
ਮਾਲਵੇ ਦੀ ਧਰਤੀ ’ਤੇ ਕਬੱਡੀ ਦੇ ਖੇਡ ਗਰਾਊਂਡ ਕੋਰੋਨਾ ਵਾਇਰਸ ਅਤੇ ਕਿਸਾਨ...
ਬਰਨਾਲਾ: ਮਾਲਵੇ ਦੀ ਧਰਤੀ ’ਤੇ ਕਬੱਡੀ ਦੇ ਖੇਡ ਗਰਾਊਂਡ ਕੋਰੋਨਾ ਵਾਇਰਸ ਅਤੇ ਕਿਸਾਨ ਅੰਦੋਲਨ ਦੌਰਾਨ ਲੰਬੇ ਸਮੇਂ ਤੋਂ ਸੁੰਨੇ ਪਏ ਸਨ, ਜਿਹਨਾਂ ਵਿੱਚ ਲੰਬੇ ਅਰਸੇ ਬਾਅਦ ਰੌਣਕ ਦੇਖਣ ਨੂੰ ਮਿਲੀ ਹੈ। ਬਰਨਾਲਾ ਜ਼ਿਲੇ ਦੇ ਪਿੰਡ ਚੀਮ-ਜੋਧਪੁਰ ਵਿਖੇ ਦਸਮੇਸ਼ ਕਬੱਡੀ ਕਲੱਬ ਵਲੋਂ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਿਸਾਨ ਅੰਦੋਲਨ ਨੂੰ ਸਮਰਪਿੱਤ ਕਬੱਡੀ ਕੱਪ ਕਰਵਾਇਆ ਗਿਆ।
ਮਾਲਵੇ ’ਚ ਕਬੱਡੀ ਟੂਰਨਾਮੈਂਟ ਸ਼ੁਰੂ ਹੋਣ ਨਾਲ ਕਬੱਡੀ ਖਿਡਾਰੀਆਂ ਅਤੇ ਇਸ ਨਾਲ ਜੁੜੇ ਲੋਕਾਂ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਸਬੰਧੀ ਕਲੱਬ ਪ੍ਰਧਾਨ ਬਲਵਿੰਦਰ ਸਿੰਘ ਥਿੰਦ, ਦਰਸ਼ਨ ਚੀਮਾ ਗੀਤਕਾਰ ਅਤੇ ਡਾ.ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਉਹ ਕਬੱਡੀ ਕਰਵਾਉਣਾ ਚਾਹੁੰਦੇ ਸਨ, ਪਰ ਕੋਰੋਨਾ ਵਾਇਰਸ ਕਾਰਨ ਪਾਬੰਦੀਆਂ ਲੱਗੀਆਂ ਹੋਣ ਕਾਰਨ ਨਹੀਂ ਕਰਵਾ ਸਕੇ। ਇਸਤੋਂ ਬਾਅਦ ਕਿਸਾਨ ਅੰਦੋਲਨ ਕਾਰਨ ਵੀ ਕਬੱਡੀ ਕੱਪ ਵਿੱਚ ਦੇਰੀ ਕਰਨੀ ਪਈ। ਜਿਸਤੋਂ ਬਾਅਦ ਕਿਸਾਨ ਅੰਦੋਲਨ ਨੂੰ ਸਮਰਪਿੱਤ ਕਰਕੇ ਟੂਰਨਾਮੈਂਟ ਕਰਵਾਇਆ ਗਿਆ।
ਜਿਸ ਕਾਰਨ ਖਿਡਾਰੀਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਟੂਰਨਾਮੈਂਟ ਦੌਰਾਨ ਕਬੱਡੀ ਓਪਨ, ਕਬੱਡੀ 62 ਕਿਲੋ ਦੇ ਮੁਕਾਬਲੇ ਕਰਵਾਇਆ ਗਏ। ਜਿਸ ਵਿੱਚ ਭਾਗ ਲੈਣ ਲਈ ਵੱਡੀ ਗਿਣਤੀ ਵਿੱਚ ਟੀਮਾਂ ਪੁੱਜੀਆਂ। ਜਿਹਨਾਂ ਵਿੱਚੋਂ ਕਬੱਡੀ ਓਪਨ ’ਚੋਂ ਪਿੰਡ ਗਹਿਲਾਂ ਦੀ ਟੀਮ ਨੇ ਪਹਿਲਾ ਸਥਾਨ ਅਤੇ ਗੁਰਮਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਬੈਸਟ ਰੇਡਰ ਅਤੇ ਬੈਸਟ ਜਾਫ਼ੀ ਨੂੰ ਐਲਈਡੀ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਸਰਕਾਰ ਨੂੰ ਕਬੱਡੀ ਖਿਡਾਰੀਆਂ ਦੀ ਸਮੱਸਿਆ ਨੂੰ ਧਿਆਨ ’ਚ ਰੱਖਦਿਆਂ ਕਬੱਡੀ ਟੂਰਨਾਮੈਂਟ ਕਰਵਾਉਣ ਲਈ ਛੋਟ ਦੇਣੀ ਚਾਹੀਦੀ ਹੈ।
ਇਸ ਮੌਕੇ ਕਬੱਡੀ ਕੋਚ ਮਲਕੀਤ ਸਿੰਘ ਅਤੇ ਰੈਫ਼ਰੀ ਜਗਸੀਰ ਸਿੰਘ ਨੇ ਕਿਹਾ ਕਿ ਕੋਰੋਨਾ ਦੌਰ ਦਰਮਿਆਨ ਮਾਲਵੇ ਦੀ ਧਰਤੀ ’ਤੇ ਚੀਮਾ-ਜੋਧਪੁਰ ਵਿਖੇ ਪਹਿਲਾ ਕਬੱਡੀ ਟੂਰਨਾਮੈਂਟ ਹੋਇਆ ਹੈ। ਕਬੱਡੀ ਟੂਰਨਾਮੈਂਟਾਂ ਨਾਲ ਖਿਡਾਰੀਆਂ, ਰੈਫ਼ਰੀਆਂ, ਕੋਚਾਂ ਤੋਂ ਇਲਾਵਾ ਰੇਹੜੀਆਂ ਅਤੇ ਹੋਰ ਵਰਗਾਂ ਦਾ ਰੁਜ਼ਗਾਰ ਜੁੜਿਆ ਹੁੰਦਾ ਹੈ। ਪਰ ਟੂਰਨਾਮੈਂਟ ਨਾ ਹੋਣ ਕਾਰਨ ਖਿਡਾਰੀਆਂ ਨੂੰ ਖ਼ੁਰਾਕਾਂ ਲੈਣ ਲਈ ਵੀ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਿਸ ਕਰਕੇ ਸਰਕਾਰ ਨੂੰ ਖਿਡਾਰੀਆਂ ਅਤੇ ਬਾਕੀ ਨਾਲ ਜੁੜੇ ਵਰਗਾਂ ਦੀ ਸਮੱਸਿਆ ਨੂੰ ਧਿਆਨ ’ਚ ਰੱਖਦਿਆਂ ਟੂਰਨਾਮੈਂਟ ਕਰਵਾਉਣ ਲਈ ਖੁੱਲ ਦੇਣੀ ਚਾਹੀਦੀ ਹੈ