
ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਦਾ ਮੰਡੀ ਢਾਂਚਾ ਤੋੜਨ ਦੀ ਪੂਰੀ ਤਿਆਰੀ ਕਰ ਲਈ ਹੈ।
ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਦਾ ਮੰਡੀ ਢਾਂਚਾ ਤੋੜਨ ਦੀ ਪੂਰੀ ਤਿਆਰੀ ਕਰ ਲਈ ਹੈ। ਇਹ ਗੱਲ ਇਥੋਂ ਜਾਰੀ ਕੀਤੇ ਇਕ ਪ੍ਰੈੱਸ ਬਿਆਨ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਕਹੀ।
ਉਨ੍ਹਾਂ ਕਿਹਾ ਕਿ ਹਾਲੇ ਪਰਸੋਂ ਹੀ ਕੇਂਦਰ ਸਰਕਾਰ ਦੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਖੁਰਾਕ ਰਾਜ ਮੰਤਰੀ ਪੰਜਾਬ ਆ ਕੇ ਐਲਾਨ ਕਰ ਗਏ ਹਨ ਕਿ ਉਹ ਜਲਦੀ ਹੀ ਪੰਜਾਬ ਦੀਆਂ 18 ਜਗ੍ਹਾ ਉਤੇ ਅਨਾਜ ਸਟੋਰ ਕਰਨ ਲਈ ਸਾਈਲੋ ਬਣਾ ਰਹੇ ਹਨ ਅਤੇ ਅਗਲੇ ਸਾਲ ਤਕ ਸਾਰੇ ਪੰਜਾਬ ਵਿੱਚ ਅਜਿਹੇ ਸਾਈਲੋ ਬਣ ਜਾਣਗੇ। ਰਾਜੇਵਾਲ ਨੇ ਕਿਹਾ ਕਿ ਅਸਲ ਵਿੱਚ ਸਰਕਾਰ ਨੇ ਇਹ ਕੇਵਲ ਸਾਈਲੋ ਨਹੀਂ, ਪ੍ਰਈਵੇਟ ਮੰਡੀਆਂ ਬਨਾਉਣ ਦਾ ਠੇਕਾ ਅਡਾਨੀ ਗਰੁੱਪ ਨੂੰ ਦੇ ਦਿਤਾ ਹੈ।
ਜਿਥੇ ਵੀ ਸਾਈਲੋ ਬਣਨਗੇ, ਉਥੇ ਹੀ ਜਿਣਸਾਂ ਦੀ ਖਰੀਦ ਲਈ ਅਡਾਨੀ ਗਰੁੱਪ ਆਟੋਮੈਟਿਕ ਮਸ਼ੀਨਰੀ ਨਾਲ ਲੈਸ ਪ੍ਰਾਈਵੇਟ ਯਾਰਡ ਬਣਾ ਰਿਹਾ ਹੈ। ਇੰਜ ਸਰਕਾਰ ਖੇਤੀ ਜਿਣਸਾਂ ਦੀ ਖ਼ਰੀਦ ਪ੍ਰਾਈਵੇਟ ਹੱਥਾਂ ਵਿੱਚ ਦੇਣ ਲਈ ਪੂਰਾ ਮਨ ਬਣਾ ਚੁੱਕੀ ਹੈ। ਇੰਜ ਨਾ ਐਮ.ਐਸ.ਪੀ ਰਹੇਗੀ ਅਤੇ ਨਾ ਸਰਕਾਰੀ ਖ਼ਰੀਦ। ਰਾਜੇਵਾਲ ਨੇ ਕਿਹਾ ਕਿ ਛੋਟੇ ਜਿਹੇ ਸੂਬੇ ਪੰਜਾਬ ਵਿੱਚ 130 ਲੱਖ ਟਨ ਕਣਕ ਅਤੇ 180 ਲੱਖ ਟਨ ਝੋਨਾ ਮੰਡੀਆਂ ਵਿੱਚ ਵਿਕਦਾ ਹੈ।
