
ਸੜਕ ਹਾਦਸੇ 'ਚ ਵਿਧਾਇਕ ਹਰਜੋਤ ਕਮਲ ਤੇ ਚੇਅਰਮੈਨ ਵਿਨੋਦ ਬਾਂਸਲ ਜ਼ਖ਼ਮੀ
ਮੋਗਾ, 22 ਅਕਤੂਬਰ (ਗੁਰਜੰਟ ਸਿੰਘ/ ਅਰੁਣ ਗੁਲਾਟੀ) : ਬੀਤੀ ਦੇਰ ਰਾਤ ਮੋਗਾ ਦੇ ਵਿਧਾਇਕ ਡਾ:ਹਰਜੋਤ ਕਮਲ ਅਤੇ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਖਮਾਣੋ ਨੇੜੇ ਸੜਕ ਹਾਦਸੇ ਵਿਚ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਤ ਵਿਚ ਉਨ੍ਹਾਂ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਹਾਦਸਾ ਉਨ੍ਹਾਂ ਨਾਲ ਚੰਡੀਗੜ੍ਹ ਤੋਂ ਮੋਗਾ ਆਉਂਦਿਆਂ ਰਸਤੇ ਵਿਚ ਖਮਾਣੋ ਨੇੜੇ ਵਾਪਰਿਆ ਜਦੋਂ ਇਕ ਸਕਾਰਪੀਉ ਗੱਡੀ ਨੇ ਉਲਟ ਦਿਸ਼ਾ ਤੋਂ ਆ ਕੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿਤੀ। ਵਿਧਾਇਕ ਦੀ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ। ਗੱਡੀ ਦੀਆਂ ਬਾਰੀਆਂ ਤੋੜ ਕੇ ਵਿਧਾਇਕ ਡਾ: ਹਰਜੋਤ ਕਮਲ, ਚੇਅਰਮੈਨ ਵਿਨੋਦ ਬਾਂਸਲ ਅਤੇ ਗੱਡੀ ਦੇ ਡਰਾਈਵਰ ਨੂੰ ਜ਼ਖ਼ਮੀ ਹਾਲਤ 'ਚ ਬਾਹਰ ਕਢਿਆ। ਇਕ ਹੋਰ ਗੱਡੀ ਰਾਹੀਂ ਮੋਗਾ ਦੇ ਰਾਜੀਵ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਦੇ ਦੱਸਣ ਮੁਤਾਬਕ ਵਿਧਾਇਕ ਡਾ: ਹਰਜੋਤ ਕਮਲ ਦੇ ਚੂਲੇ 'ਤੇ ਗੰਭੀਰ ਸੱਟ ਹੈ ਜਿਸ ਦਾ ਡਾਕਟਰਾਂ ਵਲੋਂ ਇਲਾਜ ਕੀਤਾ ਜਾ ਰਿਹਾ ਹੈ ਜਦਕਿ ਚੇਅਰਮੈਨ ਵਿਨੋਦ ਬਾਂਸਲ ਦੀ ਇਕ ਬਾਂਹ ਅਤੇ ਇਕ ਲੱਤ 'ਤੇ ਫ਼ਰੈਕਚਰ ਹੈ ਜਿਸ ਦਾ ਅਪਰੇਸ਼ਨ ਕੀਤਾ ਜਾ ਰਿਹਾ ਹੈ। ਡਾਕਟਰਾਂ ਮੁਤਾਬਕ ਹਾਲ ਦੀ ਘੜੀ ਦੋਹਾਂ ਦੀ ਹਾਲਤ ਸਥਿਰ ਹੈ। ਡਰਾਈਵਰ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਫ਼ੋਰਟਿਸ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਸ ਹਾਦਸੇ ਦੀ ਖ਼ਬਰ ਵਾਇਰਲ ਹੁੰਦੀਆਂ ਹੀ ਮੋਗਾ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਅਤੇ ਡੀਸੀ ਸੰਦੀਪ ਹੰਸ ਨੇ ਹਸਪਤਾਲ ਪਹੁੰਚ ਕੇ ਵਿਧਾਇਕ ਅਤੇ ਚੇਅਰਮੈਨ ਦਾ ਹਾਲ ਚਾਲ ਪੁੱਛਿਆ ਅਤੇ ਇਸ ਤੋਂ ਇਲਾਵਾ ਹੋਰ ਵੀ ਭਾਰੀ ਗਿਣਤੀ ਵਿਚ ਕਾਂਗਰਸੀ ਆਗੂ, ਵਰਕਰ ਅਤੇ ਆਮ ਲੋਕ ਹਸਪਤਾਲ ਪੁੱਜੇ ।
ਫੋਟੋ ਨੰਬਰ -22 ਮੋਗਾ ਗੁਰਜੰਟ ਸਿੰਘ 23 ਪੀ
ਕੈਪਸ਼ਨ - ਐਸਐਸਪੀ ਹਰਮਨਬੀਰ ਸਿੰਘ ਗਿੱਲ ਅਤੇ ਡੀਸੀ ਮੋਗਾ ਸੰਦੀਪ ਹੰਸ ਵਿਧਾਇਕ ਡਾ. ਹਰਜੋਤ ਕਮਲ ਦਾ ਹਾਲ ਚਾਲ ਪੁੱਛਦੇ ਹੋਏ।