
ਬਿੱਟੂ ਨੂੰ ਹਾਈ ਸਿਕਓਰਿਟੀ ਸੈੱਲ ’ਚ ਰੱਖਣ ਦੇ ਬਾਵਜੂਦ ਉਹੀ ਹੋ ਗਿਆ ਜਿਸ ਦਾ ਡਰ ਸੀ: ਰੰਧਾਵਾ
ਚੰਡੀਗੜ੍ਹ: ਨਾਭਾ ਜੇਲ੍ਹ ’ਚ ਡੇਰਾ ਪ੍ਰੇਮੀ ਤੇ ਬਰਗਾੜੀ ਬੇਅਦਬੀ ਮਾਮਲੇ ’ਚ ਮੁਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਸਾਹਮਣੇ ਆਇਆ ਹੈ। ਰੰਧਾਵਾ ਦਾ ਕਹਿਣਾ ਹੈ ਕਿ ਮਹਿੰਦਰਪਾਲ ਬਿੱਟੂ ਨੂੰ ਹਾਈ ਸਿਕਓਰਿਟੀ ਸੈੱਲ ਵਿਚ ਰੱਖਿਆ ਗਿਆ ਸੀ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਪਰ ਬਾਵਜੂਦ ਇਸ ਦੇ ਉਹੀ ਹੋ ਗਿਆ ਜਿਸ ਤੋਂ ਮੈਂ ਡਰ ਰਿਹਾ ਸੀ।
Nabha Jail
ਰੰਧਾਵਾ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਵੇਗੀ ਕਿ ਬਿੱਟੂ ਸੁਰੱਖਿਆ ਸੈੱਲ ਵਿਚੋਂ ਬਾਹਰ ਕਿਵੇਂ ਆਇਆ। ਰੰਧਾਵਾ ਮੁਤਾਬਕ ਮੈਜਿਸਟ੍ਰੀਅਲ ਜਾਂਚ ਚੱਲ ਰਹੀ ਹੈ ਅਤੇ ਜਾਂਚ ਮਗਰੋਂ ਸਭ ਕੁਝ ਸਾਫ਼ ਹੋ ਜਾਵੇਗਾ। ਜਿਹੜਾ-ਜਿਹੜਾ ਵੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ, ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਵਿਚ ਵਿਸ਼ੇਸ਼ ਸੁਰੱਖਿਆ ਸੈੱਲ ਦੇ ਇੰਚਾਰਜ ਸਹਾਇਕ ਸੁਪਰਡੈਂਟ ਅਜਮੇਰ ਸਿੰਘ,
Mohinderpal Bittu
ਵਾਰਡਰ ਮੇਜਰ ਸਿੰਘ ਅਤੇ ਅਮਨ ਗਿਰੀ ਨੂੰ ਸੁਰੱਖਿਆ ਪ੍ਰਬੰਧਾਂ ਵਿਚ ਕੁਤਾਹੀ ਵਰਤਣ ਦੇ ਦੋਸ਼ਾਂ ਤਹਿਤ ਮੁਅੱਤਲ ਕੀਤਾ ਗਿਆ ਹੈ। ਪੈਸਕੋ ਮੁਲਾਜ਼ਮ ਲਾਲ ਸਿੰਘ ਵਿਰੁਧ ਪੈਸਕੋ ਅਥਾਰਿਟੀ ਵਲੋਂ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿਚ ਡੀ.ਆਈ.ਜੀ. ਪਟਿਆਲਾ ਵਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪਿਛਲੇ 7 ਮਹੀਨਿਆਂ ਤੋਂ ਨਾਭਾ ਦੀ ਨਵੀਂ ਬਣੀ ਜ਼ਿਲ੍ਹਾ ਜੇਲ੍ਹ ਵਿਚ ਬੰਦ ਮਹਿੰਦਰਪਾਲ ਬਿੱਟੂ ਦਾ ਸ਼ਨਿਚਰਵਾਰ ਸ਼ਾਮ ਜੇਲ੍ਹ ਵਿਚ ਬੰਦ 2 ਕੈਦੀਆਂ ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਵਲੋਂ ਕਤਲ ਕਰ ਦਿਤਾ ਗਿਆ ਸੀ।
ਪੁਲਿਸ ਨੇ ਦੋਵਾਂ ਮੁਲਜ਼ਮਾਂ ਵਿਰੁਧ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।