
ਮਕਾਨ ਦੀ ਪਹਿਲੀ ਮੰਜ਼ਲ 'ਤੇ ਲੱਗੀ ਅੱਗ, ਦੀਵਾਰ ਤੋੜ ਕੇ ਫ਼ਾਇਰ ਟੀਮ ਹੋਈ ਕਮਰੇ 'ਚ ਦਾਖ਼ਲ
ਚੰਡੀਗੜ੍ਹ: ਸ਼ਹਿਰ ਦੇ ਸੈਕਟਰ-32ਡੀ ਦੇ ਇਕ ਮਕਾਨ ਵਿਚ ਚਲਾਏ ਜਾ ਰਹੇ ਲੜਕੀਆਂ ਦੇ ਪੀਜੀ ਵਿਚ ਭਿਆਨਕ ਅੱਗ ਲੱਗ ਗਈ। ਹਾਦਸੇ ਵਿਚ ਤਿੰਨ ਲੜਕੀਆਂ ਦੀ ਅੱਗ ਵਿਚ ਝੁਲਸਣ ਕਾਰਨ ਮੌਤ ਹੋ ਗਈ ਜਦਕਿ ਦੋ ਲੜਕੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਥੇ ਹੀ ਇਕ ਲੜਕੀ ਨੇ ਘਰ ਦੀ ਪਹਿਲੀ ਮੰਜ਼ਲ ਤੋਂ ਛਾਲ ਮਾਰ ਕੇ ਅਪਣੀ ਜਾਨ ਬਚਾਈ, ਉਹ ਵੀ ਗੰਭੀਰ ਜ਼ਖ਼ਮੀ ਹੋ ਗਈ।
ਹਾਦਸੇ ਵਿਚ ਮ੍ਰਿਤਕ ਲੜਕੀਆਂ ਦੀ ਪਛਾਣ ਕਪੂਰਥਲਾ ਦੀ ਰਹਿਣ ਵਾਲੀ ਰੀਆ, ਕੋਟਕਪੂਰਾ ਦੀ ਪਕਸ਼ੀ ਅਤੇ ਹਿਸਾਰ ਦੀ ਰਹਿਣ ਵਾਲੀ ਮੁਸਕਾਨ ਦੇ ਤੌਰ 'ਤੇ ਹੋਈ ਹੈ ਜਦਕਿ ਇਸ ਹਾਦਸੇ ਵਿਚ ਜ਼ਖ਼ਮੀ ਹੋਣ ਵਾਲੀਆਂ ਲੜਕੀਆਂ ਦੀ ਪਛਾਣ ਫੈਮੀਨਾ ਅਤੇ ਜੈਸਮੀਨ ਦੇ ਰੂਪ ਵਿਚ ਹੋਈ ਹੈ। ਜ਼ਖ਼ਮੀ ਲੜਕੀਆਂ ਦਾ ਇਲਾਜ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਚ ਚਲ ਰਿਹਾ ਹੈ, ਜਿਥੇ ਉਨ੍ਹਾ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਦਸਿਆ ਜਾ ਰਿਹਾ ਹੈ ਕਿ ਪੀ.ਜੀ. ਵਿਚ ਲੋਕਾਂ ਨੇ ਅਚਾਨਕ ਧੁੰਆਂ ਉਠਦਾ ਵੇਖਿਆ ਤਾਂ ਇਸ ਦੀ ਸੂਚਨਾ ਲੋਕਾਂ ਨੇ ਪੁਲਿਸ ਨੂੰ ਦਿਤੀ। ਮੌਕੇ 'ਤੇ ਫ਼ਾਇਰ ਬ੍ਰਿਗੇਡ ਦੀ ਟੀਮ ਤੇ ਪੁਲਿਸ ਪਹੁੰਚੀ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਅੰਦਰ ਜਾ ਕੇ ਵੇਖਿਆ ਤਾਂ ਉਥੇ ਪੰਜ ਲੜਕੀਆਂ ਬੁਰੀ ਤਰ੍ਹਾਂ ਝੁਲਸੀ ਹੋਈ ਹਾਲਤ ਵਿਚ ਪਈਆਂ ਸਨ।
