
ਸ਼ਹਿਰ ਦੇ ਸੈਕਟਰ-49 'ਚ ਵੀਰਵਾਰ ਨੂੰ ਸਿਵਲ ਡਿਸਪੈਂਸਰੀ ਦਾ ਉਦਘਾਟਨ ਕਰਨ ਆਈ ਸੰਸਦ ਮੈਂਬਰ ਕਿਰਨ ਖੇਰ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਉਨ੍ਹਾਂ 'ਮਰਦ' ਜਾਤ ਨੂੰ..
ਚੰਡੀਗੜ੍ਹ, 17 ਅਗੱਸਤ (ਅੰਕੁਰ, ਸਰਬਜੀਤ ਢਿੱਲੋਂ): ਸ਼ਹਿਰ ਦੇ ਸੈਕਟਰ-49 'ਚ ਵੀਰਵਾਰ ਨੂੰ ਸਿਵਲ ਡਿਸਪੈਂਸਰੀ ਦਾ ਉਦਘਾਟਨ ਕਰਨ ਆਈ ਸੰਸਦ ਮੈਂਬਰ ਕਿਰਨ ਖੇਰ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਉਨ੍ਹਾਂ 'ਮਰਦ' ਜਾਤ ਨੂੰ ਲੈ ਕੇ ਅਜੀਬੋ-ਗ਼ਰੀਬ ਬਿਆਨ ਦਿੰਦਿਆਂ ਕਿਹਾ ਹੈ ਕਿ ਸਾਰੇ ਫ਼ਸਾਦਾਂ ਦੀ ਜੜ੍ਹ ਹੀ ਮਰਦ ਹੁੰਦੇ ਹਨ।
ਕਿਰਨ ਖੇਰ ਨੂੰ ਚੰਡੀਗੜ੍ਹ 'ਚ ਹੋਈ ਘਟਨਾ ਬਾਰੇ ਪੁੱਛਣ 'ਤੇ ਉਨ੍ਹਾਂ ਮਰਦਾਂ ਨੂੰ ਇਕ ਵਖਰੀ ਸਲਾਹ ਦਿਤੀ ਹੈ। ਉਨ੍ਹਾਂ ਕਿਹਾ ਹੈ ਕਿ ਬਜਾਏ ਕਿ ਕੁੜੀਆਂ ਨੂੰ ਰਾਤ ਨੂੰ ਘੁੰਮਣ ਫਿਰਨ ਤੋਂ ਰੋਕਿਆ ਜਾਵੇ, ਕਿਉਂ ਨਾ ਮਰਦਾਂ ਨੂੰ ਰਾਤ ਨੂੰ ਬਾਹਰ ਨਾ ਨਿਕਲਣ ਦੀ ਸਲਾਹ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਜਦ ਸਾਰੀਆਂ ਮੁਸੀਬਤਾਂ ਹੀ ਮਰਦਾਂ ਕਾਰਨ ਹੋ ਰਹੀਆਂ ਹਨ ਤਾਂ ਕੁੜੀਆਂ 'ਤੇ ਪਾਬੰਦੀ ਕਿਉਂ? ਇਸ ਬੇਬਾਕੀ ਨਾਲ ਭਰੇ ਬਿਆਨ ਨੇ ਸਾਰਿਆਂ ਨੂੰ ਇਕ ਵਾਰ ਸੋਚਣ 'ਤੇ ਮਜਬੂਰ ਜ਼ਰੂਰ ਕਰ ਦਿਤਾ ਹੈ ਕਿ ਅਸਲ ਗੁਨਾਹਗਾਰ ਕੌਣ ਹੈ।
ਜ਼ਿਕਰਯੋਗ ਹੈ ਕਿ 15 ਅਗੱਸਤ ਵਾਲੇ ਦਿਨ ਇਕ 12 ਸਾਲਾ ਲੜਕੀ ਨਾਲ ਬਲਾਤਕਾਰ ਹੋਇਆ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਜਬਰ-ਜਨਾਹ ਦੇ ਮਾਮਲਿਆਂ ਵਿਚ ਕਈ ਮਾਸੂਮਾਂ ਨੇ ਅਪਣੀ ਇੱਜ਼ਤ ਗਵਾ ਦਿਤੀ ਸੀ, ਜੋ ਚਿੰਤਾ ਦਾ ਵਿਸ਼ਾ ਹੈ।
ਦੱਸਣਯੋਗ ਹੈ ਕਿ ਨਵੰਬਰ, 2016 'ਚ ਕਿਰਨ ਖੇਰ ਨੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਸੂਦ ਦੀ ਮੌਜੂਦਗੀ 'ਚ ਸੈਕਟਰ-49 'ਚ ਸਿਵਲ ਡਿਸਪੈਂਸਰੀ ਦਾ ਉਦਘਾਟਨ ਕੀਤਾ ਸੀ ਪਰ ਡਾਕਟਰਾਂ ਦੀ ਮੌਜੂਦਗੀ ਨਾ ਹੋਣ ਕਾਰਨ ਇਹ ਡਿਸਪੈਂਸਰੀ ਸ਼ੁਰੂ ਨਹੀਂ ਹੋ ਸਕੀ ਸੀ, ਜੋ ਅੱਜ ਸ਼ੁਰੂ ਹੋ ਗਈ ਹੈ।
ਇਸ ਡਿਸਪੈਂਸਰੀ ਵਿਚ ਵੀ ਹੁਣ ਡੌਗ ਬਾਈਟ ਕੇਸ ਦੀ ਵੈਕਸੀਨ ਵੀ ਮਿਲੇਗੀ, ਜੋ ਹਾਲੇ ਸ਼ਹਿਰ ਦੀਆਂ ਕੁੱਝ ਡਿਸਪੈਂਸਰੀਆਂ ਵਿਚ ਹੀ ਮਿਲਦੀ ਹੈ। ਮੁਢਲੀਆਂ ਸਹੂਲਤਾਂ ਨਾਲ ਲੈਸ ਇਸ ਕੇਂਦਰ ਦਾ ਪ੍ਰਬੰਧ ਨਗਰ ਨਿਗਮ ਚੰਡੀਗੜ੍ਹ ਦੇ ਪ੍ਰੋਗਰਾਮ ਅਧੀਨ ਪੀ.ਜੀ.ਆਈ. ਤੋਂ ਡਾਕਟਰਾਂ ਦੀਆਂ ਟੀਮਾਂ ਲੋਕਾਂ ਦਾ ਇਲਾਜ ਕਰਨ ਲਈ ਉਚੇਚੇ ਤੌਰ 'ਤੇ ਪੁਜਿਆ ਕਰਨਗੀਆਂ।
ਇਸ ਮੌਕੇ ਮੇਅਰ ਆਸ਼ਾ ਜੈਸਵਾਲ, ਕਮਿਸ਼ਨਰ ਨਗਰ ਨਿਗਮ ਬਾਲਦਿਉ ਪਾਰਸੂਆਰਥਾ, ਇਲਾਕੇ ਦੀ ਕੌਂਸਲਰ ਹੀਰਾ ਨੇਗੀ, ਸੀਨੀਅਰ ਡਿਪਟੀ ਮੇਅਰ ਅਨਿਲ ਦੂਬੇ ਆਦਿ ਸਮਾਗਮ ਵਿਚ ਹਾਜ਼ਰ ਸਨ।