
ਲੁਧਿਆਣਾ ਤੋਂ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦਾ ਬਿਆਨ
ਲੁਧਿਆਣਾ: ਕਾਂਗਰਸੀ ਸਾਂਸਦ ਰਵਨੀਤ ਬਿੱਟੂ ਤੋਂ ਬਾਅਦ ਹੁਣ ਲੁਧਿਆਣਾ ਦੇ ਇਕ ਹੋਰ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਗਿਆਨੀ ਹਰਪ੍ਰੀਤ ਸਿੰਘ, ਦਿਲਜੀਤ ਦੁਸਾਂਝ ਅਤੇ ਜੈਜੀ ਬੈਂਸ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਇਨ੍ਹਾਂ 'ਤੇ ਖ਼ਾਲਿਸਤਾਨ ਦੇ ਸਮਰਥਨ ਦਾ ਇਲਜ਼ਾਮ ਲਗਾਇਆ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਅਜਿਹੇ ਖ਼ਾਲਿਸਤਾਨੀਆਂ ਨੂੰ ਚੂੜੀਆਂ ਪਹਿਨਾਈਆਂ ਜਾਣਗੀਆਂ।
Daljit Dosanjh
ਕਾਂਗਰਸੀ ਆਗੂ ਨੇ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਸਿੱਖਾਂ ਨੂੰ ਗੱਦਾਰ ਅਤੇ ਬੁੱਚੜ ਆਖਦਿਆਂ ਕਿਹਾ ਕਿ ਇਹ ਉਹ ਲੋਕ ਹਨ ਜੋ ਪੈਸੇ ਲਈ ਵਿਕ ਜਾਂਦੇ ਹਨ। ਗੁਰਸਿਮਰਨ ਸਿੰਘ ਮੰਡ ਨੇ ਅੱਗੇ ਕਿਹਾ ਕਿ ਪੰਜਾਬੀ ਗਾਇਕ ਦਲਜੀਤ ਦੁਸਾਂਝ ਅਤੇ ਜੈਜੀ ਬੀ ਨੇ ਪੰਜਾਬ ਦੇ ਲੋਕਾਂ ਦਾ ਪੈਸਾ ਖਾ ਕੇ ਅਪਣਾ ਨਾਮ ਕਮਾਇਆ ਹੈ।
Gursimran Singh Mand
ਇਸ ਤੋਂ ਇਲਾਵਾ ਉਸ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੈ ਕਿਉਂ ਕਿ ਉਹਨਾਂ ਨੇ ਬੀਬੀ ਹਰਸਿਮਰਤ ਕੌਰ ਦੀ ਕੁਰਸੀ ਬਚਾਉਣੀ ਸੀ। ਪੰਜਾਬ ਵਿਚ ਦੋਵਾਂ ਗਾਇਕਾਂ ਦਾ ਜਿੰਨਾ ਵਿਰੋਧ ਹੋ ਸਕਦਾ ਹੈ ਉੰਨਾ ਕੀਤਾ ਜਾਵੇ। ਉਸ ਨੇ ਅੱਗੇ ਕਿਹਾ ਕਿ ਜਿੱਥੇ ਵੀ ਦੋਵੇਂ ਗਾਇਕ ਪ੍ਰੋਗਰਾਮ ਕਰਨਗੇ ਉਹ ਉਹਨਾਂ ਨੂੰ ਉੱਥੋਂ ਘਸੀਟ ਕੇ ਲਿਆਉਣਗੇ ਤੇ ਮੁਆਫ਼ੀ ਮੰਗਵਾਉਣਗੇ।
Giani Harpreet Singh
ਅਕਾਲੀ ਦਲ ਪੰਜਾਬ ਵਿਚ ਅੱਗ ਲਗਾਉਂਦੇ ਹਨ ਤੇ ਕਾਂਗਰਸ ਪੰਜਾਬ ਲਈ ਵਚਨਬੱਧ ਹੈ। ਇੰਦਰਾ ਗਾਂਧੀ ਨੂੰ ਧੋਖੇ ਨਾਲ ਸ਼ਹੀਦ ਕੀਤਾ ਗਿਆ ਹੈ। ਗੱਦਾਰ ਪੈਸਿਆਂ ਦੇ ਟੁਕੜਿਆਂ ਤੇ ਪਲਣ ਵਾਲੇ ਲੋਕ ਹਨ ਜੋ ਕਿ ਧੋਖੇਬਾਜ਼ੀ ਵਾਲੇ ਕੰਮ ਕਰਦੇ ਹਨ। ਹੋਰ ਤੇ ਹੋਰ ਉਸ ਨੇ ਖਾਲਿਸਤਾਨੀਆਂ ਤੇ ਉਕਸਾਉਣ ਦੇ ਵੀ ਇਲਜ਼ਾਮ ਲਗਾਏ ਹਨ ਤੇ ਲੋਕਾਂ ਨੂੰ ਇਹਨਾਂ ਤੋਂ ਦੂਰ ਰਹਿਣ ਲਈ ਕਿਹਾ। ਇਸ ਭੜਕਾਊ ਨੀਤੀ ਵਿਚ ਲੋਕ ਖਾਲਿਸਤਾਨੀਆਂ ਦਾ ਸਾਥ ਨਾ ਦੇਣ।
Harsimrat Kaur Badal
ਖਾਲਿਸਤਾਨੀਆਂ ਨੂੰ ਚੂੜੀਆਂ ਪਹਿਨਾਈਆਂ ਜਾਣਗੀਆਂ ਕਿਉਂ ਕਿ ਇਹ ਆਏ ਦਿਨ ਪੰਜਾਬ ਦੀ ਸ਼ਾਂਤੀ ਭੰਗ ਕਰ ਰਹੇ ਹਨ। ਉਸ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਜੇ ਉਹਨਾਂ ਨੇ ਵੀ ਖਾਲਿਸਤਾਨ ਦੀ ਮੰਗ ਕਰਨੀ ਹੈ ਤਾਂ ਉਹ ਅਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਦੇਣ।
Jazzy B
ਦੱਸ ਦਈਏ ਕਿ ਗੁਰਸਿਮਰਨ ਸਿੰਘ ਮੰਡ ਦਾ ਇਹ ਬਿਆਨ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਦੇ ਬਿਆਨ ਤੋਂ ਬਾਅਦ ਆਇਆ ਹੈ। ਗੁਰਸਿਮਰਨ ਮੰਡ ਉਹੀ ਕਾਂਗਰਸੀ ਆਗੂ ਹੈ, ਜਿਸ ਨੇ ਕੁੱਝ ਸਾਲ ਪਹਿਲਾਂ ਰਾਜੀਵ ਗਾਂਧੀ ਦੇ ਬੁੱਤ 'ਤੇ ਲੱਗੀ ਕਾਲਖ਼ ਨੂੰ ਅਪਣੀ ਦਸਤਾਰ ਨਾਲ ਪੋਚ ਕੇ ਦਸਤਾਰ ਦੀ ਬੇਅਦਬੀ ਕੀਤੀ ਸੀ, ਜਿਸ 'ਤੇ ਸਿੱਖ ਜਥੇਬੰਦੀਆ ਨੇ ਕਾਂਗਰਸੀ ਆਗੂ ਨੂੰ ਕਾਫ਼ੀ ਲਾਹਣਤਾਂ ਪਾਈਆਂ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।