ਉਨ੍ਹਾਂ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਤਿੰਨ ਲੜਕੀਆਂ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਜਦਕਿ ਦੋ ਹੋਰ ਲੜਕੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਲੜਕੀਆਂ ਦੀ ਉਮਰ 18 ਤੋਂ 22 ਸਾਲ ਦੇ ਵਿਚ ਦੱਸੀ ਜਾ ਰਹੀ ਹੈ। ਪਕਸ਼ੀ ਅਤੇ ਮੁਸਕਾਨ ਐਸ.ਡੀ. ਕਾਲਜ ਵਿਚ ਐਮ ਕਾਮ ਦੀਆਂ ਵਿਦਿਆਰਥਣਾਂ ਸਨ।
ਪੀ.ਜੀ. ਵਿਚ ਲਗਭਗ 25 ਲੜਕੀਆਂ ਦੇ ਰਹਿਣ ਦੀ ਵਿਵਸਥਾ ਹੈ ਪਰ ਹਾਲੇ ਇਥੇ ਚਾਰ- ਪੰਜ ਲੜਕੀਆਂ ਹੀ ਰਹਿ ਰਹੀਆਂ ਸਨ। ਦਸਿਆ ਜਾ ਰਿਹਾ ਹੈ ਕਿ ਅੱਗ ਲੈਪਟਾਪ ਦੀ ਬੈਟਰੀ ਫਟਣ ਕਾਰਨ ਲੱਗੀ ਹੈ। ਹਾਲਾਂਕਿ ਹਾਲੇ ਇਸ ਬਾਰੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਕਮਰੇ ਵਿਚ ਲੜਕੀਆਂ ਦਾ ਸਮਾਨ ਜ਼ਿਆਦਾ ਹੋਣ ਕਾਰਨ ਉਸ ਨੇ ਅੱਗ ਫੜ ਲਈ ਅਤੇ ਕੁੱਝ ਮਿੰਟਾਂ ਵਿਚ ਅੱਗ ਨੇ ਲੜਕੀਆਂ ਨੂੰ ਅਪਣੀ ਲਪੇਟ ਵਿਚ ਲੈ ਲਿਆ।
ਗੰਭੀਰ ਰੂਪ ਨਾਲ ਝੁਲਸਣ ਵਾਲੀਆਂ ਵਿਚ ਜੈਸਮੀਨ ਅਤੇ ਫਾਮਿਨਾ ਸ਼ਾਮਲ ਹਨ। ਜੈਸਮੀਨ ਪੰਜਾਬ ਦੇ ਮੋਗਾ, ਜਦਕਿ ਫਾਮਿਨਾ ਹਰਿਆਣਾ ਦੇ ਫਤਿਹਾਬਾਦ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਪਰਵਾਰ ਨੂੰ ਸੂਚਨਾ ਦੇ ਦਿਤੀ ਗਈ ਹੈ। ਜੈਸਮੀਨ ਅਤੇ ਫਾਮਿਨਾ ਇਕ-ਦੂਜੇ ਨੂੰ ਨਹੀਂ ਜਾਣਦੀਆਂ ਸਨ।
