
ਜਿਥੇ ਗੋਰਖਪੁਰ ਦਾ ਹਸਪਤਾਲ ਅਕਸੀਜਨ ਦੇ ਸਿਲੰਡਰਾਂ ਦੀ ਸਪਲਾਈ ਬੰਦ ਹੋਣ ਕਾਰਨ ਵੱਡੇ ਵਿਵਾਦਾਂ ਵਿਚ ਘਿਰ ਗਿਆ ਸੀ, ਉਥੇ ਮੋਹਾਲੀ ਦੇ ਸਿਵਲ ਹਸਪਤਾਲ ਵਿਚ ਪੀਣ ਵਾਲੇ ਪਾਣੀ ਦੀ
ਐਸ.ਏ.ਐਸ ਨਗਰ, 17 ਅਗੱਸਤ (ਸੁਖਦੀਪ ਸਿੰਘ ਸੋਈ) : ਜਿਥੇ ਗੋਰਖਪੁਰ ਦਾ ਹਸਪਤਾਲ ਅਕਸੀਜਨ ਦੇ ਸਿਲੰਡਰਾਂ ਦੀ ਸਪਲਾਈ ਬੰਦ ਹੋਣ ਕਾਰਨ ਵੱਡੇ ਵਿਵਾਦਾਂ ਵਿਚ ਘਿਰ ਗਿਆ ਸੀ, ਉਥੇ ਮੋਹਾਲੀ ਦੇ ਸਿਵਲ ਹਸਪਤਾਲ ਵਿਚ ਪੀਣ ਵਾਲੇ ਪਾਣੀ ਦੀ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਕਿੱਲਤ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਹਾਲੀ ਹਸਪਤਾਲ ਵਿਚ ਪਾਣੀ ਦੀ ਕਮੀ ਦੀ ਹੱਦ ਉਦੋਂ ਹੋ ਗਈ ਜਦ ਅੱਜ ਕੌਂਸਲਰ ਆਰ.ਪੀ. ਸ਼ਰਮਾ ਨੂੰ ਮਰੀਜ਼ਾਂ ਨੂੰ ਪਾਣੀ ਮੁਹਈਆ ਕਰਾਉਣ ਲਈ ਮਿਊਂਸਪਲ ਕਮੇਟੀ ਤੋਂ ਪਾਣੀ ਦੇ ਟੈਂਕਰ ਮੰਗਵਾਉਣੇ ਪਏ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਪਖਾਨੇ ਆਦਿ 'ਚ ਵੀ ਪਾਣੀ ਦੀ ਸਪਲਾਈ ਬੰਦ ਪਈ ਹੈ।
ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਦਾਖ਼ਲ ਮਰੀਜ਼ਾਂ ਅਤੇ ਹਸਪਤਾਲ ਦੇ ਸਟਾਫ਼ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਪਿਛਲੇ ਕੁੱਝ ਦਿਨਾਂ ਤੋਂ ਹੀ ਇਸ ਹਸਪਤਾਲ ਨੂੰ ਪਾਣੀ ਦੀ ਸਪਲਾਈ ਬਹੁਤ ਘੱਟ ਹੋ ਰਹੀ ਸੀ ਪਰ ਪਿਛਲੇ ਤਿੰਨ ਦਿਨ ਤੋਂ ਤਾਂ ਇਸ ਹਸਪਤਾਲ ਵਿਚ ਪਾਣੀ ਦੀ ਬੂੰਦ ਵੀ ਨਹੀਂ ਆਈ। ਇਸ ਹਸਪਤਾਲ ਦੇ ਵਾਟਰ ਕੂਲਰ 'ਚ ਵੀ ਪਾਣੀ ਨਹੀਂ ਸੀ ਅਤੇ ਪੀਣ ਵਾਲੇ ਪਾਣੀ ਦਾ ਹੋਰ ਵੀ ਕੋਈ ਪ੍ਰਬੰਧ ਨਹੀਂ ਸੀ। ਇਸ ਤੋਂ ਇਲਾਵਾ ਹਸਪਤਾਲ ਵਿਚ ਬਣੇ ਬਾਥਰੂਮਾਂ ਵਿਚ ਵੀ ਪਾਣੀ ਨਹੀਂ ਸੀ, ਪਾਣੀ ਦੀ ਘਾਟ ਦੂਰ ਕਰਨ ਲਈ ਮਿਉਂਸਪਲ ਕੌਂਸਲਰ ਆਰ.ਪੀ. ਸ਼ਰਮਾ ਵਲੋਂ ਕਾਰਪੋਰੇਸ਼ਨ ਦੇ ਪਾਣੀ ਵਾਲੇ ਟੈਂਕਰ ਭੇਜੇ ਜਾ ਰਹੇ ਹਨ, ਇਸ ਤੋਂ ਇਲਾਵਾ ਹਸਪਤਾਲ ਪ੍ਰਬੰਧਕਾਂ ਵਲੋਂ ਵੀ ਪਾਣੀ ਦੀ ਘਾਟ ਦੂਰ ਕਰਨ ਲਈ ਪਾਣੀ ਦੇ ਨਿੱਜੀ ਟੈਂਕਰ ਮੰਗਾਏ ਜਾ ਰਹੇ ਹਨ। ਕੌਂਸਲਰ ਸ਼ਰਮਾ ਨੇ ਕਿਹਾ ਕਿ ਉਹ ਪਹਿਲਾਂ ਇਸ ਹਸਪਤਾਲ ਦੀ ਐਡਵਾਇਜਰੀ ਕਮੇਟੀ ਦੇ ਮੈਂਬਰ ਸਨ ਪਰ ਹਲਕਾ ਵਿਧਾਇਕ ਨੇ ਹੁਣ ਉਨ੍ਹਾਂ ਦੀ ਥਾਂ ਕਿਸੇ ਹੋਰ ਕੌਂਸਲਰ ਨੂੰ ਕਮੇਟੀ ਦਾ ਮੈਂਬਰ ਬਣਵਾ ਦਿਤਾ ਹੈ। ਉਨ੍ਹਾਂ ਕਿਹਾ ਕਿ ਇਹ ਵਿਧਾਇਕ ਦੀ ਜਿੰਮੇਵਾਰੀ ਹੈ ਕਿ ਉਹ ਜਾਂ ਤਾਂ ਖ਼ੁਦ ਹਸਪਤਾਲ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਅੱਗੇ ਆਉਣ ਜਾਂ ਫਿਰ ਅਪਣੇ ਵਲੋਂ ਨਾਮਜ਼ਦ ਕੀਤੇ ਕੌਂਸਲਰ ਦੀ ਜ਼ਿੰਮੇਵਾਰੀ ਤੈਅ ਕਰਨ।
ਜਦ ਇਸ ਸਬੰਧੀ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਹਸਪਤਾਲ ਨੂੰ ਜੋ ਪਾਣੀ ਦੀ ਸਪਲਾਈ ਹੋ ਰਹੀ ਹੈ, ਉਹ ਉਦੋਂ ਤੋਂ ਹੈ, ਜਦੋਂ ਇਹ ਹਸਪਤਾਲ ਸਿਰਫ਼ 20 ਬੈਡਾਂ ਦਾ ਹੁੰਦਾ ਸੀ। ਹੁਣ ਇਹ ਹਸਪਤਾਲ 170 ਬੈੱਡਾਂ ਦਾ ਹੋ ਗਿਆ ਹੈ, ਜਿਸ ਕਰ ਕੇ ਇਸ ਹਸਪਤਾਲ ਵਿਚ ਪਾਣੀ ਦੀ ਖਪਤ ਵਧ ਗਈ ਹੈ, ਜਦਕਿ ਪਾਣੀ ਦੀ ਸਪਲਾਈ ਪਹਿਲਾਂ ਵਾਲੀ ਹੀ ਹੈ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਨੂੰ ਮਿਲਦੇ ਪਾਣੀ ਵਿਚੋਂ ਹੀ ਮੈਕਸ ਹਸਪਤਾਲ ਨੂੰ ਵੀ ਪਾਣੀ ਜਾਂਦਾ ਸੀ ਪਰ ਹੁਣ ਮੈਕਸ ਹਸਪਤਾਲ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਪਾਣੀ ਦੀ ਵਰਤੋ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਉਹ ਮੈਕਸ ਹਸਪਤਾਲ ਨੂੰ ਜਾਣ ਵਾਲੀ ਪਾਣੀ ਦੀ ਪਾਈਪ ਨੂੰ ਬੰਦ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪਾਣੀ ਦੀ ਘਾਟ ਦੂਰ ਕਰਨ ਲਈ ਜਨਸਿਹਤ ਵਿਭਾਗ ਦੀਆਂ ਮੀਟਿੰਗਾਂ ਹੋ ਚੁਕੀਆਂ ਹਨ, ਜਿਨ੍ਹਾਂ ਵਿਚ ਫ਼ੈਸਲਾ ਲਿਆ ਗਿਆ ਹੈ ਕਿ ਇਸ ਹਸਪਤਾਲ ਵਿਚ ਪਾਣੀ ਦੀ ਘਾਟ ਦੂਰ ਕਰਨ ਲਈ ਅਪਣਾ ਬੋਰ ਲਗਾਇਆ ਜਾਵੇ। ਪਰ ਇਸ ਬੋਰ ਕਰਵਾਉਣ ਨੂੰ ਵੀ 6 ਮਹੀਨੇ ਦਾ ਸਮਾਂ ਲੱਗ ਜਾਣਾ ਹੈ। ਇਸ ਦੇ ਇਲਾਵਾ ਇਸ ਹਸਪਤਾਲ ਨੂੰ ਨਹਿਰੀ ਪਾਣੀ ਦੀ ਸਪਲਾਈ ਨਾਲ ਜੋੜਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।