
ਕਿਹਾ- ਪੰਜਾਬ ਦੀ ਝਾਕੀ ਸ਼ਾਮਲ ਕਰਨ ਦੀ ਇਜਾਜ਼ਤ ਨਾ ਦੇਣਾ ਫਿਰਕੂ ਨਫ਼ਰਤ ਭਰੀ ਸੋਚ ਦਾ ਸਿੱਟਾ
ਫ਼ਤਹਿਗੜ੍ਹ ਸਾਹਿਬ: “ਜਦੋਂ ਵੀ 15 ਅਗਸਤ ਜਾਂ 26 ਜਨਵਰੀ ਵਾਲੇ ਭਾਰਤੀ ਦਿਹਾੜਿਆਂ ਮੌਕੇ ਉਤੇ ਦਿੱਲੀ ਇੰਡੀਆ ਗੇਟ ਵਿਖੇ ਸਮਾਗਮ ਕੀਤੇ ਜਾਂਦੇ ਹਨ, ਤਾਂ ਉਸ ਵਿਚ ਵੱਖ-ਵੱਖ ਸੂਬਿਆਂ ਦੇ ਆਪਣੇ ਵਿਰਸੇ-ਵਿਰਾਸਤ, ਸੱਭਿਆਚਾਰ, ਬੋਲੀ, ਪਹਿਰਾਵੇ ਆਦਿ ਨਾਲ ਸਬੰਧਤ ਝਾਕੀਆ ਨੂੰ ਵੀ ਇਸ ਪਰੇਡ ਵਿਚ ਸ਼ਾਮਲ ਕੀਤਾ ਜਾਂਦਾ ਹੈ। ਇਨ੍ਹਾਂ ਹੋਣ ਵਾਲਿਆਂ ਪ੍ਰੇਡਾਂ ਤੇ ਸਮਾਗਮਾਂ ਵਿਚ ਅਕਸਰ ਹੀ ਪੰਜਾਬ ਦੀ ਝਾਕੀ ਵਿਸ਼ੇਸ਼ ਤੌਰ 'ਤੇ ਦਾਖਲ ਹੁੰਦੀ ਹੈ ।
ਪਰ ਦੁੱਖ ਅਤੇ ਅਫਸੋਸ ਹੈ ਕਿ ਇਸ ਵਾਰੀ 26 ਜਨਵਰੀ ਦੇ ਦਿਹਾੜੇ ਉਤੇ ਇੰਡੀਆ ਦੇ ਮੁਤੱਸਵੀ ਸੋਚ ਵਾਲੇ ਹੁਕਮਰਾਨਾਂ ਅਤੇ ਜੋ ਕਮੇਟੀ ਇਨ੍ਹਾਂ ਝਾਕੀਆ ਨੂੰ ਸ਼ਾਮਲ ਕਰਨ ਦੀ ਪ੍ਰਵਾਨਗੀ ਦਿੰਦੀ ਹੈ, ਉਨ੍ਹਾਂ ਦੀ ਪੰਜਾਬ ਸੂਬੇ ਅਤੇ ਸਿੱਖ ਕੌਮ ਪ੍ਰਤੀ ਨਫਰਤ ਵਾਲੀ ਸੋਚ ਦੀ ਬਦੌਲਤ ਸਾਡੇ ਪੰਜਾਬ ਸੂਬੇ ਦੀ ਝਾਕੀ ਨੂੰ ਇਸ ਸਮਾਗਮ ਸਮੇ ਸ਼ਾਮਲ ਹੋਣ ਦੀ ਇਜਾਜ਼ਤ ਨਾ ਦੇਣਾ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ 1947 ਤੋਂ ਹੁੰਦੇ ਆ ਰਹੇ ਵਿਤਕਰੇ, ਬੇਇਨਸਾਫ਼ੀਆਂ ਦੀ ਲੜੀ ਨੂੰ ਹੋਰ ਲੰਮਾ ਕਰਦੀ ਹੈ। ਜਿਸ ਨਾਲ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਵਿਚ ਇਸ ਕਾਰਵਾਈ ਨੂੰ ਲੈ ਕੇ ਬਹੁਤ ਵੱਡਾ ਰੋਸ ਉਤਪੰਨ ਹੋ ਚੁੱਕਾ ਹੈ। ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਲਈ ਅਸਹਿ ਹੈ ।”
