
ਛੋਟੇ ਸਰਦਾਰ ਨੇ ਅਪਣੇ ਮਾਪਿਆਂ ਦੇ ਨਾਲ-ਨਾਲ ਇਲਾਕੇ ਦਾ ਨਾਂਅ ਕੀਤਾ ਰੌਸ਼ਨ
ਫਤਿਹਗੜ੍ਹ ਸਾਹਿਬ: 9 ਸਾਲਾ ਹਰਵੀਰ ਸਿੰਘ ਨੇ ਅੰਗਰੇਜ਼ੀ ਟਾਈਪਿੰਗ (ਇਕ ਮਿੰਟ ’ਚ 45 ਸ਼ਬਦ) ਤੇ ਪੰਜਾਬੀ ਟਾਈਪਿੰਗ (ਇਕ ਮਿੰਟ ’ਚ 37 ਸ਼ਬਦ) ਕਰ ਕੇ ‘ਇਨਫਲੂਐਂਸਰ ਬੁੱਕ ਆਫ ਦਿ ਵਰਲਡ ਰਿਕਾਰਡ’ ’ਚ ਨਾਂਅ ਦਰਜ ਕਰਵਾਇਆ ਹੈ। ਹਮਾਯੂੰਪੁਰ, ਸਰਹਿੰਦ ਨਿਵਾਸੀ ਸੋਢੀ ਕਾਲੋਨੀ, ਵਾਰਡ ਨੰਬਰ 9 ਦੇ ਰਹਿਣ ਵਾਲੇ ਛੋਟੇ ਸਰਦਾਰ ਨੇ ਅਪਣੇ ਮਾਪਿਆਂ ਦੇ ਨਾਲ-ਨਾਲ ਇਲਾਕੇ ਦਾ ਨਾਂਅ ਦੁਨੀਆਂ ਭਰ ’ਚ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ: 2000 ਦੇ ਨੋਟਾਂ ਦੀ ‘ਨੋਟਬੰਦੀ’ ਵੀ ਪਿਛਲੀ ਨੋਟਬੰਦੀ ਵਾਂਗ ਕਾਹਲੀ ਵਿਚ ਨਹੀਂ ਲੈ ਲਈ ਗਈ?
ਦੱਸ ਦੇਈਏ ਕਿ ਹਰਵੀਰ ਸਿੰਘ ਚੌਥੀ ਕਲਾਸ ਦਾ ਵਿਦਿਆਰਥੀ ਹੈ। ‘ਇਨਫਲੂਐਂਸਰ ਬੁੱਕ ਆਫ ਦਿ ਵਰਲਡ ਰਿਕਾਰਡ’ ਦੇ ਪੰਜਾਬ ਦੇ ਇੰਚਾਰਜ ਉਪਾਸਨਾ ਨੇ ਦਸਿਆ ਕਿ ਇਸ ਤੋਂ ਵਧ ਸਪੀਡ ਵਾਲੇ ਵੀ ਬਹੁਤ ਲੋਕ ਮਿਲ ਜਾਣਗੇ ਪਰ ਹੁਣ ਤਕ 9 ਸਾਲ ਦੀ ਉਮਰ ’ਚ ਟਾਈਪਿੰਗ ਸਿੱਖ ਕੇ ਕਿਸੇ ਨੇ ਅਜਿਹਾ ਰਿਕਾਰਡ ਨਹੀਂ ਬਣਾਇਆ। ਉਨ੍ਹਾਂ ਦਸਿਆ ਕਿ ਹਰਵੀਰ ਸਿੰਘ ਦੇ ਪਿਤਾ ਹਰਪਾਲ ਸਿੰਘ ਸੋਢੀ ਦੇ ਨਾਂਅ ’ਤੇ ਵੀ ‘ਇੰਡੀਆ ਬੁੱਕ ਆਫ ਰਿਕਾਰਡ’ ’ਚ ਦੋ ਰਿਕਾਰਡ ਦਰਜ ਹਨ।
ਇਹ ਵੀ ਪੜ੍ਹੋ: ਸਿਵਲ ਸਰਵਿਸਜ਼ ਪ੍ਰੀਖਿਆ 2022 ’ਚ ਸੁਨਾਮ ਦੇ ਰੋਬਿਨ ਬਾਂਸਲ ਨੇ ਪ੍ਰਾਪਤ ਕੀਤਾ 135ਵਾਂ ਰੈਂਕ
ਇਨ੍ਹੀਂ ਦਿਨੀਂ ਉਹ ਸਿਹਤ ਵਿਭਾਗ ਦੇ ਨੈਸ਼ਨਲ ਹੈਲਥ ਮਿਸ਼ਨ ’ਚ ਬਤੌਰ ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਵਜੋਂ ਦਫ਼ਤਰ ਸਿਵਲ ਸਰਜਨ ਫਤਹਿਗੜ੍ਹ ਸਾਹਿਬ ਵਿਖੇ ਸੇਵਾਵਾਂ ਦੇ ਰਹੇ ਹਨ। ਜਦਕਿ ਹਰਵੀਰ ਦੇ ਮਾਤਾ ਹੇਮਲਤਾ, ਜੋ ਬਲਾਕ ਕੋਆਰਡੀਨੇਟਰ, ਪੋਸ਼ਣ ਅਭਿਆਨ, ਸੀ. ਡੀ. ਪੀ. ਓ. ਦਫ਼ਤਰ ਸਰਹਿੰਦ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਵਿਖੇ ਸੇਵਾਵਾਂ ਦੇ ਰਹੇ ਹਨ। ਹਰਵੀਰ ਦਾ ਕਹਿਣਾ ਹੈ ਕਿ ਹੁਣ ਉਹ ਤੀਜੀ ਭਾਸ਼ਾ ਹਿੰਦੀ ਦੀ ਟਾਈਪਿੰਗ ਸਿਖਣਾ ਚਾਹੁੰਦਾ ਹੈ ਅਤੇ ਇਹ ਟੀਚਾ ਵੀ ਜੂਨ ਦੀਆਂ ਛੁੱਟੀਆਂ ’ਚ ਪੂਰਾ ਕਰ ਲਵੇਗਾ।