
ਸੈਕਟਰ-71 ਸਥਿਤ ਬੈਂਕ ਆਫ਼ ਬੜੌਦਾ ਵਿਚ ਪੈਸੇ ਜਮ੍ਹਾਂ ਕਰਵਾਉਣ ਆਏ ਇਕ ਨੌਜਵਨ ਤੋਂ ਦੋ ਨੌਜਵਾਨਾਂ ਨੇ 25000 ਰੁਪਏ ਠੱਗ ਲਏ ਅਤੇ ਫ਼ਰਾਰ ਹੋ ਗਏ।
ਐਸ.ਏ.ਐਸ. ਨਗਰ, 17 ਅਗੱਸਤ (ਗੁਰਮੁਖ ਵਾਲੀਆ): ਸੈਕਟਰ-71 ਸਥਿਤ ਬੈਂਕ ਆਫ਼ ਬੜੌਦਾ ਵਿਚ ਪੈਸੇ ਜਮ੍ਹਾਂ ਕਰਵਾਉਣ ਆਏ ਇਕ ਨੌਜਵਨ ਤੋਂ ਦੋ ਨੌਜਵਾਨਾਂ ਨੇ 25000 ਰੁਪਏ ਠੱਗ ਲਏ ਅਤੇ ਫ਼ਰਾਰ ਹੋ ਗਏ। ਪੀੜਤ ਨੌਜਵਾਨ ਦੀ ਸ਼ਿਕਾਇਤ 'ਤੇ ਬੈਂਕ 'ਚ ਪਹੁੰਚੀ ਪੁਲਿਸ ਟੀਮ ਵਲੋਂ ਬੈਂਕ ਦੀ ਸੀ.ਸੀ.ਟੀ.ਵੀ. ਫੁਟੇਜ ਚੈਕ ਕੀਤੀ ਗਈ। ਜਦੋਂ ਪੁਲਿਸ ਟੀਮ ਨੇ ਸੀ.ਸੀ.ਟੀ.ਵੀ. ਦੀ ਪੂਰੀ ਫੁਟੇਜ ਦੀ ਜਾਂਚ ਕੀਤੀ ਤਾਂ ਉਸ ਵਿਚ 11 ਵਜੇ ਪੀੜਤ ਨੌਜਵਾਨ ਬੈਂਕ ਵਿਚ ਦਾਖ਼ਲ ਹੁੰਦਾ ਨਜ਼ਰ ਆ ਗਿਆ ਅਤੇ ਉਸੇ ਵੇਲੇ ਉਹ ਦੋ ਨੌਸਰਬਾਜ਼ ਨੌਜਵਾਨ ਵੀ ਸੀ ਸੀ ਟੀ ਵੀ ਵਿਚ ਦਿਖ ਗਏ। ਜਿਨ੍ਹਾਂ ਨੇ ਉਸ ਕੋਲੋਂ 25000 ਰੁਪਏ ਠੱਗੇ ਸੀ।
ਇਸ ਸਬੰਧੀ ਥਾਣਾ ਮਟੌਰ ਦੇ ਐਸ.ਐਚ.ਓ. ਗੁਰਮੀਤ ਸਿੰਘ ਨੇ ਦਸਿਆ ਕਿ ਸ਼ਿਕਾਇਤ ਮਿਲਣ 'ਤੇ ਪੁਲਿਸ ਵਲੋਂ ਬਂੈਕ ਦੀ ਸੀ.ਸੀ.ਟੀ.ਵੀ. ਫੁੱਟੇਜ ਦੀ ਜਾਂਚ ਉਪਰੰਤ ਪੀੜਤ ਨੌਜਵਾਨ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਮੰਨਿਆ ਕਿ ਪਹਿਲਾਂ ਪੁਲਿਸ ਨੂੰ ਨੌਜਵਾਨ ਦੀ ਕਹਾਣੀ ਸ਼ੱਕੀ ਲੱਗੀ ਸੀ ਅਤੇ ਸੀ.ਸੀ.ਟੀ.ਵੀ. ਵਿਚ ਨਜ਼ਰ ਨਾ ਆਉਣ 'ਤੇ ਪੁਲਿਸ ਨੇ ਉਸ ਤੋਂ ਪੁਛਗਿਛ ਵੀ ਕੀਤੀ ਸੀ ਪਰ ਬਾਅਦ ਵਿਚ ਸਪੱਸ਼ਟ ਹੋ ਗਿਆ ਕਿ ਇਸ ਵਿਅਕਤੀ ਨਾਲ ਠੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਠੱਗੀ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀਆਂ ਤਸਵੀਰਾਂ ਕਢਵਾਈਆਂ ਜਾ ਰਹੀਆਂ ਹਨ ਅਤੇ ਪੁਲਿਸ ਵਲੋਂ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।