ਡਾਵੋਸ ਵਿਖੇ ਚੱਲ ਰਹੇ ਵਰਲਡ ਇਕਨਾਮਿਕ ਫੋਰਮ (ਡਬਲਿਊ.ਈ.ਐਫ.) ਦੇ ਸੰਮੇਲਨ ਵਿੱਚ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ...
ਚੰਡੀਗੜ੍ਹ : ਡਾਵੋਸ ਵਿਖੇ ਚੱਲ ਰਹੇ ਵਰਲਡ ਇਕਨਾਮਿਕ ਫੋਰਮ (ਡਬਲਿਊ.ਈ.ਐਫ.) ਦੇ ਸੰਮੇਲਨ ਵਿੱਚ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਵਿੱਚ ਨਿਵੇਸ਼ ਬਾਰੇ ਕਈ ਆਲਮੀ ਪੱਧਰ ਦੇ ਗਰੁੱਪਾਂ ਦੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਦੱਸਣਯੋਗ ਹੈ ਕਿ ਸ੍ਰੀ ਬਾਦਲ ਦੀ ਅਗਵਾਈ ਵਾਲੇ ਪੰਜਾਬ ਸਰਕਾਰ ਦੇ ਵਫ਼ਦ ਵਿੱਚ ਵਧੀਕ ਮੁੱਖ ਸਕੱਤਰ (ਉਦਯੋਗ) ਸ੍ਰੀਮਤੀ ਵਿਨੀ ਮਹਾਜਨ ਅਤੇ ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਸ਼ਾਮਲ ਹਨ। ਇਸ ਸੰਮੇਲਨ ਵਿੱਚ ਸਿਆਸੀ, ਸੱਭਿਆਚਾਰਕ ਅਤੇ ਸਨਅਤੀ ਗਰੁੱਪਾਂ ਦੇ ਆਗੂ ਹਿੱਸਾ ਲੈ ਰਹੇ ਹਨ।
ਵਿੱਤ ਮੰਤਰੀ ਸ੍ਰੀ ਬਾਦਲ ਨੇ 21 ਜਨਵਰੀ ਨੂੰ ਕਾਂਗਰਸ ਸੈਂਟਰ, ਡਾਵੋਸ ਵਿੱਚ ਵਰਲਡ ਇਕਨਾਮਿਕ ਫੋਰਮ ਵੱਲੋਂ ਰੱਖੇ ਸਵਾਗਤੀ ਸਮਾਗਮ ਵਿੱਚ ਹਿੱਸਾ ਲਿਆ ਅਤੇ ਦੁਬਈ ਆਧਾਰਤ ਲੁਲੁ ਗਰੁੱਪ ਦੇ ਚੇਅਰਮੈਨ ਯੂਸਫ ਅਲੀ ਨਾਲ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਲੁਲੁ ਗਰੁੱਪ ਨੇ ਇਸ ਤੋਂ ਪਹਿਲਾਂ ਦਸੰਬਰ ਵਿੱਚ ਮੁਹਾਲੀ ਵਿੱਚ ਏਕੀਕ੍ਰਿਤ ਪ੍ਰਾਜੈਕਟ ਨਾਲ ਪੰਜਾਬ 'ਚ ਕਾਰੋਬਾਰ ਸ਼ੁਰੂ ਕਰਨ ਵਿੱਚ ਦਿਲਚਸਪੀ ਦਿਖਾਈ ਸੀ। ਵਿੱਤ ਮੰਤਰੀ ਨੇ ਸ੍ਰੀ ਅਲੀ ਨੂੰ ਹਰ ਸੰਭਵ ਸਹਿਯੋਗ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ।
22 ਜਨਵਰੀ ਨੂੰ ਪੰਜਾਬ ਦੇ ਵਫ਼ਦ ਵੱਲੋਂ ਸੀ.ਆਈ.ਆਈ. ਵੱਲੋਂ ਕਰਾਏ ਗਏ 'ਇੰਡਸਟਰੀ 4.0' ਸੈਸ਼ਨ ਵਿੱਚ ਹਿੱਸਾ ਲਿਆ। ਇਸ ਬਾਅਦ ਇਨਵੈਸਟ ਇੰਡੀਆ ਤੇ ਪੇਅਪਾਲ ਦੀ ਸਹਿ-ਮੇਜ਼ਬਾਨੀ ਵਾਲੀ “ਡਿਵੈਲਪਿੰਗ ਆਨ ਐਕਸਪੋਰਟ ਇਕਾਨਮੀ ਫਾਰ ਐਮਐਸਐਮਈਐਸ ਇਨ ਇੰਡੀਆ' ਉਤੇ ਗੋਲ ਮੇਜ਼ ਚਰਚਾ ਕੀਤੀ ਗਈ, ਜਿਸ ਵਿੱਚ ਵਿੱਤ ਮੰਤਰੀ ਨੇ ਐਮਐਸਐਮਸੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਤੇ ਸਨਅਤਾਂ ਦੇ ਸਹਿਯੋਗ ਨਾਲ ਰਣਨੀਤੀ ਬਣਾਉਣ ਦੀ ਗੱਲ ਕਹੀ।