ਜਦੋਂ ਸਰਕਾਰ ਖ਼ਰੀਦ ਤੋਂ ਲਾਂਭੇ ਹੋਈ ਤਾਂ ਇਨ੍ਹਾਂ ਦੇ ਰੇਟ ਅੱਧੇ ਵੀ ਨਹੀਂ ਰਹਿਣੇ। ਮੰਡੀਆਂ ਪ੍ਰਾਈਵੇਟ ਹੋਣ ਨਾਲ ਆੜ੍ਹਤੀ, ਉਨ੍ਹਾਂ ਦੇ ਮੁਨੀਮ ਅਤੇ ਮਜ਼ਦੂਰ ਹੀ ਕੰਮ ਤੋਂ ਵਿਹਲੇ ਨਹੀਂ ਹੋਣਗੇ ਸਗੋਂ ਮੰਡੀ ਬੋਰਡ ਦੇ ਕਰਮਚਾਰੀ ਵੀ ਬੇਰੁਜ਼ਗਾਰ ਹੋ ਜਾਣਗੇ। ਪੰਜਾਬ ਦੀਆਂ ਫ਼ਸਲਾਂ ਦੀ ਸਮਾਜਕ ਅਤੇ ਆਰਥਕ ਸੁਰੱਖਿਆ ਹਨ। ਸਰਕਾਰ ਦਾ ਖ਼ਰੀਦ ਤੋਂ ਭੱਜਣਾ ਪੰਜਾਬ ਅਤੇ ਹਰਿਆਣੇ ਦੇ ਬਜ਼ਾਰ ਨੂੰ ਤਬਾਹ ਕਰ ਦੇਵੇਗਾ। ਦੋਵਾਂ ਰਾਜਾਂ ਦਾ ਆਰਥਕ ਤਾਣਾ-ਬਾਣਾ ਬੁਰੀ ਤਰ੍ਹਾਂ ਟੁੱਟ ਜਾਵੇਗਾ।
ਰਾਜੇਵਾਲ ਨੇ ਦੁੱਖ ਜ਼ਾਹਰ ਕੀਤਾ ਕਿ ਅੰਦਰ ਖਾਤੇ ਕਿਸਾਨਾਂ ਅਤੇ ਪੰਜਾਬ ਦੀ ਆਰਥਕ ਬਰਬਾਦੀ ਦੀ ਤਿਆਰੀ ਕਰ ਲਈ ਗਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਾਜਸ਼ੀ ਚੁੱਪ ਸਾਧੀ ਹੋਈ ਹੈ। ਜਦਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਖੁਦ ਪੰਜਾਬ ਨੂੰ ਇਸ ਆ ਰਹੀ ਆਫ਼ਤ ਤੋਂ ਬਚਣ ਲਈ ਚਿੰਤਾ ਜਾਹਰ ਕਰ ਰਹੇ ਹਨ।
ਰਾਜੇਵਾਲ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹਰ ਪਿੰਡ ਵਿੱਚੋ ਖੁਦ ਹੀ ਤਿਆਰੀ ਕਰਕੇ 24 ਫ਼ਰਵਰੀ ਸੋਮਵਾਰ ਨੂੰ ਚੰਡੀਗੜ੍ਹ ਦੇ ਸੈਕਟਰ 25 ਵਿਚਲੀ ਰੈਲੀ ਗਰਾਉਂਡ ਵਿੱਚ ਪੁੱਜ ਕੇ ਯੂਨੀਅਨ ਦੀ ਰੋਸ ਰੈਲੀ ਵਿਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਹੁਣ ਗੱਲਾਂ ਕਰਨ ਦਾ ਨਹੀਂ, ਅੰਦੋਲਨ ਕਰਨ ਦਾ ਸਮਾਂ ਹੈ। ਸ. ਰਾਜੇਵਾਲ ਨੇ ਪੰਜਾਬ ਦੀਆਂ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਵੀ ਇੱਕਠੇ ਹੋਣ ਦਾ ਸੱਦਾ ਦਿਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।