
ਕਿਸਾਨ ਆਗੂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਚੰਗੇ ਲੋਕਾਂ ਨੂੰ ਜਿਤਾ ਕੇ ਸਿਆਸਤ ਵਿਚ ਲਿਆਉਣ।
ਸੰਗਰੂਰ: ‘ਮਿਸ਼ਨ ਪੰਜਾਬ’ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਲਗਾਤਾਰ ਸਰਗਰਮ ਹਨ। ਇਸ ਦੇ ਚਲਦਿਆਂ ਅੱਜ ਸੰਗਰੂਰ ਵਿਖੇ ਪਹੁੰਚੇ ਕਿਸਾਨ ਆਗੂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਚੰਗੇ ਲੋਕਾਂ ਨੂੰ ਜਿਤਾ ਕੇ ਸਿਆਸਤ ਵਿਚ ਲਿਆਉਣ। ਉਹਨਾਂ ਪੰਜਾਬੀਆਂ ਨੂੰ ਕਿਹਾ ਕਿ ਲੁੱਟਣ ਵਾਲੇ ਆਗੂਆਂ ਨੂੰ ਕੁਰਸੀ ਤੋਂ ਲਾਹਿਆ ਜਾਵੇ, ਤਾਂ ਜੋ ਅਸੀਂ ਪੰਜਾਬ ਨੂੰ ਬਚਾ ਸਕੀਏ।
Gurnam Singh Chaduni
ਹੋਰ ਪੜ੍ਹੋ: ਸਿੱਖਿਆ ਮੰਤਰੀ ਦੇ ਪ੍ਰੋਗਰਾਮ 'ਚ ਕੱਚੇ ਅਧਿਆਪਕਾਂ ਦਾ ਹੱਲਾ-ਬੋਲ, ਸਟੇਜ 'ਤੇ ਚੜ੍ਹ ਕੀਤੀ ਨਾਅਰੇਬਾਜ਼ੀ
ਉਹਨਾਂ ਕਿਹਾ ਕਿ ਪੂਰੇ ਦੇਸ਼ ਵਿਚ ਪੰਜਾਬ ਦੇ ਲੋਕ ਸਭ ਤੋਂ ਵੱਧ ਮਾਣ ਸਨਮਾਨ ਦਿੰਦੇ ਹਨ। ਹਰ ਲੜਾਈ ਵਿਚ ਪੰਜਾਬੀਆਂ ਦਾ ਅਹਿਮ ਯੋਗਦਾਨ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਦੇਸ਼ ਆਜ਼ਾਦ ਕਰਵਾਉਣ ਲਈ ਅਨੇਕਾਂ ਲੋਕਾਂ ਨੇ ਕੁਰਬਾਨੀ ਦੇ ਕੇ ਅੰਗਰੇਜ਼ਾਂ ਨੂੰ ਭਜਾਇਆ ਸੀ ਪਰ ਅੱਜ ਸਾਨੂੰ ਸਾਡੇ ਲੋਕ ਹੀ ਲੁੱਟ ਰਹੇ ਹਨ। ਪੰਜਾਬ ਦੇ ਲੋਕ ਪੰਜਾਬ ਨੂੰ ਛੱਡ ਕੇ ਭੱਜ ਰਹੇ ਹਨ, ਇਸ ਦੇ ਲਈ ਸਿਆਸੀ ਪਾਰਟੀਆਂ ਦੋਸ਼ੀ ਹਨ। ਸਿਆਸੀ ਪਾਰਟੀਆਂ ਨੇ ਦੇਸ਼ ਨੂੰ ਲੁੱਟਿਆ ਹੈ। ਇਸ ਦੂਸ਼ਿਤ ਰਾਜਨੀਤੀ ਨੂੰ ਖਤਮ ਕਰਨ ਲਈ ਮਿਸ਼ਨ ਪੰਜਾਬ ਸ਼ੁਰੂ ਕੀਤਾ ਗਿਆ ਹੈ।
Gurnam Singh Chaduni
ਹੋਰ ਪੜ੍ਹੋ:SAD ਨਾਲ ਗਠਜੋੜ ਬਾਰੇ ਬੋਲੇ BJP ਆਗੂ, ‘ਇਕੋ ਪਰਿਵਾਰ ਨੂੰ ਪੰਜਾਬ ਲੁੱਟਣ ਦੀ ਤਾਕਤ ਨਹੀਂ ਦੇਵਾਂਗੇ’
ਕਿਸਾਨ ਆਗੂ ਨੇ ਕਿਹਾ ਕਿ ਮਿਸ਼ਨ ਪੰਜਾਬ ਉਹਨਾਂ ਦੇ ਸੰਗਠਨ ਵਲੋਂ ਸ਼ੁਰੂ ਕੀਤਾ ਗਿਆ ਹੈ, ਇਸ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ। ਕਿਸਾਨ ਅੰਦੋਲਨ ਬਾਰੇ ਗੱਲ਼ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿਰਫ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਹੈ, ਇਹ ਸਿਰਫ ਇਕ ਮੰਗ ਹੈ। ਉਹਨਾਂ ਕਿਹਾ ਕਿ ਸਾਡੀਆਂ ਬਾਕੀ ਮੰਗਾਂ ਅਜੇ ਨਹੀਂ ਮੰਨੀਆ ਗਈਆਂ, ਇਸ ਲਈ ਅੰਦੋਲਨ ਜਾਰੀ ਹੈ। ਸਰਕਾਰ ਨੇ ਐਮਐਸਪੀ ਕਾਨੂੰਨ, ਕਿਸਾਨਾਂ ਖਿਲਾਫ਼ ਦਰਜ ਮਾਮਲੇ ਵਾਪਸ ਲੈਣ ਅਤੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਬਾਰੇ ਸਾਡੀ ਮੰਗ ਨਹੀਂ ਮੰਨੀ ਹੈ।
Gurnam Singh Chaduni
ਹੋਰ ਪੜ੍ਹੋ:ਰਾਸ਼ਟਰਪਤੀ ਵਲੋਂ ਗਲਵਾਨ ਘਾਟੀ ਦੇ ਸ਼ਹੀਦਾਂ ਦਾ ਸਨਮਾਨ, ਸ਼ਹੀਦ ਗੁਰਤੇਜ ਸਿੰਘ ਨੂੰ ਮਿਲਿਆ 'ਵੀਰ ਚੱਕਰ'
ਕਿਸਾਨ ਆਗੂ ਨੇ ਕਿਹਾ ਕਿ ਉਹਨਾਂ ਨੂੰ ਪੰਜਾਬ ਵਿਚ ਬਹੁਤ ਵਧੀਆ ਸਮਰਥਨ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਉਹ ਖੁਦ ਚੋਣ ਨਹੀਂ ਲੜਨਗੇ। ਉਹਨਾਂ ਕਿਹਾ ਕਿ ਉਹਨਾਂ ਦਾ ਮਕਸਦ 2024 ਤੱਕ ਪੰਜਾਬ ਵਿਚ ਬਦਲਾਅ ਲਿਆਉਣਾ ਹੈ, ਜੇਕਰ ਅਸੀਂ ਅਜਿਹਾ ਨਹੀਂ ਕੀਤਾ ਤਾਂ ਲੋਕ ਸਾਨੂੰ ਚਾਹੇ ਜੁੱਤੀਆਂ ਮਾਰ ਲੈਣ। ਉਹਨਾਂ ਕਿਹਾ ਕਿ ਦੇਸ਼ ਦੀਆਂ ਨੀਤੀਆਂ ਬਦਲਣ ਲਈ ਕੋਈ ਸਿਆਸੀ ਪਾਰਟੀ ਸਹੀ ਨਹੀਂ ਹੈ। ਕਿਸਾਨ ਆਗੂ ਨੇ ਕਿਹਾ ਕਿ ਉਹ ਲੋਕਾਂ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਨ। ਉਹਨਾਂ ਕਿਹਾ ਕਿ ਕਿਸੇ ਵੀ ਪਾਰਟੀ ਨਾਲ ਸਮਝੌਤਾ ਕਰਨ ਲਈ ਭਵਿੱਖ ਵਿਚ ਫੈਸਲਾ ਲਿਆ ਜਾਵੇਗਾ।