ਡੀਆਈਪੀਪੀ ਸਕੱਤਰ ਰਮੇਸ਼ ਅਭਿਸ਼ੇਕ, ਇਨਵੈਸਟ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਦੀਪਕ ਬਾਗਲਾ, ਪੇਅਪਾਲ ਦੇ ਸੀਈਓ ਡੈਨ ਸ਼ੁਲਮੈਨ ਤੋਂ ਇਲਾਵਾ ਆਲਮੀ ਤੇ ਭਾਰਤੀ ਸਨਅਤੀ ਘਰਾਣਿਆਂ ਦੇ ਆਗੂਆਂ ਨੇ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕੌਮਾਂਤਰੀ ਮੁਦਰਾ ਕੋਸ਼ (ਆਈ.ਐਮ.ਐਫ) ਦੇ ਮੁੱਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਵੱਲੋਂ 'ਭਾਰਤ ਬਾਰੇ ਰਣਨੀਤਕ ਸੰਵਾਦ' ਸੈਸ਼ਨ ਦਾ ਸੰਚਾਲਨ ਕੀਤਾ, ਜਿਸ ਵਿੱਚ ਵਿੱਤ ਮੰਤਰੀ ਸ੍ਰੀ ਬਾਦਲ ਵੱਲੋਂ ਆਂਧਰਾ ਪ੍ਰਦੇਸ਼ ਦੇ ਸੂਚਨਾ ਤਕਨਾਲੋਜੀ ਮੰਤਰੀ ਲੋਕੇਸ਼ ਨਾਰਾ,
ਨੀਤੀ ਆਯੋਗ ਦੇ ਸੀ.ਈ.ਓ. ਅਮਿਤਾਭ ਕਾਂਤ ਅਤੇ ਇੰਡਸਟਰੀਅਲ ਪਾਲਿਸੀ ਐਂਡ ਪ੍ਰੋਮੋਸ਼ਨ ਵਿਭਾਗ ਦੇ ਸਕੱਤਰ ਸ੍ਰੀ ਰਮੇਸ਼ ਅਭਿਸ਼ੇਕ ਨਾਲ ਮੰਚ ਸਾਂਝਾ ਕੀਤਾ। ਇਹ ਸੈਸ਼ਨ ਭਾਰਤ ਦੀਆਂ ਰਣਨੀਤਕ ਤਰਜੀਹਾਂ ਬਾਰੇ ਪੰਜਾਬ ਵੱਲੋਂ ਸਾਂਝੇ ਕੀਤੇ ਵਿਚਾਰਾਂ ਲਈ ਅਹਿਮ ਮੌਕਾ ਸਾਬਤ ਹੋਇਆ। ਫੂਡ ਸਿਸਟਮਜ਼ ਐਕਸ਼ਨ ਪਲੇਟਫਾਰਮ 'ਤੇ ਸੈਸ਼ਨ ਦੇ ਹਿੱਸੇ ਵਜੋਂ ਵਿੱਤੀ ਮੰਤਰੀ ਨੇ ਖੇਤੀਬਾੜੀ ਅਤੇ ਫੂਡ ਸੇਫਟੀ ਲਈ ਨਵੀਂ ਪਹਿਲਕਦਮੀ 'ਤੇ ਆਲਮੀ ਭਾਈਚਾਰੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਸੰਸਾਰ ਵਿੱਚ ਭੋਜਨ ਸੁਰੱÎਖਆ ਨੂੰ ਯਕੀਨੀ ਬਣਾਉਣ ਲਈ ਮਜ਼ਬੂਤ ਐਕਸ਼ਨ ਪਲੇਟਫਾਰਮ ਦੇ ਨਿਰਮਾਣ ਲਈ ਲੋੜੀਂਦੀਆਂ ਕਰਾਸ ਕਟਿੰਗ ਫੂਡ ਸਿਸਟਮ ਐਕਸ਼ਨ ਪਹਿਲਕਦਮੀਆਂ ਜਿਵੇਂ ਰੈਜੀਲੈਂਸ, ਆਹਾਰ, ਫਾਇਨਾਂ ਆਦਿ ਸੈਸ਼ਨ ਦੌਰਾਨ ਵਿਚਾਰਚਰਚਾ ਦੇ ਮੁੱਖ ਵਿਸ਼ੇ ਰਹੇ। ਵਫ਼ਦ ਵੱਲੋਂ ਗਲੋਬਲ ਬਿਜ਼ਨਸ ਅਤੇ ਸਿਆਸੀ ਆਗੂਆਂ ਜਿਨ੍ਹਾਂ ਵਿੱਚ ਐਸ. ਇਸਵਰਨ (ਕਮਿਊਨੀਕੇਸ਼ਨ ਅਤੇ ਇਨਫਾਰਮੇਸ਼ਨ ਬਾਰੇ ਮੰਤਰੀ, ਸਿੰਗਾਪੁਰ ਸਰਕਾਰ), ਐਮ. ਸੁਰੰਜਨ (ਪ੍ਰਧਾਨ, ਪ੍ਰੋਕਟਰ ਐਂਡ ਗੈਂਬਲ) - ਏਸ਼ੀਆ, ਭਾਰਤ, ਮਿਡਲ ਈਸਟ ਅਤੇ ਅਫ਼ਰੀਕਾ ),
