
ਮੈਗਜ਼ੀਨ ਅਤੇ 4 ਜ਼ਿੰਦਾ ਕਾਰਤੂਸਾਂ ਸਮੇਤ ਆਧੁਨਿਕ ਆਟੋਮੈਟਿਕ ਚੀਨੀ ਪਿਸਤੌਲ ਬਰਾਮਦ
Punjab News: ਸੂਬੇ ਵਿਚ ਸੰਗਠਿਤ ਅਪਰਾਧ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ ਨੇ ਪਾਕਿਸਤਾਨ ਆਧਾਰਤ ਇਕ ਅਤਿਵਾਦੀ ਮਾਡਿਊਲ ਨਾਲ ਜੁੜੇ ਇਕ ਮੈਂਬਰ ਦੀ ਗ੍ਰਿਫਤਾਰੀ ਨਾਲ ਸਰਹੱਦ ਪਾਰ ਕਾਰਕੁਨਾਂ ਵੱਲੋਂ ਯੋਜਨਾਬੱਧ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲ ਦਿਤਾ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਉਧੋ ਨੰਗਲ ਦੇ ਲਵਪ੍ਰੀਤ ਸਿੰਘ ਉਰਫ ਪਿਚੋ ਵਜੋਂ ਹੋਈ ਹੈ। ਪੁਲੀਸ ਟੀਮ ਨੇ ਉਸ ਦੇ ਕਬਜ਼ੇ ਵਿੱਚੋਂ ਇਕ ਮੈਗਜ਼ੀਨ ਅਤੇ ਚਾਰ ਜਿੰਦਾ ਕਾਰਤੂਸਾਂ ਸਮੇਤ ਇਕ .30 ਬੋਰ ਦਾ ਆਟੋਮੈਟਿਕ ਚੀਨੀ ਪਿਸਤੌਲ ਵੀ ਬਰਾਮਦ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਜਾਣਕਾਰੀ 'ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਜਲੰਧਰ ਦੀਆਂ ਪੁਲਿਸ ਟੀਮਾਂ ਨੇ ਰਾਮਾ ਮੰਡੀ ਦੇ ਇਲਾਕੇ 'ਚ ਵਿਸ਼ੇਸ਼ ਨਾਕਾ ਲਗਾਇਆ ਅਤੇ ਦੋਸ਼ੀ ਵਿਅਕਤੀ ਦੇ ਕਬਜ਼ੇ 'ਚੋਂ ਅਤਿ ਆਧੁਨਿਕ ਆਟੋਮੈਟਿਕ ਪਿਸਤੌਲ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਮੁਲਜ਼ਮ ਲਵਪ੍ਰੀਤ ਪਾਕਿਸਤਾਨ ਆਧਾਰਤ ਕਾਰਕੁਨਾਂ ਲਈ ਕੰਮ ਕਰ ਰਿਹਾ ਸੀ, ਜਿਨ੍ਹਾਂ ਨੇ ਸਮਾਜ ਵਿਚ ਡਰ ਅਤੇ ਅਸ਼ਾਂਤੀ ਪੈਦਾ ਕਰਨ ਲਈ ਜੰਮੂ-ਕਸ਼ਮੀਰ ਖੇਤਰ ਵਿਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦਾ ਕੰਮ ਉਸ ਨੂੰ ਸੌਂਪਿਆ ਹੋਇਆ ਸੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਕਾਊਂਟਰ ਇੰਟੈਲੀਜੈਂਸ ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੁਲਜ਼ਮ ਨੇ ਪਾਕਿ ਅਧਾਰਤ ਕਾਰਕੁਨਾਂ ਨੇ ਦੁਬਈ ਰਾਹੀਂ ਗ੍ਰਿਫਾਤਰ ਦੋਸ਼ੀ ਦੇ ਬੈਂਕ ਖਾਤੇ ਵਿਚ ਪੈਸੇ ਜਮ੍ਹਾ ਕਰਵਾਏ ਸਨ ਅਤੇ ਦੋਸ਼ੀ ਵੱਲੋਂ ਸਰਹੱਦ ਪਾਰੋਂ ਭੇਜਿਆ ਗਿਆ ਪਿਸਤੌਲ ਸਮੇਤ ਅਸਲਾ ਜੰਮੂ-ਕਸ਼ਮੀਰ ਦੇ ਸਾਂਬਾ ਇਲਾਕੇ ਤੋਂ ਪ੍ਰਾਪਤ ਕੀਤਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਸ ਸਬੰਧੀ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ ਵਿਖੇ ਐਫਆਈਆਰ ਨੰਬਰ 25 ਮਿਤੀ 22.04.2024 ਨੂੰ ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 120-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
(For more Punjabi news apart from Punjab Police averts possible target killing in JK, stay tuned to Rozana Spokesman)