ਹੁਣ ਉਸ ਦੇ ਖਿਲਾਫ ਮੁਕੱਦਮਾ ਚੱਲੇਗਾ
ਚੰਡੀਗੜ੍ਹ: ਜ਼ਿਲ੍ਹਾ ਅਦਾਲਤ ਦੇ ਏਐਸਜੇ ਜੈਬੀਰ ਸਿੰਘ ਨੇ ਗੋਲਡੀ ਬਰਾੜ ਦੇ ਭਰਾ (ਚਚੇਰੇ ਭਰਾ) ਗੁਰਲਾਲ ਬਰਾੜ ਕਤਲ ਕੇਸ ਵਿਚ ਲਾਰੈਂਸ ਗੈਂਗ ਦੇ ਐਂਟੀ ਗੈਂਗ ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਨੀਰਜ ਚਸਕਾ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ। ਨੀਰਜ ਚਸਕਾ ਖਿਲਾਫ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਅਸਲਾ ਐਕਟ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਹੁਣ ਉਸ ਦੇ ਖਿਲਾਫ ਮੁਕੱਦਮਾ ਚੱਲੇਗਾ।
ਇਹ ਵੀ ਪੜ੍ਹੋ: ਸਕੂਲ ਜਾਂਦੇ ਅਧਿਆਪਕਾਂ ਨਾਲ ਵਾਪਰਿਆ ਹਾਦਸਾ: ਗੱਡੀ ਅਤੇ ਬੱਸ ਦੀ ਟੱਕਰ, 4 ਦੀ ਮੌਤ
ਗੋਲਡੀ ਬਰਾੜ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਹੈ ਅਤੇ ਵਿਦੇਸ਼ ਵਿਚ ਹੈ। ਇਸ ਤੋਂ ਪਹਿਲਾਂ ਹਾਲ ਹੀ ਵਿਚ ਚੰਡੀਗੜ੍ਹ ਪੁਲਿਸ ਨੇ ਗੁਰਲਾਲ ਬਰਾੜ ਕਤਲ ਕੇਸ ਵਿਚ ਨੀਰਜ ਚਸਕਾ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਗੁਰਲਾਲ ਦੀ 10 ਅਕਤੂਬਰ 2020 ਨੂੰ ਦੇਰ ਸ਼ਾਮ ਇੰਡਸਟਰੀਅਲ ਏਰੀਆ, ਫੇਜ਼ 1, ਚੰਡੀਗੜ੍ਹ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰ ਮੋਟਰਸਾਈਕਲ 'ਤੇ ਸਵਾਰ ਸਨ। ਪੁਲਿਸ ਕੇਸ ਅਨੁਸਾਰ ਦਵਿੰਦਰ ਬੰਬੀਹਾ ਗੈਂਗ ਦੇ ਮੈਂਬਰਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ। ਇਹ ਕਤਲ ਸਿਟੀ ਐਂਪੋਰੀਅਮ ਮਾਲ ਦੇ ਸਾਹਮਣੇ ਹੋਇਆ।
ਇਹ ਵੀ ਪੜ੍ਹੋ: ਐਕਸ-ਇੰਡੀਆ ਲੀਵ ਨੂੰ ਲੈ ਕੇ ਨਿਯਮ ਸਖ਼ਤ: ਵਿਦੇਸ਼ ਜਾਣ ਲਈ ਛੁੱਟੀ ਮੰਗਣ ਸਮੇਂ ਸਬੂਤਾਂ ਸਮੇਤ ਦੱਸਣਾ ਹੋਵੇਗਾ ਕਾਰਨ
