
ਕੋਰੋਨਾ ਕਾਲ 'ਚ ਕਿਸਾਨਾਂ ਨੇ ਸੰਭਾਲੀ ਦੇਸ਼ ਦੀ ਅਰਥ ਵਿਵਸਥਾ : ਨਰਿੰਦਰ ਮੋਦੀ
ਨਵੀਂ ਦਿੱਲੀ, 22 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰ ਨੂੰ ਅਪਣੇ ਸੰਬੋਧਨ ਵਿਚ ਦੇਸ਼ ਵਾਸੀਆਂ ਨੂੰ ਕੋਰੋਨਾ ਟੀਕਾਕਰਨ ਦੇ 100 ਕਰੋੜ ਦੇ ਅੰਕੜੇ ਨੂੰ ਪਾਰ ਕਰਨ ਲਈ ਵਧਾਈ ਦਿਤੀ ਅਤੇ ਦਸਿਆ ਕਿ ਕਿਵੇਂ ਭਾਰਤ ਨੇ ਮਹਾਂਮਾਰੀ ਦੀਆਂ ਚੁਣੌਤੀਆਂ ਨੂੰ ਪਾਰ ਕੀਤਾ |
ਮੋਦੀ ਨੇ ਕਿਹਾ ਕਿ ਦੁਨੀਆਂ ਦੇ ਹੋਰ ਵੱਡੇ ਦੇਸ਼ਾਂ ਨੂੰ ਟੀਕੇ 'ਤੇ ਖੋਜ ਕਰਨ ਵਿਚ ਮੁਹਾਰਤ ਹਾਸਲ ਹੈ | ਭਾਰਤ ਜ਼ਿਆਦਾਤਰ ਇਨ੍ਹਾਂ ਦੇਸ਼ਾਂ ਦੁਆਰਾ ਬਣਾਏ ਗਏ ਟੀਕੇ 'ਤੇ ਨਿਰਭਰ ਕਰਦਾ ਹੈ ਪਰ ਹੁਣ ਭਾਰਤ ਆਤਮ ਨਿਰਭਰ ਹੋ ਗਿਆ ਹੈ | ਮੋਦੀ ਨੇ ਕਿਹਾ ਕਿ ਕੋਰੋਨਾ ਕਾਲ 'ਚ ਕਿਸਾਨਾਂ ਨੇ ਸਾਡੀ ਆਰਥਕਤਾ ਨੂੰ ਮਜ਼ਬੂਤ ਰਖਿਆ ਹੈ | ਅੱਜ, ਰਿਕਾਰਡ ਪੱਧਰ 'ਤੇ ਅਨਾਜ ਦੀ ਖ਼ਰੀਦ ਹੋ ਰਹੀ ਹੈ, ਇਸ ਦਾ ਪੈਸਾ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਜਾ ਰਿਹਾ ਹੈ | ਟੀਕੇ ਦੀ ਵਧਦੀ ਕਵਰੇਜ ਨਾਲ ਹਰ ਖੇਤਰ ਵਿਚ ਸਕਾਰਾਤਮਕ ਗਤੀਵਿਧੀਆਂ ਤੇਜ਼ ਹੋ ਰਹੀਆਂ ਹਨ | ਮੋਦੀ ਨੇ ਕਿਹਾ ਕਿ ਪਿਛਲੀ ਦੀਵਾਲੀ ਹਰ ਕਿਸੇ ਦੇ ਦਿਮਾਗ਼ ਵਿਚ ਇਕ ਤਣਾਅ ਸੀ ਪਰ ਇਸ ਦੀਵਾਲੀ 100 ਕਰੋੜ ਟੀਕੇ ਦੀਆਂ ਖ਼ੁਰਾਕਾਂ ਕਾਰਨ ਇਕ ਵਿਸ਼ਵਾਸ ਦਾ ਜਨਮ ਹੋਇਆ ਹੈ | ਜੇ ਮੇਰੇ ਦੇਸ਼ ਦੀ ਵੈਕਸੀਨ ਮੈਨੂੰ ਸੁਰੱਖਿਆ ਦੇ ਸਕਦੀ ਹੈ ਤਾਂ ਮੇਰੇ ਦੇਸ਼ ਵਿਚ ਬਣਿਆ ਸਾਮਾਨ ਮੇਰੀ ਦੀਵਾਲੀ ਨੂੰ ਹੋਰ ਸ਼ਾਨਦਾਰ ਬਣਾ ਸਕਦਾ ਹੈ |
ਪ੍ਰਧਾਨ ਮੰਤਰੀ ਨੇ ਕਿਹਾ,''ਚਿੰਤਾ ਤੋਂ ਭਰੋਸੇ ਵਲ ਯਾਤਰਾ ਦਾ ਰੂਪ ਹੈ ਕੋਵਿਡ-19 ਟੀਕਾਕਰਨ ਮੁਹਿੰਮ, ਜਿਸ ਨੇ ਦੇਸ਼ ਨੂੰ ਮਜ਼ਬੂਤ ਬਣਾਇਆ | ਦਹਿਸ਼ਤ ਪੈਦਾ ਕਰਨ ਦੇ ਵੱਖ-ਵੱਖ ਯਤਨਾਂ ਦੇ ਬਾਵਜੂਦ ਟੀਕਿਆਂ 'ਤੇ ਲੋਕਾਂ ਦੇ ਭਰੋਸੇ ਸਿਰ ਇਸ ਦਾ ਸਿਹਰਾ ਬਝਦਾ ਹੈ | ਦੇਸ਼ ਨੇ ਅਪਣੀ ਇਕਜੁਟਤਾ ਨੂੰ ਊਰਜਾ ਦੇਣ ਵਾਲੀ ਤਾੜੀ, ਥਾਲੀ ਵਜਾਈ, ਦੀਵੇ ਜਗਾਏ ਪਰ ਉਥੇ ਹੀ ਕੁੱਝ ਲੋਕਾਂ ਨੇ ਸਵਾਲ ਖੜੇ ਕੀਤੇ ਕਿ ਕੀ ਇਸ ਤਰ੍ਹਾਂ ਕਰਨ ਨਾਲ ਬੀਮਾਰੀ ਭੱਜ ਜਾਵੇਗੀ ਪਰ ਅਸੀਂ ਸੱਭ ਨੇ ਇਸ ਵਿਚ ਦੇਸ਼ ਦੀ ਏਕਤਾ ਨੂੰ ਦੇਖਿਆ, ਸਮੂਹਕ ਸ਼ਕਤੀ ਦਾ ਜਾਗਰਣ ਦਿਖਿਆ |
ਮੋਦੀ ਨੇ ਕਿਹਾ ਕਿ ਇਹ ਯਕੀਨੀ ਕੀਤਾ ਗਿਆ ਹੈ ਕਿ ਵੀਆਈਪੀ ਸਭਿਆਚਾਰ ਟੀਕਾਕਰਨ ਮੁਹਿੰਮ ਉਤੇ ਭਾਰੀ ਨਾ ਪਵੇ | ਸਾਰਿਆਂ ਨੂੰ ਨਾਲ ਲੈ ਕੇ, ਦੇਸ਼ ਨੇ 'ਸਾਰਿਆਂ ਲਈ ਵੈਕਸੀਨ' ਦੀ ਮੁਹਿੰਮ ਸ਼ੁਰੂ ਕੀਤੀ | ਗ਼ਰੀਬ-ਅਮੀਰ, ਪਿੰਡ-ਸਹਿਰ, ਦੂਰ-ਦੁਰਾਡੇ ਦੇਸ਼ ਦਾ
ਇਕੋ ਇਕ ਮੰਤਰ ਸੀ ਕਿ ਜੇ ਬੀਮਾਰੀ ਵਿਤਕਰਾ ਨਹੀਂ ਕਰਦੀ ਤਾਂ ਟੀਕੇ ਵਿਚ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ |
ਮੋਦੀ ਨੇ ਕਿਹਾ ਕਿ ਜਦੋਂ 100 ਸਾਲਾਂ ਦੀ ਸੱਭ ਤੋਂ ਵੱਡੀ ਮਹਾਂਮਾਰੀ ਆਈ, ਭਾਰਤ ਉਤੇ ਸਵਾਲ ਉਠਣੇ ਸ਼ੁਰੂ ਹੋ ਗਏ | ਕੀ ਭਾਰਤ ਇਸ ਵਿਸ਼ਵਵਿਆਪੀ ਮਹਾਂਮਾਰੀ ਨਾਲ ਲੜਨ ਯੋਗ ਹੋਵੇਗਾ? ਭਾਰਤ ਨੂੰ ਦੂਜੇ ਦੇਸ਼ਾਂ ਤੋਂ ਇੰਨੇ ਸਾਰੇ ਟੀਕੇ ਖ਼ਰੀਦਣ ਲਈ ਪੈਸਾ ਕਿਥੋਂ ਮਿਲੇਗਾ? ਭਾਰਤ ਨੂੰ ਵੈਕਸੀਨ ਕਦੋਂ ਮਿਲੇਗੀ? ਕੀ ਭਾਰਤ ਦੇ ਲੋਕਾਂ ਨੂੰ ਵੈਕਸੀਨ ਮਿਲੇਗੀ ਜਾਂ ਨਹੀਂ? ਕੀ ਭਾਰਤ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋੜੀਂਦੇ ਲੋਕਾਂ ਨੂੰ ਟੀਕਾ ਲਗਾਉਣ ਦੇ ਯੋਗ ਹੋਵੇਗਾ? ਕਈ ਤਰ੍ਹਾਂ ਦੇ ਸਵਾਲ ਸਨ, ਪਰ ਅੱਜ ਇਹ 100 ਕਰੋੜ ਟੀਕੇ ਦੀ ਖ਼ੁਰਾਕ ਹਰ ਸਵਾਲ ਦਾ ਉਤਰ ਦੇ ਰਹੀ ਹੈ |