨੇ ਮਲਕੀਤ ਨੂੰ ਗ੍ਰਿਫਤਾਰ ਕਰ ਕੇ ਗੱਡੀ ਨੂੰ ਕਾਬੂ ਵਿਚ ਲੈ ਲਿਆ ਹੈ। ਤਰਨਤਾਰਨ ਦੇ ਐਸਐਸਪੀ ਧਰੁਵ ਦਯਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।