ਉਨ੍ਹਾਂ ਮੁਤਾਬਕ ਪੀ.ਜੀ. ਵਿਚ ਅੱਜ ਕਲ 15-20 ਵਿਦਿਆਰਥਣਾਂ ਰਹਿ ਰਹੀਆਂ ਸਨ ਪਰ ਘਟਨਾ ਸਮੇਂ ਸਾਰੀਆਂ ਉਥੇ ਮੌਜੂਦ ਨਹੀਂ ਸਨ। ਦਸਿਆ ਜਾ ਰਿਹਾ ਹੈ ਕਿ ਇਹ ਪੀ.ਜੀ. ਰਜਿਸਟਰਡ ਨਹੀਂ ਹੈ। ਇਥੇ ਗ਼ੈਰਕਾਨੂੰਨੀ ਤੌਰ 'ਤੇ ਪੀਜੀ ਚਲਾਇਆ ਜਾ ਰਿਹਾ ਸੀ। ਹਾਦਸੇ ਵਿਚ ਮਰਨ ਵਾਲੀ ਪਕਸ਼ੀ ਕੋਟਕਪੂਰਾ ਸ਼ਹਿਰ ਨਾਲ ਲਗਦੇ ਬਾਜ਼ਾਰ ਨਿਵਾਸੀ ਨਵਦੀਪ ਗਰੋਵਰ ਦੀ ਧੀ ਸੀ।
ਦਸਿਆ ਜਾ ਰਿਹਾ ਹੈ ਉਹ ਡੀ.ਏ.ਵੀ. ਕਾਲਜ ਵਿਚ ਮੈਡੀਕਲ ਗਰੁਪ ਵਿਚ 12ਵੀਂ ਜਮਾਤ ਦੀ ਟਾਪਰ ਰਹਿ ਚੁਕੀ ਹੈ। ਉਹ ਚੰਡੀਗੜ੍ਹ ਵਿਚ ਐਸ.ਡੀ.ਕਾਲਜ ਦੀ ਵਿਦਿਆਰਥਣ ਸੀ। ਉਸ ਦੀ ਮੌਤ ਦੀ ਖ਼ਬਰ ਤੋਂ ਬਾਅਦ ਸ਼ਹਿਰ ਵਿਚ ਸੋਗ ਦੀ ਲਹਿਰ ਹੈ, ਉਥੇ ਹੀ ਉਸ ਦਾ ਪਰਵਾਰ ਚੰਡੀਗੜ੍ਹ ਪੁੱਜ ਚੁੱਕਾ ਹੈ।
ਦੀਵਾਰ ਤੋੜ ਕੇ ਅੰਦਰ ਦਾਖ਼ਲ ਹੋਈ ਫ਼ਾਇਰ ਬ੍ਰਿਗੇਡ ਦੀ ਟੀਮ
ਸਟੇਸ਼ਨ ਫਾਇਰ ਅਧਿਕਾਰੀ ਲਾਲ ਬਹਾਦੁਰ ਗੌਤਮ ਨੇ ਦਸਿਆ ਕਿ ਸਾਨੂੰ ਕਰੀਬ 4 ਵਜੇ ਸੈਕਟਰ-32 ਦੇ ਮਕਾਨ ਨੰਬਰ 3325 ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਪੁੱਜੇ ਤਾਂ ਵੇਖਿਆ ਕਿ ਮਕਾਨ ਦੀ ਪਹਿਲੀ ਮੰਜ਼ਲ ਤੇ ਭਿਆਨਕ ਅੱਗ ਲੱਗੀ ਸੀ।
ਅੱਗ 'ਤੇ ਹਲਕਾ ਕਾਬੂ ਪਾਉਣ ਤੋਂ ਬਾਅਦ ਜਦੋਂ ਟੀਮ ਉਪਰ ਗਈ ਤਾਂ ਅੰਦਰ ਜਾਣ ਲਈ ਰਸਤਾ ਨਹੀਂ ਲੱਭ ਰਿਹਾ ਸੀ। ਜਿਸ ਤੋਂ ਬਾਅਦ ਦੀਵਾਰ ਤੋੜ ਕੇ ਅੰਦਰ ਜਾਣਾ ਪਿਆ। ਅੰਦਰ ਜਾ ਕੇ ਉਨ੍ਹਾਂ ਵੇਖਿਆ ਕਿ ਦੋ ਲੜਕੀਆਂ ਕਮਰੇ ਵਿਚ ਪਈਆਂ ਸਨ ਜਦਕਿ ਤਿੰਨ ਲੜਕੀਆਂ ਝੁਲਸੀ ਹਾਲਤ ਵਿਚ ਬਾਥਰੂਮ ਵਿਚ ਪਈਆਂ ਸਨ, ਜਿਨ੍ਹਾਂ ਨੂੰ ਤੁਰਤ ਹਸਪਤਾਲ ਪਹੁੰਚਾਇਆ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।