ਪੁਲਿਸ ਨੇ ਚਸਕਾ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਸੀ। ਉਸ ਵਿਰੁੱਧ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਸਨ। ਪੁਲਿਸ ਨੇ ਇਸ ਕਤਲ ਕੇਸ ਵਿਚ ਪਹਿਲਾਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹਨਾਂ ਵਿਚ ਗੁਰਵਿੰਦਰ ਸਿੰਘ ਉਰਫ਼ ਢਾਡੀ, ਗੁਰਮੀਤ ਸਿੰਘ ਉਰਫ਼ ਗੀਤਾ, ਦਿਲਪ੍ਰੀਤ ਸਿੰਘ ਉਰਫ਼ ਬਾਬਾ ਅਤੇ ਚਮਕੌਰ ਸਿੰਘ ਬੈਂਤ ਸ਼ਾਮਲ ਹਨ। ਉਹਨਾਂ ਖਿਲਾਫ ਪਹਿਲਾਂ ਹੀ ਚਾਰਜਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ: ਬਹੁ-ਵਿਆਹ, 'ਨਿਕਾਹ ਹਲਾਲਾ' ਪ੍ਰਥਾ 'ਤੇ ਸੁਣਵਾਈ ਲਈ ਹੋਵੇਗਾ ਨਵੀਂ ਬੈਂਚ ਦਾ ਗਠਨ
ਕਤਲ ਤੋਂ ਬਾਅਦ ਨੀਰਜ ਚਸਕਾ ਫਰਾਰ ਸੀ। ਉਹ ਮੂਲ ਰੂਪ ਵਿਚ ਫਰੀਦਕੋਟ ਦੇ ਜੈਤੋ ਦਾ ਰਹਿਣ ਵਾਲਾ ਹੈ। ਉਸ ਨੂੰ ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਗਈ। ਚਸਕਾ ਨੂੰ ਪਟਿਆਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ। ਪੁਲਿਸ ਕੇਸ ਮੁਤਾਬਕ ਗੁਰਲਾਲ ਬਰਾੜ ’ਤੇ ਦੋ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ। ਉਹ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟਸ ਆਰਗੇਨਾਈਜੇਸ਼ਨ (SOPU) ਦਾ ਸਾਬਕਾ ਪ੍ਰਧਾਨ ਵੀ ਸੀ।
ਇਹ ਵੀ ਪੜ੍ਹੋ: ਕਰਜ਼ੇ ਅਤੇ ਗ਼ਰੀਬੀ ਤੋਂ ਤੰਗ ਆਏ ਜੋੜੇ ਨੇ ਕੀਤੀ ਖ਼ੁਦਕੁਸ਼ੀ
ਸਿਟੀ ਐਂਪੋਰੀਅਮ ਸਥਿਤ ਪਲੇਬੁਆਏ ਕਲੱਬ 'ਚ ਵਾਲਿਟ ਪਾਰਕਿੰਗ ਦਾ ਕੰਮ ਕਰਨ ਵਾਲੇ ਡਰਾਈਵਰ ਵਿਕਾਸ ਤਿਵਾੜੀ ਦੇ ਬਿਆਨ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਸੀ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਘਟਨਾ ਸਮੇਂ ਪਿਸਤੌਲ ਨਾਲ ਲੈਸ ਦੋ ਹਮਲਾਵਰ ਸੈਂਟਰਾ ਮਾਲ ਵਾਲੇ ਪਾਸਿਓਂ ਪੈਦਲ ਆਏ ਅਤੇ ਫਾਰਚੂਨਰ ਕਾਰ 'ਚ ਬੈਠੇ ਵਿਅਕਤੀ 'ਤੇ ਗੋਲੀਆਂ ਚਲਾ ਦਿੱਤੀਆਂ, ਇਸ ਮਗਰੋਂ ਹਮਲਾਵਰ ਮੋਟਰਸਾਈਕਲ ਉੱਤੇ ਫਰਾਰ ਹੋ ਗਏ। ਹਾਲਾਂਕਿ ਤਿਵਾੜੀ ਇਸ ਮਾਮਲੇ ਵਿਚ ਆਪਣੇ ਪਹਿਲੇ ਬਿਆਨਾਂ ਤੋਂ ਪਿੱਛੇ ਹਟ ਗਿਆ ਸੀ। ਉਹ ਕਥਿਤ ਸ਼ੂਟਰ ਚਮਕੌਰ ਸਿੰਘ ਨੂੰ ਪਛਾਣ ਨਹੀਂ ਸਕਿਆ।