
ਬਿ੍ਰਸਬੇਨ ਵਿਖੇ ਅੰਤਰਰਾਸ਼ਟਰੀ ਭਾਸ਼ਾ ਦਿਵਸ ਮਨਾਇਆ ਗਿਆ
‘ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਸਾਰਿਆਂ ਨੂੰ ਅਪਣਾ ਬਣਦਾ ਯੋਗਦਾਨ ਪਾਉਣਾ ਚਾਹੀਦੈ’
ਬਿ੍ਰਸਬੇਨ, 23 ਫ਼ਰਵਰੀ (ਜਗਜੀਤ ਖੋਸਾ): ਆਸਟਰੇਲੀਆ ਦੇ ਸ਼ਹਿਰ ਬਿ੍ਰਸਬੇਨ ਵਿਚ ‘ਸਿੰਘ ਸਭਾ ਗੁਰਮੁਖੀ ਸਕੂਲ ਟੈਗਮ’ ਅਤੇ ਗੁਰਦੁਆਰਾ ਸਿੰਘ ਸਭਾ ਟੈਗਮ ਦੇ ਸਹਿਯੋਗ ਨਾਲ ਲੇਖਕਾਂ, ਪੱਤਰਕਾਰਾਂ ਅਤੇ ਪੰਜਾਬੀ ਹਿਤੈਸ਼ੀਆਂ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿਚ ਵੱਖ-ਵੱਖ ਬੁਲਾਰਿਆਂ ਵਲੋਂ ਅਪਣੀਆਂ ਤਕਰੀਰਾਂ, ਲੇਖਾਂ ਆਦਿ ਨਾਲ ਪੰਜਾਬੀ ਬੋਲੀ ਦਾ ਚਿੰਤਨ ਅਤੇ ਭਵਿੱਖੀ ਲੋੜਾਂ ਬਾਰੇ ਵਿਚਾਰ ਕੀਤਾ ਗਿਆ। ਬੈਠਕ ਦੀ ਸ਼ੁਰੂਆਤ ਹਰਜੋਤ ਸਿੰਘ ਲਸਾੜਾ ਵਲੋਂ ਹਾਜ਼ਰੀਨ ਦੇ ਸਵਾਗਤ ਨਾਲ ਕੀਤੀ ਅਤੇ ਕਿਹਾ ਕਿ ਵਰਤਮਾਨ, ਪੰਜਾਬੀ ਵਿਰਾਸਤ ਅਤੇ ਪੰਜਾਬੀਅਤ ਨੂੰ ਬਰਕਰਾਰ ਰੱਖਣ ਦੀ ਲੋੜ ਹੈ।
ਹਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਮਾਤ ਭਾਸ਼ਾ ਦੀ ਮੌਜੂਦਾ ਸਮੇਂ ਵਿਚ ਨਿਘਰਦੀ ਜਾ ਰਹੀ ਹਾਲਤ ਨੂੰ ਵੇਖਦਿਆਂ ਇਹ ਸੋਚਣ ਵਿਚ ਸੰਕੋਚ ਨਹੀਂ ਕਰਨਾ ਚਾਹੀਦਾ ਕਿ ਅਗਲੇ 50 ਸਾਲਾਂ ਤਕ ਪੰਜਾਬੀ ਭਾਸ਼ਾ ਕੁਦਰਤੀ ਮੌਤ ਦਾ ਸ਼ਿਕਾਰ ਹੋ ਸਕਦੀ ਹੈ। ਅਮਨਦੀਪ ਸਿੰਘ ਪੰਨੂੰ ਨੇ ਕਿਹਾ ਕਿ ਮਾਂ ਬੋਲੀ ਸਾਰੀਆਂ ਕੌਮਾਂ ਦਾ ਜਮਾਂਦਰੂ ਹੱਕ ਹੈ। ਰੂਸੀ, ਚੀਨੀ, ਜਪਾਨੀ ਅਤੇ ਜਰਮਨੀ ਨੇ ਅਪਣੀਆਂ ਅਪਣੀਆਂ ਭਾਸਾਵਾਂ ਵਿਚ ਖ਼ੂਬ ਤਰੱਕੀ ਕੀਤੀ ਹੈ ਪਰ ਭਾਰਤੀ ਭਾਸ਼ਾਵਾਂ ਖ਼ਾਸ ਕਰ ਕੇ ਪੰਜਾਬੀ ਭਾਸ਼ਾ ਅਜੇ ਵੀ ਪਛੜਦੀ ਦਿਖ ਰਹੀ ਹੈ। ਹਰਵਿੰਦਰ ਕੌਰ ਰਿੱਕੀ ਅਤੇ ਹਰਗੀਤ ਕੌਰ ਨੇ ਵੀ ਪੰਜਾਬੀ ਭਾਸ਼ਾ ਬਾਰੇ ਡੂੰਘਾ ਚਿੰਤਨ ਕਰਦਿਆਂ ਕਿਹਾ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਸਾਰਿਆਂ ਨੂੰ ਅਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।
ਕਿਸਾਨੀ ਅੰਦੋਲਨ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਬਹਾਦਰ ਸਿੰਘ ਝੱਜ ਨੇ ਵਿਦੇਸ਼ਾਂ ਵਿਚ ਮਾਂ ਬੋਲੀ ਪੰਜਾਬੀ ਨੂੰ ਵੱਧ ਤੋਂ ਵੱਧ ਪ੍ਰਫ਼ੁੱਲਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਾਸ਼ਾਵਾਂ ਜਿੰਨੀਆਂ ਮਰਜ਼ੀ ਪੜ੍ਹੋ ਪਰ ਮਾਂ ਬੋਲੀ ਨਾਲ ਸਾਂਝ ਬਣਾਈ ਰਖਣੀ ਜ਼ਰੂਰੀ ਹੈ। ਸਮਾਰੋਹ ਵਿਚ ਸੁਖਮਨ ਸੰਧੂ ਅਤੇ ਅਸਮੀਤ ਸੰਧੂ ਆਦਿ ਬੱਚਿਆਂ ਦੀਆਂ ਰਚਨਾਵਾਂ ਪ੍ਰੋਗਰਾਮ ਵਿਚ ਖਿੱਚ ਦਾ ਕੇਂਦਰ ਸਨ।