
ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਦੀ ਮੁਲਾਜ਼ਮ ਯੂਨੀਅਨਾਂ ਨੂੰ ਵਿਸ਼ੇਸ਼ ਅਪੀਲ
ਲੁਧਿਆਣਾ : ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਪਿਛਲੇ ਕਈ ਦਿਨਾਂ ਤੋਂ ਅੰਦੋਲਨ ਕਰ ਰਹੀਆਂ ਮੁਲਾਜ਼ਮ ਯੂਨੀਅਨਾਂ ਨੂੰ ਇਕ ਵਿਸ਼ੇਸ਼ ਅਪੀਲ ਕੀਤੀ । ਡਾ. ਢਿੱਲੋਂ ਨੇ ਪੀਏਯੂ ਇੰਪਲਾਈਜ਼ ਯੂਨੀਅਨ ਅਤੇ ਪੀਏਯੂ ਦਰਜਾ ਚਾਰ ਮੁਲਾਜ਼ਮ ਯੂਨੀਅਨ ਦੇ ਨਾਂ ਜਾਰੀ ਇਕ ਅਪੀਲ ਵਿਚ ਕਿਹਾ ਕਿ ਅਜਿਹੇ ਔਖੇ ਸਮਿਆਂ ਵਿਚ ਸਾਨੂੰ ਇਕ ਮਿਸਾਲ ਕਾਇਮ ਕਰਦੇ ਹੋਏ ਇਕਜੁੱਟਤਾ ਨਾਲ ਕਿਸਾਨੀ ਅਤੇ ਸਮੁੱਚੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਦੀ ਲੋੜ ਹੈ।
Punjab agricultural university
ਡਾ. ਢਿੱਲੋਂ ਨੇ ਆਪਣੀ ਅਪੀਲ ਵਿਚ ਸਹਿਕਰਮੀਆਂ ਨੂੰ ਸੰਬੋਧਤ ਹੁੰਦੇ ਹੋਏ ਕਿਹਾ ਕਿ ਵਰਤਮਾਨ ਸਮੇਂ ਪੂਰਾ ਦੇਸ਼ ਅਤੇ ਸੂਬਾ ਕੋਵਿਡ-19 ਦੇ ਮੱਦੇਨਜ਼ਰ ਔਖੇ ਹਾਲਾਤ ਵਿਚੋਂ ਲੰਘ ਰਿਹਾ ਹੈ। ਯੂਨੀਵਰਸਿਟੀ ਵੀ ਅਜਿਹੇ ਸਮੇਂ ਮੁਲਾਜ਼ਮਾਂ ਦੀ ਕਮੀ ਨਾਲ ਜੂਝ ਰਹੀ ਹੈ । ਇਸ ਦੇ ਬਾਵਜੂਦ ਯੂਨੀਵਰਸਿਟੀ ਵੱਲੋਂ ਪ੍ਰਾਪਤ ਆਰਥਿਕ ਸਰੋਤਾਂ ਵਿਚੋਂ ਕਰਮਚਾਰੀਆਂ ਲਈ ਸਭ ਤੋਂ ਬਿਹਤਰ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ।
PAU
ਉਹਨਾਂ ਅੱਗੇ ਕਿਹਾ ਕਿ ਮੁਲਾਜ਼ਮਾਂ ਦੀ ਤਰੱਕੀ ਅਤੇ ਹੋਰ ਕਈ ਮੁੱਦੇ ਹੱਲ ਕਰ ਲਏ ਗਏ ਹਨ । ਇਸ ਤੋਂ ਇਲਾਵਾ ਨਵੀਂ ਪੈਨਸ਼ਨ ਸਕੀਮ ਵਰਗੇ ਕੁਝ ਹੋਰ ਮੁੱਦੇ ਜੋ ਇਕੱਲੇ ਯੂਨੀਵਰਸਿਟੀ ਦੇ ਵਸ ਵਿਚ ਨਹੀਂ, ਹੱਲ ਕਰਨ ਲਈ ਵੀ ਢੁੱਕਵੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਡਾ. ਢਿੱਲੋਂ ਨੇ ਹੋਰ ਕਿਹਾ ਕਿ ਅਜਿਹੀ ਸਥਿਤੀ ਵਿਚ ਧਰਨੇ ਦੇਣਾ ਅਤੇ ਨਾਅਰੇ ਲਾਉਣਾ ਬੇਹੱਦ ਨਿਰਾਸ਼ਾਜਨਕ ਅਤੇ ਗੈਰ ਵਾਜਿਬ ਹੈ । ਇਸ ਨਾਲ ਯੂਨੀਵਰਸਿਟੀ ਦੇ ਸ਼ਾਂਤੀ ਪੂਰਨ ਕੰਮਕਾਜ ਦਾ ਨੁਕਸਾਨ ਹੁੰਦਾ ਹੈ।
PAU
ਉਹਨਾਂ ਕਿਹਾ ਕਿ ਇਹ ਸਮਝਣ ਦੀ ਲੋੜ ਹੈ ਕਿ ਸਾਰੇ ਫੈਸਲੇ ਨਿਯਮਾਂ ਅਨੁਸਾਰ ਅਤੇ ਯੂਨੀਵਰਸਿਟੀ ਦੇ ਹਿਤਾਂ ਦੇ ਅਨੁਕੂਲ ਲਏ ਜਾਂਦੇ ਹਨ। ਆਪਣੇ ਸੰਦੇਸ਼ ਵਿਚ ਡਾ. ਢਿੱਲੋਂ ਨੇ ਕਿਹਾ ਕਿ ਪੀਏਯੂ ਦੇਸ਼ ਦੀਆਂ ਸਰਵੋਤਮ ਰੈਂਕ ਵਾਲੀਆਂ ਇਤਿਹਾਸਕ ਸੰਸਥਾਵਾਂ ਵਿੱਚੋਂ ਇੱਕ ਹੈ ਜਿਸਨੇ ਖੇਤੀ ਵਿਕਾਸ ਪੱਖੋਂ ਪੂਰੇ ਦੇਸ਼ ਵਿਚ ਸ਼ਾਨਦਾਰ ਯੋਗਦਾਨ ਪਾਇਆ ਹੈ। ਇੱਥੋਂ ਦੇ ਵਿਗਿਆਨੀਆਂ, ਅਮਲੇ ਅਤੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਨੂੰ ਅਜਿਹੇ ਉਚ ਸਥਾਨ ਤੇ ਲਿਜਾਣ ਲਈ ਸਖਤ ਮਿਹਨਤ ਕੀਤੀ ਹੈ ।
Dr. Baldev Singh Dhillon
ਡਾ. ਢਿੱਲੋਂ ਨੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਖੇਤੀ ਖੇਤਰ ਦੀਆਂ ਆਸਾਂ ਉਪਰ ਖਰੇ ਉਤਰਨ ਲਈ ਕਿਸੇ ਮਸ਼ੀਨ ਦੇ ਪੁਰਜ਼ਿਆਂ ਵਾਂਗ ਆਪਣੀ-ਆਪਣੀ ਥਾਂ ਯੋਗਤਾ ਅਤੇ ਸਮਰਥਾ ਅਨੁਸਾਰ ਕੰਮ ਕਰਨਾ ਪਵੇਗਾ । ਉਹਨਾਂ ਇਹ ਵੀ ਕਿਹਾ ਕਿ ਅੱਜ ਦੇ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਕਿਸੇ ਕੋਲ ਵੀ ਆਪਣੀਆਂ-ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿਛਾਂਹ ਹਟਣ ਦੀ ਗੁਜ਼ਾਇੰਸ ਨਹੀਂ ਹੈ।ਡਾ. ਢਿੱਲੋਂ ਨੇ ਮੁਲਾਜ਼ਮਾਂ ਨੂੰ ਇਕਜੁੱਟਤਾ ਨਾਲ ਯੂਨੀਵਰਸਿਟੀ ਨੂੰ ਕਾਮਯਾਬੀ ਦੀਆਂ ਨਵੀਆਂ ਮੰਜ਼ਿਲਾਂ ਵੱਲ ਲੈ ਜਾਣ ਦਾ ਸੱਦਾ ਦਿੱਤਾ।