ਇਹ ਵੀ ਪੜ੍ਹੋ: ਵਿਧਾਨ ਸਭਾ ਸਪੀਕਰ ਨੇ ਵਿਦਿਆਰਥੀਆਂ ਨੂੰ ਸਿਲੇਬਸ ਦੇ ਨਾਲ-ਨਾਲ ਹੋਰ ਕਿਤਾਬਾਂ ਪੜ੍ਹਨ ਦੀ ਦਿੱਤੀ ਸਲਾਹ
ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 26 ਜਨਵਰੀ ਨੂੰ ਦਿੱਲੀ ਇੰਡੀਆ ਗੇਟ ਵਿਖੇ ਹੋਣ ਵਾਲੀ ਪਰੇਡ ਵਿਚ ਪੰਜਾਬ ਦੀ ਝਲਕ ਨੂੰ ਪ੍ਰਗਟਾਉਦੀ ਝਾਕੀ ਨੂੰ ਸ਼ਾਮਲ ਕਰਨ ਦੀ ਇਜਾਜ਼ਤ ਨਾ ਦੇਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਮੁਲਕ ਦੇ ਹੁਕਮਰਾਨਾਂ ਵੱਲੋ ਸਿੱਖ ਕੌਮ ਉਤੇ ਵਿਸ਼ਵਾਸ ਨਾ ਕਰਨ ਦੀ ਗੱਲ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਇਸ ਝਾਕੀ ਨੂੰ ਸ਼ਾਮਲ ਨਾ ਹੋਣ ਦੇਣ ਸਬੰਧੀ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਇੰਡੀਆ ਨੇ ਇਸ ਪ੍ਰੇਡ ਵਿਚ ਮਿਸਰ ਦੇ ਪ੍ਰੈਜ਼ੀਡੈਂਟ ਅਬਦਲ ਫਤਾ ਐਲ ਸੀਸੀ ਨੂੰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਸਦੀ ਸੁਰੱਖਿਆ ਨੂੰ ਲੈ ਕੇ ਅਤੇ ਸਰਬੱਤ ਦਾ ਭਲਾ ਲੋੜਣ ਵਾਲੀ ਇੰਡੀਆ ਦੀਆਂ ਸਰਹੱਦਾਂ ਅਤੇ ਹੋਰ ਵੱਡੇ ਉੱਦਮਾਂ ਵਿਚ ਆਪਣੀਆ ਸ਼ਹਾਦਤਾਂ, ਕੁਰਬਾਨੀਆਂ ਤੇ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਨਾਲ ਸਬੰਧਤ ਪੰਜਾਬ ਸੂਬੇ ਦੀ ਝਾਕੀ ਨੂੰ ਸ਼ਾਮਲ ਨਹੀਂ ਕੀਤਾ ਕਿਉਂਕਿ ਪਹਿਲੀਆਂ ਇੰਡੀਆ ਦੀਆਂ ਸਰਕਾਰਾਂ ਅਤੇ ਅਜੋਕੀ ਬੀਜੇਪੀ-ਆਰ.ਐਸ.ਐਸ ਸਰਕਾਰ ਬਿਨ੍ਹਾਂ ਵਜ੍ਹਾ ਸਿੱਖ ਕੌਮ ਉਤੇ ਸ਼ੱਕ ਕਰਦਿਆਂ ਹਨ ਜਦੋਕਿ ਕੋਈ ਵੀ ਵੱਡਾ ਕਾਰਜ ਜਾਂ ਕੁਰਬਾਨੀ ਵਾਲਾ ਉੱਦਮ ਸਿੱਖ ਕੌਮ ਦੀ ਸ਼ਮੂਲੀਅਤ ਤੋਂ ਬਿਨ੍ਹਾਂ ਅੱਜ ਤੱਕ ਨਹੀਂ ਹੋਇਆ।
