
ਕਿਸਾਨੀ ਅੰਦੋਲਨ ਵਿਚ ਆਖਰੀ ਦਮ ਤਕ ਸਾਥ ਨਿਭਾਉਣ ਦਾ ਅਹਿਦ
ਸ੍ਰੀ ਮੁਕਤਸਰ ਸਾਹਿਬ : ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਕਿਸਾਨੀ ਸੰਘਰਸ਼ ਦੀ ਗੂੰਜ ਵਿਸ਼ਵ ਪੱਧਰ 'ਤੇ ਪੈ ਰਹੀ ਹੈ। ਦੇਸ਼ ਭਰ ਅੰਦਰ ਮਹਾਂ ਪੰਚਾਇਤਾਂ ਦਾ ਦੌਰ ਜਾਰੀ ਹੈ, ਦੂਜੇ ਪਾਸੇ ਕੇਂਦਰ ਸਰਕਾਰ ਅਜੇ ਵੀ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਹੇਵੰਦਾ ਦੱਸ ਰਹੀ ਹੈ। ਸਰਕਾਰ ਦੇ ਮੰਤਰੀ ਆਏ ਦਿਨ ਕਿਸਾਨੀ ਅੰਦੋਲਨ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ। ਸਰਕਾਰ ਨੂੰ ਸਖਤ ਸੁਨੇਹਾ ਦਿੰਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇਕ ਫਸਲ ਦੀ ਕੁਰਬਾਨੀ ਦੇਣ ਦੀ ਗੱਲ ਕਹੀ ਸੀ।
Farmers Protest
ਇਸ ਤੋਂ ਬਾਅਦ ਯੂਪੀ ਅਤੇ ਹਰਿਆਣਾ ਵਿਚ ਕਿਸਾਨਾਂ ਵੱਲੋਂ ਖੜੀਆਂ ਫਸਲਾਂ ਨਸ਼ਟ ਕਰਨ ਦੀਆਂ ਘਟਨਾਵਾਂ ਵਾਪਰੀਆਂ ਸਨ। ਭਾਵੇਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅਜਿਹੇ ਕਦਮ ਚੁੱਕਣ ਤੋਂ ਗੁਰੇਜ ਕਰਨ ਦੀ ਅਪੀਲ ਕੀਤੀ ਸੀ। ਇਸ ਦੇ ਬਾਵਜੂਦ ਕੇਂਦਰ ਸਰਕਾਰ ਤੋਂ ਦੁਖੀ ਕਿਸਾਨਾਂ ਵੱਲੋਂ ਖੜੀ ਫਸਲ ਵਾਹੁਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
Farmers Protest
ਇਕ ਅਜਿਹੀ ਹੀ ਘਟਨਾ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਹਮਣੇ ਆਈ ਹੈ ਜਿੱਥੇ ਇਕ ਕਿਸਾਨ ਨੇ ਆਪਣੀ ਖੜ੍ਹੀ ਕਣਕ ਦੀ ਫ਼ਸਲ ਵਹਾ ਦਿੱਤੀ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਪੱਕੀ ਟਿੱਬੀ ਦੇ ਕਿਸਾਨ ਮਹਿਮਾ ਸਿੰਘ ਨੇ ਕੇਂਦਰ ਸਰਕਾਰ ਅਗੇ ਰੋਸ ਪ੍ਰਗਟ ਕਰਦਿਆਂ 6 ਏਕੜ ਕਣਕ ਦੀ ਖੜ੍ਹੀ ਫਸਲ ’ਚੋਂ 3 ਏਕੜ ਫਸਲ ’ਤੇ ਟਰੈਕਟਰ ਚਲਾ ਦਿੱਤਾ ਹੈ।
Farmers Protest
ਕਣਕ ਦੀ ਵਾਹੀ ਗਈ ਇਹ ਫਸਲ ਇਕ ਮਹੀਨੇ ਤਕ ਪੱਕ ਕੇ ਤਿਆਰ ਹੋ ਜਾਣੀ ਸੀ ਪਰ ਸਰਕਾਰ ਦੇ ਅੜੀਅਲ ਵਤੀਰੇ ਤੋਂ ਦੁਖੀ ਹੋਏ ਕਿਸਾਨ ਨੇ ਇਸ ਨੂੰ ਵਾਹ ਦੇ ਨਸ਼ਟ ਕਰ ਦਿੱਤਾ ਹੈ। ਕਿਸਾਨ ਦਾ ਕਹਿਣਾ ਹੈ ਕਿ ਕਿਸਾਨ ਲੰਮੇ ਸਮੇਂ ਤੋਂ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਰਾਹ ਪਈ ਹੋਈ ਹੈ। ਕਿਸਾਨ ਨੇ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਵੱਲੋਂ ਲਏ ਫੈਸਲਿਆਂ 'ਤੇ ਡਟ ਕੇ ਪਹਿਰਾ ਦਿੰਦੇ ਰਹਿਣਗੇ।