
ਚੰਡੀਗੜ੍ਹ ਡਿਸਟੰਸ ਰਨਰਸ ਵਲੋਂ ਕਰਵਾਈ ਚੈਰਿਟੀ 'ਰਨ ਫ਼ਾਰ ਏ ਰਨਰ' ਵਿਚ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੇ ਲੋਕਾਂ ਨੇ ਭਾਰੀ ਗਿਣਤੀ ਵਿਚ ਹਿੱਸਾ ਲਿਆ।
ਚੰਡੀਗੜ੍ਹ, 13 ਅਗੱਸਤ (ਅੰਕੁਰ): ਚੰਡੀਗੜ੍ਹ ਡਿਸਟੰਸ ਰਨਰਸ ਵਲੋਂ ਕਰਵਾਈ ਚੈਰਿਟੀ 'ਰਨ ਫ਼ਾਰ ਏ ਰਨਰ' ਵਿਚ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੇ ਲੋਕਾਂ ਨੇ ਭਾਰੀ ਗਿਣਤੀ ਵਿਚ ਹਿੱਸਾ ਲਿਆ। 10 ਅਤੇ 5 ਕਿਲੋਮੀਟਰ ਦੀ ਇਹ ਦੌੜ ਦੀਪਕ ਮੁਦਲੀ ਦੇ ਸਮਰਥਨ ਵਿਚ ਕਰਵਾਈ ਗਈ, ਜੋ ਦੇਸ਼ ਦੇ ਇਕ ਪ੍ਰਸਿਧ ਦੌੜਾਕ ਹਨ, ਪਰ ਫਿਲਹਾਲ ਇਕ ਐਕਸੀਡੈਂਟ ਤੋਂ ਬਾਅਦ ਦਿੱਲੀ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਸੁਖਨਾ ਝੀਲ 'ਤੇ 5 ਵਜੇ ਤੋਂ 7 ਵਜੇ ਤਕ ਚਲੇ ਇਸ ਪ੍ਰੋਗਰਾਮ ਵਿਚ ਅੰਤਰਾਸ਼ਟਰੀ ਪੱਧਰ ਦੀ ਦੌੜਾਕ 101 ਸਾਲਾ ਬੀਬੀ ਮਾਨ ਕੌਰ ਨੇ ਸ਼ਮੂਲੀਅਤ ਕੀਤੀ। ਉਨ੍ਹਾਂ 10 ਕਿਲੋਮੀਟਰ ਦੀ ਦੌੜ ਨੂੰ ਫ਼ਲੈਗ ਆਫ਼ ਕੀਤਾ ਅਤੇ 5 ਕਿਲੋਮੀਟਰ ਦੀ ਦੌੜ ਵਿਚ ਸ਼ਾਮਲ ਹੋਈ।
ਜ਼ਿਕਰਯੋਗ ਹੈ ਕਿ ਇਸ ਦੌੜ ਵਿਚ ਅਪਣੀ ਮਾਂ ਨਾਲ ਪ੍ਰੋਗਰਾਮ ਵਿਚ ਆਏ 8 ਮਹੀਨੇ ਦੇ ਨੰਨੇ ਬੱਚੇ ਤੋਂ ਲੈ ਕੇ 101 ਸਾਲਾਂ ਦੀ ਉਮਰ ਦੇ ਲੋਕਾਂ ਨੇ ਹਿੱਸਾ ਲਿਆ। ਤਿੰਨ ਮਹੀਨੇ ਪਹਿਲਾਂ ਅਪਣਾ ਬਾਈਪਾਸ ਕਰਵਾ ਚੁਕੇ ਨਵੀਨ ਗਰਗ ਅਤੇ ਲਿਵਰ ਟਰਾਂਸਪਲਾਂਟ ਕਰਵਾ ਚੁਕੇ ਪਰਵੀਨ ਸ਼ਰਮਾ ਅਤੇ ਉਨ੍ਹਾਂ ਦੀ ਡੋਨਰ ਪਤਨੀ ਨੇ ਵੀ ਇਸ ਨੇਕ ਕੰਮ ਲਈ ਦੌੜ ਵਿਚ ਹਿੱਸਾ ਲਿਆ।
ਦੀਪਕ ਨੂੰ ਉਨ੍ਹਾਂ ਦੇ ਇਲਾਜ ਲਈ ਆਰਥਕ ਸਹਿਯੋਗ ਦਿਵਾਉਣ ਲਈ ਇਹ ਕਦਮ ਇੰਦਰਾਪੁਰਮ ਰਨਰਸ ਵਲੋਂ ਚੁਕਿਆ ਗਿਆ, ਜੋ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਲੋਕਲ ਰਨਰਸ ਗਰੁਪ ਦੇ ਸਹਿਯੋਗ ਨਾਲ ਪੈਸੇ ਇਕੱਤਰ ਕਰ ਰਹੇ ਹਨ। ਇਸ ਦੌੜ ਵਿਚ ਸਾਡੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 2 ਲੱਖ 60 ਹਜ਼ਾਰ ਰੁਪਏ ਇਕੱਤਰ ਕੀਤੇ ਗਏ ਹਨ। ਚੰਡੀਗੜ੍ਹ ਡਿਸਟੰਸ ਰਨਰਸ ਦੇ ਅਸ਼ੋਕ ਗਿਰੀ ਨੇ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੇ ਲੋਕਾਂ ਦਾ ਧਨਵਾਦ ਕੀਤਾ, ਜਿਨ੍ਹਾਂ ਇਸ ਦੌੜ ਵਿਚ ਹਿੱਸਾ ਲਿਆ ਜਾਂ ਜਿਨ੍ਹਾਂ ਇਨ੍ਹਾਂ ਪੈਸਿਆਂ ਦੇ ਵੱਲੋਂ ਸਹਿਯੋਗ ਦਿਤਾ। ਇਸ ਨੇਕ ਕੰਮ ਵਿਚ ਬ੍ਰਿਟਿਸ਼ ਸਕੂਲ, ਥਿਰਲ ਜੋਨ ਅਤੇ ਮੈਕਸ ਹਸਪਤਾਲ ਤੋਂ ਇਲਾਵਾ ਚੰਡੀਗੜ੍ਹ ਰਨਰਸ ਵੀਕੇਂਡ ਰਨਰਸ ਅਤੇ ਦਿ ਰਨ ਕਲੱਬ ਸਮੇਤ ਲੋਕਲ ਰਨਰਸ ਗਰੁਪ ਨੇ ਅਪਣਾ ਵਿਸ਼ੇਸ਼ ਸਹਿਯੋਗ ਦਿਤਾ।