ਇਹ ਵੀ ਪੜ੍ਹੋ: ਬਿਜਲੀ ਸੰਕਟ ਨਾਲ ਨਜਿੱਠਣ ਲਈ ਪਾਕਿਸਤਾਨ ਦੀ ਮਦਦ ਲਈ ਤਿਆਰ: ਅਮਰੀਕਾ
ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 6 ਅਕਤੂਬਰ 1981 ਨੂੰ ਮਿਸਰ ਵਿਚ ਹੋਣ ਵਾਲੀ ਜਿੱਤ ਵਾਲੀ ਪਰੇਡ ਜੋ ਕੈਇਰਓ ਵਿਖੇ ਮਨਾਈ ਗਈ ਸੀ, ਉਸ ਵਿਚ ਮਿਸਰ ਦੇ ਪ੍ਰੈਜ਼ੀਡੈਂਟ ਅਨਵਰ ਸਾਦਿਤ ਆਪਣੇ 8 ਸੁਰੱਖਿਆ ਗਾਰਡਾਂ ਅਤੇ ਬਹੁਤ ਭਰੋਸੇਯੋਗ ਵਿਸ਼ਵਾਸਪਾਤਰਾਂ ਦੇ ਨਾਲ ਪਰੇਡ ਵਿਚ ਸ਼ਾਮਲ ਹੋਏ ਸਨ ਅਤੇ ਇਕ ਸਾਜ਼ਿਸ਼ ਤਹਿਤ ਉਨ੍ਹਾਂ ਦਾ ਕਤਲ ਹੋ ਗਿਆ ਸੀ।
ਜਿਸ ਦੀ ਬਦੌਲਤ ਇੰਡੀਆ ਦੇ ਹੁਕਮਰਾਨ ਮਿਸਰ ਦੇ 26 ਜਨਵਰੀ ਨੂੰ ਇੰਡੀਆ ਪਹੁੰਚ ਰਹੇ ਪ੍ਰੈਜ਼ੀਡੈਂਟ ਅਬਦਲ ਫਤਾ ਐਲ ਸੀਸੀ ਦੀ ਸੁਰੱਖਿਆ ਨੂੰ ਲੈਕੇ ਪੰਜਾਬ ਸੂਬੇ ਦੀ ਝਾਕੀ ਨੂੰ ਇਸ ਪਰੇਡ ਵਿਚੋਂ ਬਾਹਰ ਕਰ ਦਿੱਤਾ ਹੈ ਜੋ ਕਿ ਸਿੱਖ ਕੌਮ ਦੀ ਵਫਾਦਾਰੀ ਉਤੇ ਹੁਕਮਰਾਨਾਂ ਵੱਲੋ ਸ਼ੱਕ ਕਰਨ ਦੀ ਗਲਤ ਪਿਰਤ ਪਾਈ ਜਾ ਰਹੀ ਹੈ । ਜਦੋਕਿ ਸਿੱਖਾਂ ਨੇ 1947 ਤੋਂ ਲੈ ਕੇ ਅੱਜ ਤੱਕ ਇਸ ਮੁਲਕ ਦੀ ਸਰਹੱਦਾਂ ਉਤੇ ਸੁਰੱਖਿਆ ਅਤੇ ਅੰਦਰੂਨੀ ਤਰੱਕੀ ਤੇ ਵਿਕਾਸ ਵਿਚ ਯਾਦ ਰੱਖਣਯੋਗ ਹਿੱਸਾ ਪਾਇਆ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਪੰਜਾਬ ਸੂਬੇ ਦੀ ਝਾਕੀ ਨੂੰ 26 ਜਨਵਰੀ ਦੀ ਪਰੇਡ ਵਿਚੋਂ ਬਾਹਰ ਕਰਨ ਦੀ ਪ੍ਰਕਿਰਿਆ ਦਾ ਪੁਰਜ਼ੋਰ ਸ਼ਬਦਾਂ ਵਿਚ ਖੰਡਨ ਕਰਦਾ ਹੈ ਅਤੇ ਸਿੱਖ ਕੌਮ ਉਤੇ ਕੀਤੇ ਜਾ ਰਹੇ ਸ਼ੱਕ ਦੀ ਵੀ ਨਿਖੇਧੀ ਕਰਦਾ ਹੈ ।