ਮਾਈਕ ਕਲੇਵਿਲੇ (ਉਪ ਪ੍ਰਧਾਨ, ਐਮਾਜੌਨ ਵੈੱਬ ਸਰਵਿਸਿਜ਼ ਵਿਖੇ ਕਮਰਸ਼ੀਅਲ ਸੈਕਟਰ) ਅਤੇ ਰਾਕੇਸ਼ ਭਾਰਤੀ ਮਿੱਤਲ (ਵਾਈਸ ਚੇਅਰਮੈਨ, ਭਾਰਤੀ ਇੰਟਰਪ੍ਰਾਈਜਜ਼) ਨਾਲ ਫਲਦਾਇਕ ਮੀਟਿੰਗਾਂ ਕੀਤੀਆਂ ਗਈਆਂ। ਐਸ. ਇਸਵਰਨ ਨਾਲ ਮੀਟਿੰਗ ਪੰਜਾਬ ਵਿੱਚ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਨੂੰ ਹੁਲਾਰਾ ਦੇਣ 'ਤੇ ਕੇਂਦਰਿਤ ਸੀ। ਉਨ੍ਹਾਂ ਪੰਜਾਬ ਸਰਕਾਰ ਦੀ ਸ਼ਹਿਰੀ ਯੋਜਨਾਬੰਦੀ ਪਹਿਲਕਦਮੀ ਵਿੱਚ ਸ਼ਾਮਲ ਸਿੰਗਪੁਰ ਸਰਕਾਰ ਦੀ ਮਲਕੀਅਤ ਵਾਲੀ ਇਨਫਰਾਸਟਰੱਕਚਰ ਕੰਸਲਟੈਂਸੀ ਕੰਪਨੀ, ਸੁਰਬਾਨਾ ਜੁਰਓਂਗ ਨੂੰ ਸਹਾਇਤਾ ਦੇਣ ਦੀ ਸਹਿਮਤੀ ਜਤਾਈ।
ਪ੍ਰੋਕਟਰ ਅਤੇ ਗੈਂਬਲ ਨਾਲ ਵਿਚਾਰਚਰਚਾ ਦੌਰਾਨ ਪੰਜਾਬ ਨੂੰ ਉਸ ਦੀ ਖੇਤੀਬਾੜੀ-ਖਰੀਦ ਲਈ ਪਹਿਲ ਦੇਣਾ, ਉਤਰੀ ਭਾਰਤ ਵਿੱਚ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਉਤਪਾਦਨ ਦੀ ਸਹੂਲਤ ਸਥਾਪਤ ਕਰਨਾ ਮੁੱਖ ਵਿਸ਼ੇ ਸਨ। ਐਮਾਜੌਨ ਵੈੱਬ ਸਰਵਿਸਿਜ਼ ਭਾਰਤ ਵਿੱਚ ਕਲਾਊਡ ਰੀਲੇਟਡ ਤਕਨਾਲੋਜੀਜ਼ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਸਿਖਲਾਈ ਦੇਣ ਬਾਰੇ ਸੋਚ ਰਿਹਾ ਹੈ। ਤਕਨਾਲੋਜੀ ਹੁਨਰ ਵਿਕਾਸ ਅਤੇ ਸਟਾਰਟਅੱਖ ਇਨਕਿਊਬੇਸ਼ਨ ਸੈਂਟਰ ਵਿੱਚ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਗਈਆਂ।
ਟੈਲੀਕਾਮ, ਖੇਤੀਬਾੜੀ ਵਪਾਰ, ਫਾਈਨਾਂਸ ਸਰਵਿਸਿਜ਼, ਰੀਟੇਲ ਅਤੇ ਕਮਿਊਨੀਕੇਸ਼ਨ ਦੇ ਖੇਤਰ ਵਿੱਚ ਸ੍ਰੀ ਰਾਕੇਸ਼ ਭਾਰਤੀ ਅਤੇ ਪੰਜਾਬ ਦੇ ਵਫ਼ਦ ਵੱਲੋਂ ਸਹਿਯੋਗ ਦੇ ਮੁੱਦੇ ਵਿਚਾਰ ਗਏ। ਪੰਜਾਬ ਦੇ ਵਫ਼ਦ ਵੱਲੋਂ ਆਲਮੀ ਬਿਜਨਸ ਆਗੂਆਂ ਨਾਲ ਆਉਣ ਵਾਲੇ ਦਿਨਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਕੌਮਾਂਤਰੀ ਮਹੱਤਤਾ ਦੇ ਵਿਸ਼ਿਆਂ 'ਤੇ ਵਿਚਾਰ ਸਾਂਝੇ ਕੀਤੇ ਜਾਣਗੇ।