
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਦੇਸ਼ ਤੇ ਸੂਬੇ ਦੀ ਵਿਕਾਸ ਲਈ ਵਪਾਰ ਦਾ ਪ੍ਰਫੁਲਿਤ ਹੋਣਾ ਜ਼ਰੂਰੀ, ਇਸ ਲਈ ਪੰਜਾਬ ਸਰਕਾਰ ਵਪਾਰੀਆਂ...
ਬਠਿੰਡਾ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਦੇਸ਼ ਤੇ ਸੂਬੇ ਦੀ ਵਿਕਾਸ ਲਈ ਵਪਾਰ ਦਾ ਪ੍ਰਫੁਲਿਤ ਹੋਣਾ ਜ਼ਰੂਰੀ, ਇਸ ਲਈ ਪੰਜਾਬ ਸਰਕਾਰ ਵਪਾਰੀਆਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਵੇਗੀ। ਉਨ੍ਹਾਂ ਅੱਜ ਸ਼ਹਿਰ ਦੀ ਨਿਊ ਕਲਾਥ ਮਾਰਕੀਟ ਐਸੋਸੀਏਸ਼ਨ ਦੇ ਆਗੂਆਂ ਤੇ ਕਪੜਾ ਵਪਾਰੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ।
ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਲਾਲ, ਅਮਰ ਸਿੰਘ, ਰਾਕੇਸ਼ ਕੁਮਾਰ ਸਮੇਤ ਹੋਰਨਾਂ ਨੇ ਵਿੱਤ ਮੰਤਰੀ ਅੱਗੇ ਕਪੜਾ ਮਾਰਕੀਟ ਵਿਚ ਬਿਜਲੀ ਦੀਆਂ ਨਵੀਆਂ ਤੇ ਬੇਤਰਤੀਬੀ ਤਾਰਾਂ ਨੂੰ ਠੀਕ ਕਰਨ ਦਾ ਮਾਮਲਾ ਉਠਾਇਆ। ਉਨ੍ਹਾਂ ਵਿੱਤ ਮੰਤਰੀ ਨੂੰ ਦਸਿਆ ਕਿ ਕਪੜਾ ਮਾਰਕੀਟ ਵਾਲੀ ਜਗ੍ਹਾ ਰਿਹਾਇਸ਼ੀ ਇਲਾਕਾ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਕਿ ਉਕਤ ਖੇਤਰ ਨੂੰ ਵਪਾਰਕ ਖੇਤਰ ਐਲਾਨ ਕੀਤਾ ਜਾਵੇ। ਕਪੜਾ ਵਪਾਰੀਆਂ ਨੇ ਵਿੱਤ ਮੰਤਰੀ ਨਾਲ ਈ-ਵੇ ਬਿੱਲ ਅਤੇ ਹੋਰ ਟੈਕਸਾਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ। ਵਿੱਤ ਮੰਤਰੀ ਨੇ ਕਪੜਾ ਵਪਾਰੀਆਂ ਦੀਆਂ ਮੁਸ਼ਕਲਾਂ ਸੁਣਨ ਬਾਅਦ ਤੁਰਤ ਸਬੰਧਤ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿਤੇ। ਕਪੜਾ ਵਪਾਰੀਆਂ ਨੇ ਮੀਂਹ ਪੈਣ ਉਪਰੰਤ ਕਪੜਾ ਮਾਰਕੀਟ ਵਿਚ ਕਈ ਫ਼ੁਟ ਪਾਣੀ ਭਰਨ ਦਾ ਮਾਮਲਾ ਵੀ ਵਿੱਤ ਮੰਤਰੀ ਕੋਲ ਪ੍ਰਮੁਖਤਾ ਨਾਲ ਉਠਾਇਆ।
ਵਿੱਤ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਸੀਵਰੇਜ ਤੇ ਮੀਂਹ ਦੇ ਪਾਣੀ ਨੂੰ ਬਾਹਰ ਕੱਢਣ ਲਈ ਕਾਰਪੋਰੇਸ਼ਨ ਦੀ ਪੂਰੀ ਟੀਮ ਲੱਗੀ ਹੋਈ ਹੈ। ਦੋ ਕਿਲੋਮੀਟਰ ਪਾਇਪ ਲਾਇਨ ਵਿਛਾ ਦਿਤੀ ਹੈ ਅਤੇ ਬਾਕੀ ਸੱਤ ਕਿਲੋਮੀਟਰ ਖੇਤਰ 'ਚ ਪਾਇਪ ਲਾਇਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ।ਉਨ੍ਹਾਂ ਕਿਹਾ ਕਿ ਅਗਲੇ ਸਾਲ ਤਕ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕਰ ਦਿਤਾ ਜਾਵੇਗਾ ਅਤੇ ਇਸ ਸਾਲ ਵੀ ਕੋਈ ਮੁਸ਼ਕਲ ਨਹੀਂ ਆਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਲੋੜ ਪੈਣ 'ਤੇ ਦੋ ਕਿਲੋਮੀਟਰ ਪਾਈ ਪਾਇਪ ਰਾਹੀ ਮੀਂਹ ਦਾ ਪਾਣੀ ਬਾਹਰ ਕਢਿਆ ਜਾਵੇਗਾ।