
ਇੱਥੇ ਕੇਂਦਰ ਮਾਡਰਨ ਜੇਲ 'ਚ ਪੁਲਿਸ ਵਲੋਂ ਅਚਨਚੇਤ ਛਾਪੇਮਾਰੀ ਦੌਰਾਨ ਚਾਰ ਗੈਂਗਸਟਰਾਂ ਕੋਲੋਂ ਸਮਾਰਟ ਮੋਬਾਈਲ ਫ਼ੋਨ ਬਰਾਮਦ ਹੋਏ ਹਨ.......
ਫ਼ਰੀਦਕੋਟ : ਇੱਥੇ ਕੇਂਦਰ ਮਾਡਰਨ ਜੇਲ 'ਚ ਪੁਲਿਸ ਵਲੋਂ ਅਚਨਚੇਤ ਛਾਪੇਮਾਰੀ ਦੌਰਾਨ ਚਾਰ ਗੈਂਗਸਟਰਾਂ ਕੋਲੋਂ ਸਮਾਰਟ ਮੋਬਾਈਲ ਫ਼ੋਨ ਬਰਾਮਦ ਹੋਏ ਹਨ। ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮਾਂ ਨੇ ਡੀ.ਐੱਸ.ਪੀ. ਯਾਦਵਿੰਦਰ ਸਿੰਘ ਦੀ ਅਗਵਾਈ ਵਿਚ ਜੇਲ ਦੀ ਅਚਨਚੇਤ ਚੈਕਿੰਗ ਕੀਤੀ। ਚੈੱਕਿੰਗ ਦੌਰਾਨ ਗੈਂਗਸਟਰ ਮਨਮੋਹਨ ਸਿੰਘ ਚਹਿਲ, ਯਈਆ ਖਾਨ, ਸਾਜਨ ਕਲਿਆਣ ਅਤੇ ਮਨਪ੍ਰੀਤ ਸਿੰਘ ਕੋਲੋਂ ਮੋਬਾਈਲ ਬਰਾਮਦ ਹੋਏ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਹ ਗੈਂਗਸਟਰ ਮੋਬਾਇਲ ਫ਼ੋਨਾਂ ਰਾਹੀਂ ਜੇਲ 'ਚ ਬੈਠੇ ਹੀ ਬਾਹਰ ਅਪਣੇ ਮੈਂਬਰਾਂ ਦੇ ਸੰਪਰਕ ਵਿਚ ਹਨ।
ਜ਼ਿਲ੍ਹਾ ਪੁਲੀਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਕਿ ਜਿਹੜੇ ਗੈਂਗਸਟਰਾਂ ਕੋਲੋਂ ਮੋਬਾਈਲ ਫ਼ੋਨ ਅਤੇ ਸਿਮ ਬਰਾਮਦ ਹੋਏ ਹਨ, ਉਨ੍ਹਾਂ ਖਿਲਾਫ਼ ਪਰਚਾ ਦਰਜ ਕਰ ਲਿਆ ਹੈ ਅਤੇ ਗੰਭੀਰਤਾ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਮੁਖੀ ਨੇ ਕਿਹਾ ਕਿ ਗੈਂਗਸਟਰਾਂ ਤੋਂ ਪੁੱਛਗਿੱਛ ਦੌਰਾਨ ਇਸ ਮਾਮਲੇ ਵਿਚ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਛਾਪੇਮਾਰੀ ਤੋਂ ਬਾਅਦ ਜੇਲ ਵਿਭਾਗ ਨੇ ਅਪਣੇ ਸਹਾਇਕ ਜੇਲ ਸੁਪਰਡੈਂਟ ਦਿਲਬਾਗ ਸਿੰਘ, ਬਲਜਿੰਦਰ ਸਿੰਘ ਅਤੇ ਵਾਰਡਨ ਜਸਵੀਰ ਸਿੰਘ ਨੂੰ ਮੁਅੱਤਲ ਕਰ ਦਿਤਾ ਹੈ
ਅਤੇ ਉਨ੍ਹਾਂ ਵਿਰੁਧ ਵਿਭਾਗੀ ਜਾਂਚ ਦੇ ਹੁਕਮ ਦਿਤੇ ਹਨ। ਗੈਂਗਸਟਰਾਂ ਕੋਲੋ ਮੋਬਾਈਲ ਮਿਲਣ ਤੋਂ ਬਾਅਦ ਸਥਾਨਕ ਜੇਲ ਅਧਿਕਾਰੀਆਂ ਨੇ ਇਸ ਮਾਮਲੇ 'ਚ ਕੋਈ ਪ੍ਰਤਕਿਰਿਆ ਨਹੀਂ ਦਿਤੀ। ਇੱਕ ਸੀਨੀਅਰ ਜੇਲ ਅਧਿਕਾਰੀ ਨੇ ਜੇਲ ਅਧਿਕਾਰੀਆਂ ਦੀ ਮੁਅੱਤਲੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੇਲ ਵਿਭਾਗ ਇਸ ਘਟਨਾ ਬਾਰੇ ਬੇਹੱਦ ਗੰਭੀਰ ਹੈ ਅਤੇ ਇਸ ਕਾਂਡ ਵਿਚ ਸ਼ਾਮਲ ਵਿਅਕਤੀਆਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।