
ਦੋਸ਼ੀ ਨੇ ਨਸ਼ਾ ਤਸਕਰੀ ਤੋਂ ਕਈ ਨਾਜਾਇਜ਼ ਜਾਇਦਾਦਾਂ ਵੀ ਬਣਾਈਆਂ ਹੋਈਆਂ ਹਨ।
ਲੁਧਿਆਣਾ: ਲੁਧਿਆਣਾ ਵਿੱਚ ਐਸਟੀਐਫ (ਸਪੈਸ਼ਲ ਟਾਸਕ ਫੋਰਸ) ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ, ਜਿਸ ਕੋਲੋਂ 2 ਕਿਲੋ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 8 ਤੋਂ 10 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਪੁਲਿਸ ਨੇ ਜਿਸ ਦੋਸ਼ ਨੂੰ ਫੜਿਆ ਹੈ ਉਸ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਦੋਸ਼ੀ ਨੇ ਨਸ਼ਾ ਤਸਕਰੀ ਤੋਂ ਕਈ ਨਾਜਾਇਜ਼ ਜਾਇਦਾਦਾਂ ਵੀ ਬਣਾਈਆਂ ਹੋਈਆਂ ਹਨ।
PHOTO
ਜਾਣਕਾਰੀ ਦਿੰਦਿਆਂ ਐਸਟੀਐਫ ਲੁਧਿਆਣਾ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤਾ ਸੂਚਨਾ ਮਿਲੀ ਸੀ। ਮੁਲਜ਼ਮ ਆਕਾਸ਼ ਚੋਪੜਾ ਉਰਫ ਹਨੀ ਵਾਸੀ ਮੁਹੱਲਾ ਗੁਰਮੇਲ ਪਾਰਕ ਟਿੱਬਾ ਰੋਡ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਦਾ ਧੰਦਾ ਕਰ ਰਿਹਾ ਸੀ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਹਨ।
ਪੁਲਿਸ ਨੂੰ ਸੂਚਨਾ ਮਿਲੀ ਕਿ ਦੋਸ਼ੀ ਨੇ ਅੱਜ ਆਪਣੀ ਐਕਟਿਵਾ 'ਤੇ ਤਾਜਪੁਰ ਰੋਡ ਤੋਂ ਵਰਧਮਾਨ ਚੌਕ ਤੋਂ ਗ੍ਰਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਲਈ ਮੋਤੀ ਨਗਰ ਜਾਣਾ ਹੈ। ਪੁਲਿਸ ਨੇ ਗਲਾਡਾ ਕਮਿਊਨਿਟੀ ਕਲੱਬ ਸੈਕਟਰ 39 ਦੇ ਨੇੜੇ ਆਕਾਸ਼ ਚੋਪੜਾ ਨੂੰ ਕਾਬੂ ਕਰ ਲਿਆ। ਜਦੋਂ ਮੁਲਜ਼ਮ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਨੇ ਉਸ ਦੀ ਐਕਟਿਵਾ ’ਚੋਂ 250 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰਿਕ ਸਟਿਕ ਅਤੇ ਪਲਾਸਟਿਕ ਦੇ ਪਾਊਚ ਬਰਾਮਦ ਕੀਤੇ।
ਜਦੋਂ ਪੁਲਿਸ ਆਕਾਸ਼ ਚੋਪੜਾ ਤੋਂ ਪੁੱਛਗਿੱਛ ਕਰਕੇ ਮੁਹੱਲਾ ਗੁਰਮੇਲ ਪਾਰਕ ਲੈ ਗਈ ਤਾਂ ਮੁਲਜ਼ਮ ਕੋਲੋਂ ਅਲਮਾਰੀ ਵਿੱਚ ਰੱਖੀ 800 ਗ੍ਰਾਮ ਹੈਰੋਇਨ ਅਤੇ 8 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਇਸ ਦੇ ਨਾਲ ਹੀ ਮੁਲਜ਼ਮ ਦੇ ਕਈ ਹੋਰ ਟਿਕਾਣਿਆਂ 'ਤੇ ਛਾਪੇਮਾਰੀ ਕਰਕੇ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਕੁੱਲ 2 ਕਿਲੋ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਜਦੋਂ ਐਸਟੀਐਫ ਟੀਮ ਨੇ ਆਕਾਸ਼ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਲਗਜ਼ਰੀ ਗੱਡੀਆਂ ਦਾ ਬਹੁਤ ਸ਼ੌਕੀਨ ਹੈ। ਪੁਲਿਸ ਨੇ ਜਦੋਂ ਮੁਲਜ਼ਮਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਤਾਂ ਪੁਲਿਸ ਨੂੰ ਕਈ ਲਗਜ਼ਰੀ ਗੱਡੀਆਂ, ਜੋ ਮੁਲਜ਼ਮ ਨੇ ਨਸ਼ਾ ਤਸਕਰੀ ਕਰਕੇ ਖਰੀਦੀਆਂ ਸਨ, ਬਰਾਮਦ ਹੋਈਆਂ। ਮੁਲਜ਼ਮ ਦੀਆਂ ਸਾਰੀਆਂ ਗੱਡੀਆਂ ਦੇ ਨੰਬਰ ਵੀ ਵੀ.ਆਈ.ਪੀ. ਹਨ। ਐਸਟੀਐਫ ਨੇ ਮੁਲਜ਼ਮਾਂ ਕੋਲੋਂ 8 ਕਾਰਾਂ, 3 ਮੋਟਰਸਾਈਕਲ ਅਤੇ ਤਿੰਨ ਸਕੂਟਰ ਬਰਾਮਦ ਕੀਤੇ ਹਨ। ਫਾਰਚੂਨਰ, ਸਵਿਫਟ, ਐਸੈਂਟ, ਮਰਸੀਡੀਜ਼, ਲੈਂਸਰ ਲਗਜ਼ਰੀ ਗੱਡੀਆਂ ਵਿੱਚ ਮਿਲੀਆਂ ਹਨ। ਸਵਿਫਟ, ਆਲਟੋ ਅਤੇ ਜਿਪਸੀ ਸਮੇਤ ਤਿੰਨ ਹੋਰ ਕਾਰਾਂ ਵੀ ਬਰਾਮਦ ਹੋਈਆਂ ਹਨ।