
ਸਵਾਮੀ ਵਿਵੇਕਾਨੰਦ ਗਰੁਪ ਆਫ਼ ਕਾਲਜ ਵਿਚ ਐਤਵਾਰ ਦੁਪਹਿਰੇ ਕੰਮ ਕਰਦੇ ਪਲੰਬਰ ਨੂੰ ਹਾਈਵੋਲਟੇਜ ਤਾਰਾਂ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਕਾਲਜ ਪ੍ਰਬੰਧਕਾਂ ਨੇ ਮ੍ਰਿਤਕ ਦੇ
ਬਨੂੜ, 14 ਅਗੱਸਤ (ਅਵਤਾਰ ਸਿੰਘ): ਸਵਾਮੀ ਵਿਵੇਕਾਨੰਦ ਗਰੁਪ ਆਫ਼ ਕਾਲਜ ਵਿਚ ਐਤਵਾਰ ਦੁਪਹਿਰੇ ਕੰਮ ਕਰਦੇ ਪਲੰਬਰ ਨੂੰ ਹਾਈਵੋਲਟੇਜ ਤਾਰਾਂ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਕਾਲਜ ਪ੍ਰਬੰਧਕਾਂ ਨੇ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਨੂੰ ਸੂਚਨਾ ਬਾਅਦ ਲਾਸ਼ ਨੂੰ ਮ੍ਰਿਤਕ ਦੇ ਘਰ ਭੇਜ ਦਿਤੀ, ਜਿਸ ਤੋਂ ਭੜਕੇ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਕਾਲਜ ਗੇਟ ਅੱਗੇ ਧਰਨਾ ਲਗਾ ਦਿਤਾ।
ਧਰਨੇ ਤੋਂ ਬਾਅਦ ਵੀ ਕਾਲਜ ਮੈਨੇਜਮੈਂਟ ਟੱਸ ਤੋਂ ਮੱਸ ਨਾ ਹੋਈ ਤੇ ਰੋਸ ਵਿਚ ਆਏ ਲੋਕਾਂ ਨੇ 2 ਵਜੇ ਦੇ ਕਰੀਬ ਨੈਸ਼ਨਲ ਹਾਈਵੇ ਜਾਮ ਕਰ ਕੇ ਕਾਲਜ ਮੈਨੇਜਮੈਂਟ ਵਿਰੁਧ ਜਮ ਕੇ ਨਾਹਰੇਬਾਜ਼ੀ ਕੀਤੀ। ਇਕ ਘੰਟੇ ਤੋਂ ਵੱਧ ਸਮੇਂ ਤਕ ਜਾਮ ਲੱਗਣ ਕਾਰਨ ਸੜਕ ਦੇ ਦੋਨੋਂ ਪਾਸੇ ਵਾਹਨਾਂ ਦੀਆਂ ਕਈ ਕਿਲੋਮੀਟਰ ਲੰਬੀਆਂ ਲਾਇਨਾ ਲੱਗ ਗਈਆਂ। ਇਸ ਤੋਂ ਬਾਅਦ ਥਾਣਾ ਸੰਭੂ ਦੇ ਮੁਖੀ ਕੁਲਵਿੰਦਰ ਸਿੰਘ ਤੇ ਏਐਸਆਈ ਬਨੂੜ ਮੋਹਨ ਸਿੰਘ ਨੇ ਦੋਹਾ ਧਿਰਾਂ ਨੂੰ ਸਮਝਾ ਕੇ ਜਾਮ ਖੁਲਵਾਇਆ।
ਜਾਣਕਾਰੀ ਅਨੁਸਾਰ ਮੇਜਰ ਸਿੰਘ ਪੁੱਤਰ ਅਮਰ ਸਿੰਘ ਉਮਰ 32 ਸਾਲ ਵਾਸੀ ਪਿੰਡ ਬਠੋਣੀਆਂ ਕਲਾ ਸਵਾਮੀ ਵਿਵੇਕਾਨੰਦ ਕਾਲਜ ਵਿਚ ਪਿਛਲੇ ਲੰਬੇ ਸਮੇਂ ਤੋਂ ਪਲੰਬਰ ਦਾ ਕੰਮ ਕਰਦਾ ਸੀ। ਐਤਵਾਰ ਸਵੇਰੇ ਮੇਜਰ ਸਿੰਘ ਕੰਧ ਉੱਤੇ ਚੜ੍ਹ ਕੇ ਕੰਮ ਕਰ ਰਿਹਾ ਸੀ ਤਾਂ ਉਹ ਉੱਤੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਜਗਵਿੰਦਰ ਕੌਰ, ਮਾਤਾ ਅਮਰਜੀਤ ਕੌਰ ਨੇ ਦਸਿਆ ਕਿ ਕਾਲਜ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਫੋਨ ਕਰ ਕੇ ਮੇਜਰ ਸਿੰਘ ਨੂੰ ਕਰੰਟ ਲੱਗਣ ਦੀ ਗੱਲ ਦੱਸੀ। ਜਿਸ ਤੋਂ ਬਾਅਦ ਉਹ ਉਸੇ ਸਮੇਂ ਕਾਲਜ ਪੁੱਜੇ। ਕਾਲਜ ਪੁੱਜਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਮੇਜਰ ਸਿੰਘ ਨੂੰ ਰਾਜਪੁਰਾ ਦੇ ਏਪੀਜੈਨ ਹਸਪਤਾਲ ਲੈ ਕੇ ਗਏ ਹਨ। ਉਹ ਉਸ ਤੋਂ ਬਾਅਦ ਰਾਜਪੁਰਾ ਦੇ ਏਪੀਜੈਨ ਹਸਪਤਾਲ ਗਏ ਤਾਂ ਉਨ੍ਹਾਂ ਨੂੰ ਮੇਜਰ ਸਿੰਘ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ। ਮ੍ਰਿਤਕ ਦੀ ਪਤਨੀ ਨੇ ਦਸਿਆ ਕਿ ਅਜੇ ਉਹ ਹਸਪਤਾਲ ਵਿਚ ਹੀ ਸਨ ਕਿ ਕਾਲਜ ਦੇ ਮੁਲਾਜ਼ਮ ਉਸ ਦੇ ਪਤੀ ਦੀ ਲਾਸ਼ ਨੂੰ ਪਿੰਡ ਛੱਡ ਆਏ। ਗੁੱਸੇ ਵਿਚ ਆਏ ਪਿੰਡ ਵਾਸੀ ਅੱਜ ਸਵੇਰੇ ਲਾਸ਼ ਨੂੰ ਨਾਲ ਲੈ ਕੇ ਕਾਲਜ ਦਾ ਘਿਰਾਉ ਕਰਨ ਪੁੱਜ ਗਏ। ਘਿਰਾਉ ਦਾ ਪਤਾ ਲਗਦੇ ਹੀ ਏਐਸਆਈ ਮੋਹਨ ਸਿੰਘ ਦੀ ਹਾਜ਼ਰੀ ਵਿਚ ਪੁਲਿਸ ਮੌਕੇ 'ਤੇ ਪੁੱਜੀ ਉਨ੍ਹਾਂ ਨੇ ਦੋਹਾ ਧੀਰਾਂ ਵਿਚਕਾਰ ਸਮਝੌਤੇ ਦੀਆਂ ਕੋਸ਼ਿਸਾਂ ਕੀਤੀਆਂ ਪਰ ਕਾਲਜ ਮੈਨੇਜਮੈਂਟ ਟੱਸ ਤੋਂ ਮੱਸ ਨਾ ਹੋਈ। 2 ਵਜੇ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇ 'ਤੇ ਜਾਮ ਲਗਾ ਦਿਤਾ ਸੀ, ਜਿਸ ਨੂੰ ਥਾਣਾ ਸੰਭੂ ਦੇ ਮੁਖੀ ਕੁਲਵਿੰਦਰ ਸਿੰਘ ਨੇ ਗੱਲਬਾਤ ਰਾਹੀਂ ਹੱਲ ਕੀਤਾ।
ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਪੀੜਤ ਪਰਿਵਾਰ ਨੂੰ ਕਾਲਜ ਪ੍ਰਬੰਧਕਾ ਕੋਲੋ ਤਿੰਨ ਲੱਖ ਰੁਪਏ ਨਗਦ, ਦੋਨੋ ਬੱਚਿਆਂ ਦੀ ਮੁਫ਼ਤ ਪੜਈ ਤੇ ਮ੍ਰਿਤਕ ਦੀ ਪਤਨੀ ਨੂੰ ਕਾਲਜ ਵਿਚ ਨੋਕਰੀ ਦੇਣ ਦਾ ਲਿਖਿਤ ਵਿਸ਼ਵਾਸ ਦਵਾਇਆ ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਜਾਮ ਖੋਲਿਆ। ਉਧਰ, ਕਾਲਜ ਪ੍ਰਬੰਧਕ ਅੰਕੁਰ ਗੁਪਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਜਰ ਸਿੰਘ ਕੰਧ 'ਤੇ ਚੜ੍ਹ ਕੇ ਦੂਜੇ ਪਾਸੇ ਅਮਰੂਦ ਤੋੜ ਰਿਹਾ ਸੀ। ਉਸ ਨੇ ਉੱਤੋਂ ਲੰਘਦੀ ਹਾਈ ਵੋਲਟੇਜ ਤਾਰ ਨਹੀ ਵੇਖੀ ਜਿਸ ਦੀ ਲਪੇਟ ਵਿਚ ਆਉਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸਮਝੌਤੇ ਤਹਿਤ ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ 3 ਲੱਖ ਰੁਪਏ ਨਕਦ ਦੇ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਨੂੰ ਨੌਕਰੀ ਤੇ ਦੋਨੋਂ ਬੱਚਿਆਂ ਨੂੰ ਸਕੂਲ ਵਿਚ ਨੌਕਰੀ 'ਤੇ ਪੜ੍ਹਾਇਆ ਜਾਵੇਗਾ।