
ਇਸ ਤੋਂ ਇਲਾਵਾ ਮੁਲਜ਼ਮ ਕੁਲਦੀਪ ਸਿੰਘ ਤੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਚੰਡੀਗੜ੍ਹ -ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਕੁਲਦੀਪ ਸਿੰਘ ਨੇ ਥਾਣਾ ਵਿਜੀਲੈਂਸ ਬਿਊਰੋ ਉੱਡਣ ਦਸਤਾ –1, ਪੰਜਾਬ ਮੋਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਦਰਜ ਐਫ.ਆਈ.ਆਰ ਨੰਬਰ 28, ਮਿਤੀ 30. 10. 2023 ਅਧੀਨ ਕੇਸ ਦੀ ਤਫਤੀਸ਼ ਦੌਰਾਨ ਕੁਝ ਅਹਿਮ ਖੁਲਾਸੇ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਬਲਬੀਰ ਸਿੰਘ ਅਤੇ ਖੁਰਾਕ, ਜਨਤਕ ਵੰਡ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਦਾ ਡਰਾਈਵਰ ਕੁਲਦੀਪ ਸਿੰਘ ਅਤੇ ਖੁਦ ਨੂੰ ਆਈ.ਜੀ., ਵਿਜੀਲੈਂਸ ਬਿਊਰੋ ਦੱਸਣ ਵਾਲੇ ਮਾਲਵਿੰਦਰ ਸਿੰਘ ਸਿੱਧੂ, ਏ.ਆਈ.ਜੀ. ਮਨੁੱਖੀ ਅਧਿਕਾਰ ਸੈੱਲ, ਪੰਜਾਬ ਪੁਲਿਸ, ਸਹਿ-ਮੁਲਜ਼ਮ ਹਨ। ਜਿਕਰਯੋਗ ਹੈ ਕਿ ਉਕਤ ਮਾਲਵਿੰਦਰ ਸਿੰਘ ਉਕਤ ਮੁਲਜ਼ਮਾਂ ਨਾਲ ਮਿਲਕੇ ਗੈਰ-ਕਾਨੂੰਨੀ ਢੰਗ ਨਾਲ ਸਰਕਾਰੀ ਕਰਮਚਾਰੀਆਂ ਦੇ ਸਰਵਿਸ ਰਿਕਾਰਡ ਹਾਸਲ ਕਰਕੇ ਉਨ੍ਹਾਂ ਖਿਲਾਫ਼ ਝੂਠੀਆਂ ਤੇ ਫਰਜ਼ੀ ਸ਼ਿਕਾਇਤਤਾਂ ਦਰਜ ਕਰਵਾ ਕੇ ਉਹਨਾਂ ਤੋਂ ਧੋਖਾਧੜੀ, ਬਲੈਕਮੇਲ ਕਰਕੇ ਪੈਸੇ ਦੀ ਵਸੂਲੀ ਕਰਦਾ ਸੀ।
ਬੁਲਾਰੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਕੁਲਦੀਪ ਸਿੰਘ ਵੱਲੋਂ ਐਵੀਡੈਂਸ ਐਕਟ ਤਹਿਤ ਦਿੱਤੇ ਬਿਆਨ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਇੰਸਪੈਕਟਰ ਜਨਰਲ ਆਫ਼ ਪੁਲਿਸ, ਵਿਜੀਲੈਂਸ ਵਿਭਾਗ, ਪੰਜਾਬ ਦੇ ਨਾਮ ’ਤੇ ਬਣੀ ਇੱਕ ਜਾਅਲੀ/ਫਰਜ਼ੀ ਮੋਹਰ ਬਰਾਮਦ ਕੀਤੀ ਹੈ, ਜੋ ਕਿ ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਏ.ਆਈ.ਜੀ. ਮਾਲਵਿੰਦਰ ਸਿੰਘ ਦੁਆਰਾ ਬਲੈਕਮੇਲ/ਜਬਰਦਸਤੀ ਲਈ ਵਰਤੀ ਜਾਂਦੀ ਸੀ। ਇਸ ਤੋਂ ਇਲਾਵਾ ਮੁਲਜ਼ਮ ਕੁਲਦੀਪ ਸਿੰਘ ਤੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇੰਨਾਂ ਮੋਬਾਈਲ ਫੋਨਾਂ ਵਿੱਚ ਮੌਜੂਦ ਡੇਟਾ ਸਦਕਾ ਇਸ ਕੇਸ ਵਿੱਚ ਵੱਡੇ ਖੁਲਾਸੇ ਹੋ ਸਕਦੇ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ।