ਬਠਿੰਡਾ 'ਚ ਡਿਵਾਈਡਰ ਨਾਲ ਟਕਰਾਈ ਕਾਰ
Punjab News: - ਪੰਜਾਬ ਦੇ ਪਿੰਡ ਸੁਚਾਨੀਆਂ ਦੇ ਰਹਿਣ ਵਾਲੇ 25 ਸਾਲਾ ਡਾ: ਅਮੋਲਦੀਪ ਸਿੰਘ ਦੀ ਬਠਿੰਡਾ 'ਚ ਸੜਕ ਹਾਦਸੇ 'ਚ ਮੌਤ ਹੋ ਗਈ। ਮ੍ਰਿਤਕ ਪੰਜਾਬ ਪੁਲਿਸ ਦੇ ਏਡੀਜੀਪੀ ਗੁਰਵਿੰਦਰ ਸਿੰਘ ਦਾ ਭਤੀਜਾ ਅਤੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਹੌਂਡਾ ਸਿਟੀ ਡਿਵਾਈਡਰ ਨਾਲ ਟਕਰਾ ਗਈ। ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਮਾਮਾ ਏ.ਡੀ.ਜੀ.ਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਮੋਲਦੀਪ ਸਿੰਘ ਬਹੁਤ ਹੀ ਮਿਲਣਸਾਰ ਅਤੇ ਹੋਣਹਾਰ ਲੜਕਾ ਸੀ। 8 ਸਾਲ ਤੱਕ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਜਨਤਾ ਦੀ ਸੇਵਾ ਲਈ ਕੁਝ ਹੀ ਦਿਨਾਂ 'ਚ ਮੈਡੀਕਲ ਲਾਈਨ 'ਚ ਭਰਤੀ ਹੋਣ ਜਾ ਰਹੇ ਸਨ। ਉਸ ਨੇ ਦੱਸਿਆ ਕਿ ਚਾਰੋਂ ਦੋਸਤ ਇੱਕ ਕਾਰ ਵਿਚ ਸਫ਼ਰ ਕਰ ਰਹੇ ਸਨ। ਜਦੋਂ ਉਹ ਬਠਿੰਡਾ ਮਾਲ ਰੋਡ ’ਤੇ ਪੁੱਜੇ ਤਾਂ ਕਾਰ ਸੜਕ ’ਤੇ ਡਿਵਾਈਡਰ ਨਾਲ ਟਕਰਾ ਗਈ।
ਹਾਦਸੇ ਵਿਚ ਅਮੋਲਦੀਪ ਸਿੰਘ ਅਤੇ ਉਸ ਦੇ ਇੱਕ ਦੋਸਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਕਾਰ 'ਚ ਸਵਾਰ ਹੋਰ ਦੋ ਦੋਸਤ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹੌਂਡਾ ਸਿਟੀ ਕਾਰ ਅਮੋਲਦੀਪ ਸਿੰਘ ਦੀ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਕਾਰਨ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ। ਏਡੀਜੀਪੀ ਗੁਰਵਿੰਦਰ ਸਿੰਘ ਢਿੱਲੋਂ ਨੇ ਬਠਿੰਡਾ ਨਗਰ ਨਿਗਮ ਨੂੰ ਮਾਲ ਰੋਡ ’ਤੇ ਡਿਵਾਈਡਰ ਦੀ ਜਲਦੀ ਮੁਰੰਮਤ ਕਰਵਾਉਣ ਦੀ ਅਪੀਲ ਕੀਤੀ ਹੈ।
ਦੇਰ ਰਾਤ ਬਠਿੰਡਾ ਦੇ ਮਾਲ ਰੋਡ ’ਤੇ ਇੱਕ ਹੌਂਡਾ ਸਿਟੀ ਕਾਰ ਤੇਜ਼ ਰਫ਼ਤਾਰ ਨਾਲ ਖੰਭੇ ਨਾਲ ਟਕਰਾ ਗਈ। ਜਿਸ 'ਚ ਸਵਾਰ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ। ਜਿੱਥੇ ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
(For more news apart from Punjab News, stay tuned to Rozana Spokesman)